ਪੰਜਾਬ ਸਟੂਡੈਂਟਸ ਯੂਨੀਅਨ ਦਾ ਵਿਸਥਾਰਤ ਇਤਿਹਾਸ
ਡਾ. ਮੇਘਾ ਸਿੰਘ
ਇੱਕ ਪੁਸਤਕ - ਇੱਕ ਨਜ਼ਰ
ਪੁਸਤਕ ‘ਪੰਜਾਬ ਸਟੂਡੈਂਟਸ ਯੂਨੀਅਨ: ਇਤਿਹਾਸ ਦੀਆਂ ਝਲਕਾਂ’ (ਲੇਖਕ: ਅਜਾਇਬ ਸਿੰਘ ਟਿਵਾਣਾ; ਕੀਮਤ 660 ਰੁਪਏ; ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ) ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੌਰਾਨ ਪੰਜਾਬ ਦੀ ਸਿਰਮੌਰ ਵਿਦਿਆਰਥੀ ਜਥੇਬੰਦੀ ਰਹੀ ਪੀ.ਐਸ.ਯੂ. ਦੇ ਸ਼ਾਨਾਂਮੱਤੇ ਇਤਿਹਾਸ ਅਤੇ ਜਥੇਬੰਦਕ ਸਰਗਰਮੀਆਂ ਦਾ ਵਿਸਥਾਰਤ ਬਿਓਰਾ ਪੇਸ਼ ਕਰਨ ਵਾਲੀ ਇੱਕ ਮਹੱਤਵਪੂਰਨ ਕਿਤਾਬ ਹੈ। ਇਹ ਇਸ ਜਥੇਬੰਦੀ ਦੇ ਇਤਿਹਾਸ, ਸਰਗਰਮੀਆਂ, ਕਾਰਵਾਈਆਂ ਅਤੇ ਵਿਚਾਰਧਾਰਕ ਸਮਝ ਪੇਸ਼ ਕਰਨ ਵਾਲਾ ਇੱਕ ਅਹਿਮ ਦਸਤਾਵੇਜ਼ ਹੈ। ਪੀ.ਐਸ.ਯੂ. ਦੇ ਇੱਕ ਸਾਬਕਾ ਆਗੂ ਪ੍ਰੋ. ਅਜਾਇਬ ਸਿੰਘ ਟਿਵਾਣਾ ਨੇ ਇਸ ਵੱਡ-ਆਕਾਰੀ ਪੁਸਤਕ ਵਿੱਚ ਜਥੇਬੰਦੀ ਦੇ ਜਨਮ ਤੋਂ ਲੈ ਕੇ ਸਿਖਰ ਤੱਕ ਪਹੁੰਚਣ ਦੇ ਸੁਨਹਿਰੀ ਸਮੇਂ ਅਤੇ ਫਿਰ ਗੁੱਟਬੰਦੀਆਂ ਦਾ ਸ਼ਿਕਾਰ ਹੋ ਕੇ ਖੇਰੂੰ-ਖੇਰੂੰ ਹੋਣ ਤੱਕ ਦੇ ਸਫ਼ਰ ਦੌਰਾਨ ਆਏ ਹਰ ਉਤਰਾਅ-ਚੜ੍ਹਾਅ ਨੂੰ ਬਹੁਤ ਸਖ਼ਤ ਘਾਲਣਾ ਅਤੇ ਮਿਹਨਤ ਨਾਲ ਪੇਸ਼ ਕੀਤਾ ਹੈ।
ਪੀ.ਐਸ.ਯੂ. ਬਾਰੇ ਪ੍ਰੋ. ਟਿਵਾਣਾ ਦੇ ਇਸ ਖੋਜ ਕਾਰਜ ਤੋਂ ਪਹਿਲਾਂ ਇਸ ਜਥੇਬੰਦੀ ਦੇ ਕੁਝ ਸਾਬਕਾ ਆਗੂਆਂ ਜਿਵੇਂ ਬਿੱਕਰ ਸਿੰਘ ਕੰਮੇਆਣਾ (ਵਿਦਿਆਰਥੀ ਲਹਿਰ ਦਾ ਸੁਰਖ ਇਤਿਹਾਸ ਅਤੇ ਮੇਰੀ ਹੱਡ-ਬੀਤੀ, 1997), ਰਣਜੀਤ ਲਹਿਰਾ (ਜ਼ਿੰਦਗੀ ਦੇ ਰਾਹਾਂ ’ਤੇ, 2015), ਦਰਸ਼ਨ ਖਹਿਰਾ (ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ, 2018), ਸੁਖਦੇਵ ਸਿੰਘ ਪਾਂਧੀ (ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ-ਸੰਗ, 2019) ਅਤੇ ਸੁਰਜੀਤ ਸਿੰਘ ਸੰਧੂ (ਅਧੂਰਾ ਪੰਨਾ, 2021) ਨੇ ਵੀ ਪੀ.