ਨਸ਼ਿਆਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੀ ਬਰਬਾਦੀ
ਮੋਹਨ ਸ਼ਰਮਾ
ਕਿਸੇ ਵਿਦਵਾਨ ਦੇ ਬੋਲ ਹਨ, “ਜ਼ੁਲਮ ਸਹਿੰਦੀ ਖਾਮੋਸ਼ੀ ਦਾ ਧਮਾਕਾ ਕਈ ਵਾਰ ਘਰ ਦੀਆਂ ਨੀਹਾਂ ਹਿਲਾ ਦਿੰਦਾ ਹੈ।” ਦਿਲ ’ਤੇ ਹੱਥ ਧਰ ਕੇ ਸੋਚੀਏ, ਜਿਨ੍ਹਾਂ ਘਰਾਂ ਅੰਦਰ ਨਸ਼ਿਆਂ ਕਾਰਨ ਸੱਥਰ ਵਿਛਦੇ ਨੇ, ਜਿਨ੍ਹਾਂ ਘਰਾਂ ਦੇ ਮਾਪੇ ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਨੇ, ਜਿਨ੍ਹਾਂ ਮਾਪਿਆਂ ਦੇ ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ਕਿਤੇ ਝਾੜੀਆਂ ’ਚੋਂ ਕਿਤੇ ਸੜਕਾਂ ਤੇ ਕਿਤੇ ਬਾਥਰੂਮਾਂ ਵਿੱਚ, ਕਿਤੇ ਸੁੰਨ-ਮਸਾਨ ਖੋਲ੍ਹਿਆਂ ’ਚੋਂ, ਕਿਤੇ ਸਟੇਡੀਅਮਾਂ ’ਚੋਂ ਨਸ਼ੇ ਦੀ ਓਵਰਡੋਜ਼ ਕਾਰਨ ਮਿਲਦੀਆਂ ਹਨ, ਉਨ੍ਹਾਂ ਮਾਪਿਆਂ ਦੇ ਕੀਰਨੇ ਤਾਂ ਪੱਥਰਾਂ ਨੂੰ ਵੀ ਰੁਆਉਣ ਵਾਲੇ ਹੁੰਦੇ। ਭਲਾ ਵਕਤ ਦੇ ਮਾਰੇ ਇਨ੍ਹਾਂ ਮਾਪਿਆਂ ਦੀਆਂ ਆਹਾਂ ਦਾ ਸੇਕ ਉਨ੍ਹਾਂ ਦਰਿੰਦਿਆਂ ਤੱਕ ਨਹੀਂ ਪਹੁੰਚਦਾ ਜੋ ਘਰਾਂ ਵਿੱਚ ਸੱਥਰ ਵਿਛਾਉਣ ਦਾ ਕਾਰਨ ਬਣਦੇ ਨੇ?
ਦਰਅਸਲ, ਬਹੁਤ ਸਾਰੇ ਲੋਕ ਪਦਾਰਥਕ ਦੌੜ ਦਾ ਸ਼ਿਕਾਰ ਹੋ ਕੇ ਅਜਿਹੇ ਮਾੜੇ ਕੰਮ ਕਰਦੇ ਜਿਨ੍ਹਾਂ ਨਾਲ ਉਨ੍ਹਾਂ ਕੋਲ ਬੇਪਨਾਹ ਦੌਲਤ ਆ ਸਕਦੀ ਹੈ, ਐਸ਼ੋ-ਇਸ਼ਰਤ ਦਾ ਸਮਾਨ ਆ ਸਕਦਾ ਹੈ, ਬਹੁ-ਮੰਜਿ਼ਲੀ ਕੋਠੀਆਂ, ਜ਼ਮੀਨਾਂ ਅਤੇ ਹੋਰ ਕੀਮਤੀ ਜਾਇਦਾਦ ਹਿੱਸੇ ਆ ਸਕਦੀ ਹੈ ਤੇ ਆਉਂਦੀ ਵੀ ਹੈ ਪਰ ਅਜਿਹੇ ਲੋਕਾਂ ਦਾ ਮਾਨਸਿਕ ਸਕੂਨ, ਸਵੈ-ਮਾਣ, ਅਣਖ, ਇਜ਼ਤ, ਸਮਾਜਿਕ ਰੁਤਬਾ ਅਤੇ ਸੁਖਚੈਨ ਗੁੰਮ ਜਾਂਦਾ ਹੈ। ਅਜਿਹੀਆਂ ਕਿੰਨੀਆਂ ਹੀ ਉਦਾਹਰਨਾਂ ਸਾਡੇ ਸਾਹਮਣੇ ਹਨ।
