ਕਬਾਇਲੀਆਂ ਦੀ ਸਰਗਰਮ ਭੂਮਿਕਾ ਬਗ਼ੈਰ ਦੇਸ਼ ਦਾ ਵਿਕਾਸ ਅਸੰਭਵ: ਮੁਰਮੂ
ਭਿਲਾਈ, 26 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਬਾਇਲੀਆਂ ਤੋਂ ਕੁਦਰਤ ਨਾਲ ਇਕਸੁਰ ਹੋਣ ਦਾ ਹੁਨਰ ਸਿੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਬਾਇਲੀ ਭੈਣ-ਭਰਾਵਾਂ ਦੀ ਸਰਗਰਮ ਭਾਗੀਦਾਰੀ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਅੱਜ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ (ਆਈਆਈਟੀ-ਭਿਲਾਈ) ਦੀ ਤੀਸਰੀ ਤੇ ਚੌਥੀ ਸਾਂਝੀ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਟੈਕਨੋਲੋਜੀ ਜ਼ਰੀਏ ਕਬਾਇਲੀਆਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਸੰਸਥਾ ਦੇ ਯਤਨ ਦੀ ਪ੍ਰਸ਼ੰਸਾ ਕੀਤੀ।
ਰਾਸ਼ਟਰਪਤੀ ਨੇ ਕਿਹਾ, ‘‘ਛੱਤੀਸਗੜ੍ਹ ਦੀ ਧਰਤੀ ਕਬਾਇਲੀ ਸਭਿਆਚਾਰ ਅਤੇ ਰਵਾਇਤਾਂ ਨਾਲ ਭਰਪੂਰ ਹੈ। ਆਦਿਵਾਸੀ ਕੁਦਰਤ ਨੂੰ ਨੇੜੇ ਤੋਂ ਸਮਝਦੇ ਹਨ ਅਤੇ ਸਦੀਆਂ ਤੋਂ ਵਾਤਾਵਰਨ ਨਾਲ ਇਕਸੁਰਤਾ ਬਣਾ ਕੇ ਰੱਖ ਰਹੇ ਹਨ। ਆਦਿਵਾਸੀ ਭੈਣ-ਭਰਾ ਕੁਦਰਤੀ ਸ਼ੈਲੀ ਨਾਲ ਇਕੱਤਰ ਕੀਤੇ ਗਿਆਨ ਦਾ ਭੰਡਾਰ ਹਨ। ਇਨ੍ਹਾਂ ਨੂੰ ਸਮਝ ਕੇ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਸਿੱਖ ਕੇ ਅਸੀਂ ਭਾਰਤ ਦੇ ਟਿਕਾਊ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਾਂ।’’ -ਪੀਟੀਆਈ
ਰਾਸ਼ਟਰਪਤੀ ਮੁਰਮੂ ਜਗਨਨਾਥ ਮੰਦਰ ਵਿੱਚ ਨਤਮਸਤਕ
ਰਾਏਪੁਰ: ਰਾਸ਼ਟਰਪਤੀ ਦਰਪੋਦੀ ਮੁਰਮੂ ਨੇ ਅੱਜ ਸਵੇਰੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਭਗਵਾਨ ਜਗਨਨਾਥ ਮੰਦਰ ਵਿੱਚ ਪੂਜਾ ਕੀਤੀ। ਮੁਰਮੂ ਸ਼ੁੱਕਰਵਾਰ ਤੋਂ ਦੋ ਰੋਜ਼ਾ ਦੌਰੇ ’ਤੇ ਹਨ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਰਾਸ਼ਟਰਪਤੀ ਨੇ ਮੰਦਰ ਵਿੱਚ ਭਗਵਾਨ ਜਗਨਨਾਥ, ਬਲਭਦਰ ਜੀ ਅਤੇ ਸੁਭਦਰਾ ਜੀ ਦੀ ਪੂਜਾ ਕੀਤੀ ਅਤੇ ਦੇਸ਼ ਵਾਸੀਆਂ ਦੇ ਭਲੇ, ਖੁਸ਼ਹਾਲੀ ਅਤੇ ਪ੍ਰਗਤੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਰਾਜਪਾਲ ਰਮੇਨ ਡੇਕਾ, ਮੁੱਖ ਮੰਤਰੀ ਵਿਸ਼ਣੂ ਦੇਵ ਸਾਈ ਮੌਜੂਦ ਸਨ। ਸਾਲ 2000 ਵਿੱਚ ਛੱਤੀਸਗੜ੍ਹ ਸੂਬਾ ਬਣਨ ਤੋਂ ਤਿੰਨ ਸਾਲ ਮਗਰੋਂ ਸਾਲ 2003 ਵਿੱਚ ਇੱਥੇ ਪੁਰੀ (ਉੜੀਸਾ) ਦੇ ਜਗਨਨਾਥ ਮੰਦਰ ਵਾਂਗ ਭਗਵਾਨ ਜਗਨਨਾਥ ਮੰਦਰ ਬਣਾਇਆ ਗਿਆ। -ਪੀਟੀਆਈ