ਐਸ.ਯੂ. ਦੇ ਇਤਿਹਾਸ ਤੇ ਸਰਗਰਮੀਆਂ ਬਾਰੇ ਕਲਮ ਚਲਾਈ ਹੈ। ਮੁੱਢਲੇ ਤੇ ਮੋਹਰੀ ਯਤਨਾਂ ਵਜੋਂ ਇਹ ਪੁਸਤਕਾਂ ਵੀ ਕਾਫ਼ੀ ਅਹਿਮ ਹਨ, ਪਰ ਇਨ੍ਹਾਂ ਵਿੱਚ ਨਿੱਜੀ ਬਿਰਤਾਂਤ ਜ਼ਿਆਦਾ ਹੈ ਅਤੇ ਜਥੇਬੰਦਕ ਸਰਗਰਮੀਆਂ ਦੇ ਵੇਰਵਿਆਂ ਦੀ ਘਾਟ ਹੈ। ਪੀ.ਐਸ.ਯੂ. ਨਾਲ ਸਬੰਧਤ ਦਸਤਾਵੇਜ਼ ਵੀ ਇਨ੍ਹਾਂ ਵਿੱਚ ਨਦਾਰਦ ਹਨ। ਪ੍ਰੋ. ਟਿਵਾਣਾ ਵੱਲੋਂ ਲਿਖੀ ਗਈ ਇਹ ਪੁਸਤਕ ਇਨ੍ਹਾਂ ਦੋਸ਼ਾਂ ਤੋਂ ਕਾਫ਼ੀ ਹੱਦ ਤੱਕ ਮੁਕਤ ਹੈ। ਇਸ ਪੁਸਤਕ ਦਾ ਸਭ ਤੋਂ ਮਹੱਤਵਪੂਰਨ ਤੱਤ ਇਹ ਹੈ ਕਿ ਲੇਖਕ ਨੇ ਸਖ਼ਤ ਮਿਹਨਤ ਅਤੇ ਖੋਜ ਕਰਕੇ ਇਸ ਵਿੱਚ ਪੀ.ਐਸ.ਯੂ. ਦੇ ਇਤਿਹਾਸ ਅਤੇ ਘਟਨਾਵਾਂ ਬਾਰੇ ਤੱਥਾਂ ਆਧਾਰਿਤ ਵੇਰਵੇ ਦਰਜ ਕੀਤੇ ਹਨ। ਇਸ ਕਾਰਜ ਲਈ ਲੇਖਕ ਨੇ ਪੀ.ਐਸ.ਯੂ. ਦੇ ਸਮੇਂ-ਸਮੇਂ ਸਰਗਰਮ ਰਹੇ ਆਗੂਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਹੋਰ ਵਿਦਿਆਰਥੀ ਕਾਰਕੁਨਾਂ ਤੱਕ ਨਿੱਜੀ ਪਹੁੰਚ ਕਰਕੇ ਤੱਥ ਅਤੇ ਵੇਰਵੇ ਇਕੱਤਰ ਕੀਤੇ ਹਨ। ਇਸ ਤੋਂ ਇਲਾਵਾ ਅਖ਼ਬਾਰਾਂ, ਮੈਗਜ਼ੀਨਾਂ ਅਤੇ ਪ੍ਰਕਾਸ਼ਿਤ ਦਸਤਾਵੇਜ਼ਾਂ ਦੀ ਵੀ ਸਹਾਇਤਾ ਲਈ ਹੈ। ਇਸ ਤਰ੍ਹਾਂ ਪ੍ਰੋ. ਟਿਵਾਣਾ ਨੇ ਸਖ਼ਤ ਮਿਹਨਤ ਅਤੇ ਸਬਰ-ਸਿਦਕ ਨਾਲ ਇਹ ਸਮੱਗਰੀ ਇਕੱਠੀ ਕਰ ਕੇ ਪੁਸਤਕ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕੀਤੀ ਹੈ।