ਪਹਿਲਵਾਨੀ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਪਛਾਣ ਬਣਾਉਣ ਵਾਲਾ ਅਰਜੁਨ ਇਨਾਮ ਜੇਤੂ ਜਗਦੀਸ਼ ਭੋਲਾ ਪੁਲੀਸ ਵਿਭਾਗ ਵਿੱਚ ਡੀਐੱਸਪੀ ਦੇ ਵਕਾਰੀ ਅਹੁਦੇ ’ਤੇ ਤਾਇਨਾਤ ਸੀ। ਸ਼ੁਹਰਤ, ਅਹੁਦਾ ਤੇ ਸ਼ਾਹੀ ਠਾਠ ਉਹਦੇ ਹਿੱਸੇ ਆਏ ਪਰ ਪਦਾਰਥਕ ਦੌੜ ਨੇ ਉਸ ਨੂੰ ਨਸ਼ਾ ਤਸਕਰੀ ਵੱਲ ਧੱਕ ਦਿੱਤਾ ਤੇ ਆਖਿ਼ਰਕਾਰ ਉਹ ਅਰਸ਼ ਤੋਂ ਫਰਸ਼ ’ਤੇ ਆ ਗਿਆ। ਦਹਾਕੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ। ਪਿਛਲੇ ਦਿਨੀਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਸਖ਼ਤ ਪਹਿਰੇ ਵਿੱਚ ਪੈਰੋਲ ’ਤੇ ਆਇਆ; ਇਸ ਤੋਂ ਪਹਿਲਾਂ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਵੀ ਉਸ ਨੂੰ ਕੁਝ ਘੰਟਿਆਂ ਦੀ ਛੁੱਟੀ ਮਿਲੀ ਸੀ। ਹੁਣ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਥੇ ਹੀ ਬੱਸ ਨਹੀਂ, ਉਸ ਦੇ ਸਹੁਰੇ ਅਤੇ ਪਤਨੀ ਨੂੰ ਵੀ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਹੈ। ਨਸਿ਼ਆਂ ਦੇ ਧੰਦੇ ਨੇ ਉਸ ਦੇ ਜੀਵਨ ਨੂੰ ਹੀ ਖੇਰੂੰ-ਖੇਰੂੰ ਨਹੀਂ ਕੀਤਾ, ਪਰਿਵਾਰਕ ਜੀਆਂ ਨੂੰ ਵੀ ਸੇਕ ਝੱਲਣਾ ਪਿਆ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਣੋ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਇਸ ਧੰਦੇ ਵਿੱਚ ਕੋਠੀਆਂ ਉਸਾਰੀਆਂ, ਹਰ ਤਰ੍ਹਾਂ ਦਾ ਸੁੱਖ-ਸਹੂਲਤ ਦਾ ਸਮਾਨ ਵਿਸ਼ਾਲ ਕੋਠੀ ਦਾ ਸ਼ਿੰਗਾਰ ਬਣਿਆ। ਪੈਸੇ ਦੇ ਜ਼ੋਰ ਨਾਲ ਸਿਆਸਤਦਾਨਾਂ ਨਾਲ ਰਿਸ਼ਤਿਆਂ ਦੀ ਗੰਢ-ਤੁੱਪ ਕਰ ਕੇ ਚੰਮ ਦੀਆਂ ਚਲਾਈਆਂ ਪਰ ਹੁਣ ਜੇਲ੍ਹ ’ਚ ਬੰਦ ਹੈ। ਨਸ਼ੇ ਦੀ ਕਮਾਈ ਨੇ ਮਾਨਸਿਕ, ਸਮਾਜਿਕ ਜਾਂ ਪਰਿਵਾਰਕ ਸੁੱਖ ਦਿੱਤਾ?
13 ਜੂਨ 2017 ਨੂੰ ਐੱਸਟੀਐੱਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿੱਚ ਪੁਲੀਸ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦਰਮਿਆਨ ਉਸ ਦੀ ਕੋਠੀ ਵਿੱਚੋਂ 10.50 ਲੱਖ ਨਕਦ, 3500 ਪੌਂਡ, ਚਾਰ ਕਿੱਲੋ ਹੈਰੋਇਨ ਅਤੇ ਤਿੰਨ ਕਿੱਲੋ ਸਮੈਕ ਦੇ ਨਾਲ-ਨਾਲ ਦੋ ਏਕੇ-47 ਰਾਈਫਲਾਂ ਵੀ ਬਰਾਮਦ ਕੀਤੀਆਂ। ਇੰਦਰਜੀਤ ਸਿੰਘ ਤੋਂ ਪੁੱਛ-ਗਿੱਛ ਉਪਰੰਤ ਸਾਹਮਣੇ ਆਇਆ ਕਿ ਮੋਗਾ ਜਿ਼ਲ੍ਹੇ ਦੇ ਐੱਸਐੱਸਪੀ ਦੀ ਸਰਪ੍ਰਸਤੀ ਹੇਠ ਜਿੱਥੇ ਉਹ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਨਾਲ ਅੰਨ੍ਹੀ ਕਮਾਈ ਕਰਦਾ ਰਿਹਾ, ਉਥੇ ਇਸ ਕਮਾਈ ਦਾ ਵੱਡਾ ਹਿੱਸਾ ਐੱਸਐੱਸਪੀ ਤੇ ਪੁਲੀਸ ਦੇ ਹੋਰ ਉੱਚ ਅਧਿਕਾਰੀਆਂ ਕੋਲ ਪਹੁੰਚਦਾ ਰਿਹਾ। ਇੰਦਰਜੀਤ ਸਿੰਘ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ, ਐੱਸਐੱਸਪੀ ਦੀ ਕਾਰਗੁਜ਼ਾਰੀ ਸਬੰਧੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਪੈਸ਼ਲ ਐੱਸਆਈਟੀ ਬਣਾਈ ਗਈ। ਐੱਸਆਈਟੀ ਦੀ ਰਿਪੋਰਟ ਅਨੁਸਾਰ ਐੱਸਐੱਸਪੀ ਨੇ ਅਨੇਕ ਬੇਨਿਯਮੀਆਂ ਦੇ ਨਾਲ-ਨਾਲ ਨਸ਼ੇ ਦੇ ਤਸਕਰਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਕੇ ਨਸ਼ਿਆਂ ਦੇ ਧੰਦੇ ਨੂੰ ਵਧਣ ਫੁੱਲਣ ਵਿੱਚ ‘ਯੋਗਦਾਨ’ ਪਾਇਆ। ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਨੇ ਐੱਸਐੱਸਪੀ ਰਾਜਦੀਪ ਸਿੰਘ ਹੁੰਦਲ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ, ਨਾਲ ਹੀ ਉਸ ’ਤੇ ਭ੍ਰਿਸ਼ਟ ਅਤੇ ਆਮਦਨ ਤੋਂ ਵੱਧ ਨਾਜਾਇਜ਼ ਜਾਇਦਾਦ ਬਣਾਉਣ ਦੇ ਆਧਾਰ ’ਤੇ ਕੇਸ ਵੀ ਦਰਜ ਕੀਤਾ ਗਿਆ। ਗ੍ਰਿਫਤਾਰੀ ਤੋਂ ਬਚਣ ਲਈ ਇਹ ਐੱਸਐੱਸਪੀ ਕਿੰਨੀ ਦੇਰ ਰੂਪੋਸ਼ ਰਿਹਾ ਅਤੇ ਜ਼ਮਾਨਤ ਲਈ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਰਿਹਾ। ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵੱਈ ਅਤੇ ਜਸਟਿਸ ਪੀਕੇ ਮਿਸ਼ਰਾ ਦੀ ਇਹ ਟਿੱਪਣੀ ਪੁਲੀਸ ਵਿਭਾਗ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ, “ਨਸ਼ਿਆਂ ਦੇ ਧੰਦੇ ਵਿੱਚ ਪੁਲੀਸ ਦੀ ਮਿਲੀਭੁਗਤ ਸ਼ਰਮਸਾਰ ਕਾਰਜ ਹੈ।” ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਦੀ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਦਾ ਆਪਣਾ ਹਸ਼ਰ ਕਿਹੋ ਜਿਹਾ ਹੈ?