ਲੇਖਕ ਨੇ ਇਸ ਪੁਸਤਕ ਵਿੱਚ ਸ਼ਾਮਲ ਕੀਤੀ ਗਈ ਸਮੱਗਰੀ ਨੂੰ ਕਾਲ-ਕ੍ਰਮਿਕ ਤਰਤੀਬ ਨਾਲ ਦਸ ਭਾਗਾਂ ਵਿੱਚ ਵੰਡਦਿਆਂ ਸਮੁੱਚੇ ਅਧਿਐਨ ਨੂੰ 51 ਵਿਸ਼ੇਸ਼ ਨੁਕਤਿਆਂ ਉੱਤੇ ਆਧਾਰਿਤ ਕੀਤਾ ਹੈ। ਅੰਤਿਕਾ ਵਿੱਚ ਵਿਦਿਆਰਥੀ ਲਹਿਰ ਸਾਹਮਣੇ ਚੁਣੌਤੀਪੂਰਨ ਕੁਝ ਸੁਆਲ ਰੱਖਣ ਦੇ ਨਾਲ-ਨਾਲ ਪੀ.ਐਸ.ਯੂ. ਦੇ ਇਤਿਹਾਸ ਨਾਲ ਸਬੰਧਤ ਮੁੱਖ ਘਟਨਾਵਾਂ ਅਤੇ ਤਾਰੀਖ਼ਾਂ ਉੱਤੇ ਪੰਛੀ ਝਾਤ ਪਾਈ ਗਈ ਹੈ। ਦਸਤਾਵੇਜ਼ੀ ਸ੍ਰੋਤਾਂ ਦੀ ਸੂਚੀ ਇਸ ਪੁਸਤਕ ਦਾ ਇੱਕ ਹੋਰ ਵਿਸ਼ੇਸ਼ ਹਾਸਲ ਹੈ। ਪੀ.ਐਸ.ਯੂ. ਦੇ ਪਹਿਲੇ ਸ਼ਹੀਦ ਜਗਤਾਰ ਸਿੰਘ ਬਾਰੇ ਇੱਕ ਵਿਸ਼ੇਸ਼ ਰਿਪੋਰਟ ਦੇ ਨਾਲ-ਨਾਲ ਕੁਝ ਆਗੂਆਂ ਅਤੇ ਸਰਗਰਮੀਆਂ ਦੀਆਂ ਤਸਵੀਰਾਂ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।
ਪੁਸਤਕ ਦੇ ਪਹਿਲੇ ਅਧਿਆਇ ਵਿੱਚ ਪੀ.ਐਸ.ਯੂ. ਦੇ 1964 ਤੋਂ 1969 ਤੱਕ ਦੇ ਮੁੱਢਲੇ ਦੌਰ ਦਾ ਜ਼ਿਕਰ ਕੀਤਾ ਗਿਆ ਹੈ ਜਦੋਂਕਿ ਦੂਜੇ ਅਧਿਆਇ ਵਿੱਚ ਪੀ.ਐਸ.ਯੂ. ਦੀ ਮੁੜ ਸੁਰਜੀਤੀ, ਮੋਗਾ ਗੋਲੀ ਕਾਂਡ ਘੋਲ, ਜਥੇਬੰਦੀ ਦੀ ਚੜ੍ਹਤ ਅਤੇ ਅੰਦਰੂਨੀ ਸੰਕਟ ਦੇ ਦੌਰ ਨੂੰ ਬਿਆਨ ਕੀਤਾ ਗਿਆ ਹੈ। ਤੀਜੇ ਭਾਗ ਵਿੱਚ ਪੀ.ਐਸ.ਯੂ. (ਸੂਬਾ ਜਥੇਬੰਦਕ ਕਮੇਟੀ-ਕੰਮੇਆਣਾ) ਦੀਆਂ ਲਿਖਤਾਂ ਨੂੰ ਅਤੇ ਚੌਥੇ ਭਾਗ ਵਿੱਚ ਐਮਰਜੈਂਸੀ ਦੇ ਦੌਰ ਅਤੇ ਐਮਰਜੈਂਸੀ ਤੋਂ ਬਾਅਦ ਪੀ.ਐਸ.ਯੂ. ਰੰਧਾਵਾ ਦੀਆਂ ਸਰਗਰਮੀਆਂ ਨੂੰ ਦਰਜ ਕੀਤਾ ਗਿਆ ਹੈ। ਛੇਵੇਂ ਅਧਿਆਇ ਵਿੱਚ ਵਿਦਿਆਰਥੀ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਸ਼ਹਾਦਤ ਅਤੇ ਉਸ ਉਪਰੰਤ ਪੈਦਾ ਹੋਏ ਹਾਲਾਤ ਵਿੱਚ ਪੀ.ਐਸ.ਯੂ. ਦੀਆਂ ਸਰਗਰਮੀਆਂ ਨੂੰ ਕਲਮਬੰਦ ਕੀਤਾ ਗਿਆ ਹੈ। ਸੱਤਵੇਂ ਅਧਿਆਇ ਵਿੱਚ ਪੀ.ਐਸ.ਯੂ. ਵਿੱਚ ਫੁੱਟ ਦਰ ਫੁੱਟ ਨੂੰ ਬਿਆਨ ਕੀਤਾ ਗਿਆ ਹੈ। ਅੱਠਵੇਂ ਕਾਂਡ ਵਿੱਚ 1980-81 ਦੇ ਬੱਸ ਕਿਰਾਇਆ ਘੋਲ ਦੀਆਂ ਸਰਗਰਮੀਆਂ ਨੂੰ ਦਰਜ ਕੀਤਾ ਗਿਆ ਹੈ। ਨੌਵੇਂ ਭਾਗ ਵਿੱਚ ਵਿਦਿਆਰਥੀ ਅਤੇ ਨੌਜਵਾਨ ਫ਼ਰੰਟ ਉੱਤੇ ਆਈ ਇੱਕ ਨਵੀਂ ਸਮਝ ਦੇ ਪ੍ਰਸੰਗ ਵਿੱਚ ਕਮਿਊਨਿਸਟ ਯੂਥ ਲੀਗ ਦੀ ਸਥਾਪਨਾ, ਸਰਗਰਮੀਆਂ ਅਤੇ ਵਿਦਿਆਰਥੀ ਤੇ ਨੌਜਵਾਨ ਲਹਿਰ ਦੀ ਇਨਕਲਾਬੀ ਮਾਰਗ ਸੇਧ ਅਤੇ ਪੰਜਾਬ ਦੀ ਵਿਦਿਆਰਥੀ ਲਹਿਰ ਉੱਤੇ ਇੱਕ ਪੜਚੋਲਵੀਂ ਝਾਤ ਪਾਈ ਗਈ ਹੈ। ਇਸੇ ਕਾਂਡ ਵਿੱਚ ਲੇਖਕ, ਜੋ ਉਸ ਸਮੇਂ ਇਨ੍ਹਾਂ ਜਥੇਬੰਦੀਆਂ ਦਾ ਸਰਗਰਮ ਆਗੂ ਸੀ, ਦੀ ਗ੍ਰਿਫ਼ਤਾਰੀ ਅਤੇ ਜੇਲ੍ਹ ਯਾਤਰਾ ਦਾ ਵਰਣਨ ਵੀ ਹੈ। ਪੁਸਤਕ ਦੇ ਆਖ਼ਰੀ ਦਸਵੇਂ ਅਧਿਆਇ ਵਿੱਚ ਸਾਲ 1983 ਤੋਂ ਲੈ ਕੇ 1987 ਤੱਕ ਵੱਖ-ਵੱਖ ਸਮੇਂ ਬਣੀਆਂ ਪੰਜ ਸਾਂਝੀਆਂ ਕਮੇਟੀਆਂ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਦੇ ਵੇਰਵੇ ਹਨ। ਲੇਖਕ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਕਾਲੇ ਦੌਰ ਵਿੱਚੋਂ ਗੁਜ਼ਰ ਰਹੇ ਪੰਜਾਬ ਦੇ ਨਾਜ਼ੁਕ ਸਮੇਂ ਖੱਬੇਪੱਖੀ ਧਿਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬਣਾਈਆਂ ਸਾਂਝੀਆਂ ਕਮੇਟੀਆਂ ਲੋਕਾਂ ਨੂੰ ਹਾਂ-ਪੱਖੀ ਦਿਸ਼ਾ ਦੇਣ ਵਿੱਚ ਅਸਫਲ ਰਹੀਆਂ। ਸਿੱਟੇ ਵਜੋਂ ਪੰਜਾਬ ਵਿੱਚ ਖੱਬੇ-ਪੱਖੀ ਧਿਰਾਂ ਤੇ ਜਥੇਬੰਦੀਆਂ ਦਾ ਘੇਰਾ ਅਤੇ ਸਮਰੱਥਾ ਸੀਮਤ ਹੋ ਕੇ ਰਹਿ ਗਈ। ਆਪਣੀ ਸੀਮਤ ਸਮਰੱਥਾ ਦੇ ਬਾਵਜੂਦ ਇਨ੍ਹਾਂ ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦਾ ਵੇਰਵਾ ਇਸ ਕਾਂਡ ਵਿੱਚ ਦਰਜ ਹੈ।