ਪਿਛਲੇ ਦਿਨੀਂ ਅੰਮ੍ਰਿਤਸਰ ਜਿ਼ਲ੍ਹੇ ਦੇ ਇੱਕ ਪਿੰਡ ਵਿੱਚ ਕਾਂਡ ਵਾਪਰਿਆ। ਬਾਪ ਦੇ ਕਦਮਾਂ ’ਤੇ ਚਲਦਿਆਂ ਉਸ ਦੇ ਤਿੰਨ ਪੁੱਤਰ ਅਤੇ ਪਤਨੀ ਵੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਅੰਨ੍ਹੀ ਕਮਾਈ ਕਰਨ ਲੱਗ ਪਏ। ਪੁੱਤਰਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਐੱਨਡੀਪੀਐੱਸ ਐਕਟ ਅਧੀਨ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਘਰ ਵਿੱਚ ਖੁੱਲ੍ਹਾ ਨਸ਼ਾ ਹੋਣ ਕਾਰਨ ਦੂਜਾ ਪੁੱਤਰ ਨਸ਼ੇ ਦੀ ਦਲਦਲ ਵਿੱਚ ਧਸ ਗਿਆ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ। ਤੀਜੇ ਪੁੱਤਰ ਦਾ ਆਪਣੇ ਬਾਪ ਤੇ ਮਾਂ ਨਾਲ ਨਸ਼ੇ ਦੀ ਕਮਾਈ ਦੌਲਤ ਦੀ ਵੰਡ-ਵੰਡਾਈ ’ਤੇ ਝਗੜਾ ਹੋ ਗਿਆ ਅਤੇ ਉਸ ਨੇ ਗੋਲੀ ਚਲਾ ਕੇ ਬਾਪ, ਮਾਂ ਤੇ ਭਰਜਾਈ ਨੂੰ ਮਾਰ ਦਿੱਤਾ। ਵਿਸ਼ਾਲ ਹਵੇਲੀ ਸੁੰਨੀ ਹੋ ਗਈ।
ਸੋਸ਼ਲ ਮੀਡੀਆ ’ਤੇ ਰਿਟਾਇਰਡ ਪੁਲੀਸ ਅਧਿਕਾਰੀ ਦਾ ਆਪਣੇ ਪੁੱਤਰ ਦੇ ਨਾਂ ਲਿਖਿਆ ਖ਼ਤ ਚਰਚਾ ਦਾ ਵਿਸ਼ਾ ਬਣਿਆ। ਉਸ ਨੇ ਆਪਣੇ ਨਸ਼ਈ ਪੁੱਤਰ ਨੂੰ ਖ਼ਤ ਲਿਖਦਿਆਂ ਪਛਤਾਵਾ ਕੀਤਾ। ਉਸ ਨੇ ਲਿਖਿਆ ਕਿ ਨਸ਼ੇ ਦੇ ਸੌਦਾਗਰਾਂ ਦੀ ਅੰਨ੍ਹੀ ਕਮਾਈ ਦਾ ਹਿੱਸਾ ਮੈਂ ਵੀ ਲੈਂਦਾ ਰਿਹਾ ਅਤੇ ਨਸ਼ਾ ਤਸਕਰਾਂ ਦੀ ਲਗਾਮ ਖੁੱਲ੍ਹੀ ਛੱਡ ਕੇ ਕਿੰਨੇ ਹੀ ਘਰਾਂ ਦੇ ਚਿਰਾਗ ਬੁਝ ਗਏ। ਉਨ੍ਹਾਂ ਦੀਆਂ ਆਹਾਂ ਦਾ ਸੇਕ ਆਪਣੇ ਘਰ ਵੀ ਪਹੁੰਚ ਗਿਆ ਹੈ।