ਇਹ ਪੁਸਤਕ ਪੀ.ਐਸ.ਯੂ. ਦੇ ਇਤਿਹਾਸ ਅਤੇ ਪੰਜਾਬ ਦੀ ਖੱਬੇ-ਪੱਖੀ ਲਹਿਰ ਦੀਆਂ ਸਰਗਰਮੀਆਂ ਉੱਤੇ ਝਾਤ ਮਾਰਨ ਦੇ ਨਾਲ-ਨਾਲ 1968 ਤੋਂ 1990 ਤੱਕ ਦੇ ਪੰਜਾਬ ਦੇ ਸਿਆਸੀ ਹਾਲਾਤ ਉੱਤੇ ਵੀ ਕੁਝ ਹੱਦ ਤੱਕ ਚਾਨਣਾ ਪਾਉਂਦੀ ਹੈ। ਇਸ ਪ੍ਰਸੰਗ ਵਿੱਚ ਇਹ ਪੁਸਤਕ ਇਸ ਸਮੇਂ ਦੇ ਪੰਜਾਬ ਦੇ ਸਿਆਸੀ ਹਾਲਾਤ, ਵਿਸ਼ੇਸ਼ ਕਰਕੇ ਖੱਬੇ-ਪੱਖੀ ਧਿਰਾਂ ਦੀ ਸਿਆਸਤ ਨੂੰ ਸਮਝਣ ਲਈ ਇੱਕ ਅਹਿਮ ਦਸਤਾਵੇਜ਼ ਵੀ ਹੈ। ਇਸ ਤੋਂ ਇਲਾਵਾ ਇਹ ਪੁਸਤਕ ਭਵਿੱਖ ਵਿੱਚ ਪੰਜਾਬ ਦੀ ਵਿਦਿਆਰਥੀ ਲਹਿਰ/ਖੱਬੇ ਪੱਖੀ ਵਿਦਿਆਰਥੀ ਲਹਿਰ ਬਾਰੇ ਖੋਜ ਕਰਨ ਵਾਲੇ ਖੋਜਾਰਥੀਆਂ ਨੂੰ ਲੋੜੀਂਦੇ ਤੱਥ ਮੁਹੱਈਆ ਕਰਵਾਉਣ ਦਾ ਇੱਕ ਅਹਿਮ ਸ੍ਰੋਤ ਬਣੇਗੀ। ਭਾਵੇਂ ਲੇਖਕ ਨੇ ਨਿਰਪੱਖ ਰਹਿ ਕੇ ਪੂਰੀ ਤਨਦੇਹੀ ਨਾਲ ਇਹ ਵੱਡਾ ਕਾਰਜ ਕੀਤਾ ਹੈ, ਪਰ ਫਿਰ ਵੀ ਕੁਝ ਧਿਰਾਂ ਦੇ ਰੋਲ ਨੂੰ ਥੋੜ੍ਹਾ-ਬਹੁਤਾ ਛੁਟਿਆਇਆ ਜਾਂ ਵਡਿਆਇਆ ਜਾਣਾ ਸੁਭਾਵਿਕ ਹੈ। ਉਦਾਹਰਨ ਵਜੋਂ ਪੁਸਤਕ ਵਿੱਚ ਬੱਸ ਕਿਰਾਇਆ ਘੋਲ ਦਾ ਵਰਣਨ ਪੇਸ਼ ਕਰਦਿਆਂ ਐੱਸ.ਡੀ. ਕਾਲਜ ਬਰਨਾਲਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਦੇ ਵਿਦਿਆਰਥੀਆਂ ਵੱਲੋਂ ਪੀ.ਐਸ.ਯੂ. ਰੰਧਾਵਾ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਸਰਗਰਮੀਆਂ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਗਈ ਜਾਪਦੀ। ਕੁੱਲ ਮਿਲਾ ਕੇ ਪੀ.ਐਸ.ਯੂ. ਦੇ ਸ਼ਾਨਾਂਮੱਤੇ ਇਤਿਹਾਸ ਅਤੇ ਸਰਗਰਮੀਆਂ ਬਾਰੇ ਇਹ ਮਹੱਤਵਪੂਰਨ ਦਸਤਾਵੇਜ਼ ਹੈ।
ਸੰਪਰਕ: 97800-36137