ਬਿਨਾਂ ਸ਼ੱਕ ਪੰਜਾਬ ਕਈ ਸਾਲਾਂ ਤੋਂ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਜਦੋਂ ਅਸੀਂ ਲੀਡਰਾਂ ਦੇ ਮਨ ਲੁਭਾਊ ਬਿਆਨ ਸੁਣਦੇ ਹਾਂ ਤਾਂ ਲੱਗਦਾ ਹੈ ਕਿ ਪੰਜਾਬ ਰੰਗਲਾ ਹੈ ਪਰ ਜਦੋਂ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਕਾਰਨ ਸਿਵਿਆਂ ਦੀ ਭੀੜ ਦੇਖਦੇ ਹਾਂ, ਹਵਾਈ ਅੱਡਿਆਂ ’ਤੇ ਸਟੱਡੀ ਵੀਜ਼ੇ ਦੇ ਓਹਲੇ&ਨਬਸਪ; ਪੰਜਾਬ ਨੂੰ ਅਲਵਿਦਾ ਕਹਿਣ ਵਾਲੀ ਜਵਾਨੀ ਦੀ ਭੀੜ ਦੇਖਦੇ ਹਾਂ ਅਤੇ ਜਦੋਂ ਬਾਕੀ ਰਹਿੰਦੀ ਜਵਾਨੀ ਨੂੰ ਕੰਧਾਂ-ਕੌਲਿਆਂ ਵਿੱਚ ਟੱਕਰਾਂ ਮਾਰਦਿਆਂ ਜਾਂ ਰੁਜ਼ਗਾਰ ਲਈ ਦਰ-ਦਰ ਧੱਕੇ ਖਾਂਦਿਆਂ ਦੇਖਦੇ ਹਾਂ ਤਾਂ ਉਦਾਸ ਸੋਚ ਉਭਰਦੀ ਹੈ- ‘ਜਿਹੜੀ ਜਵਾਨੀ ਨੂੰ ਪੰਜਾਬ ਸੰਭਾਲ ਨਹੀਂ ਰਿਹਾ, ਉਸ ਪੰਜਾਬ ਦਾ ਭਵਿੱਖ ਚਿੰਤਾਜਨਕ ਹੈ।’
ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਵੱਡੇ ਕਾਰੋਬਾਰੀ ਭਾਵੇਂ ਅਜੇ ਕਾਨੂੰਨੀ ਸ਼ਿਕੰਜ਼ੇ ਤੋਂ ਬਾਹਰ ਹਨ ਪਰ ਕਿੰਨਾ ਕੁ ਚਿਰ ਇਹ ਲੋਕਾਂ ਦੇ ਖੂਨ ਨਾਲ ਹੱਥ ਰੰਗਦੇ ਰਹਿਣਗੇ? ਕਿਸੇ ਨਾ ਕਿਸੇ ਪੜਾਅ ’ਤੇ ਅਜਿਹੇ ਸਮਾਜ ਦੋਖੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਜ਼ਰੂਰ ਹੋਵੇਗੀ। ਨਸ਼ੇ ਦੇ ਛੋਟੇ ਕਾਰੋਬਾਰੀਆਂ ਦੇ ਘਰਾਂ ਵਿੱਚ ਜਦੋਂ ਪੁਲੀਸ ਰੇਡ ਕਰਦੀ ਹੈ ਤਾਂ ਬਹੁਤ ਵਾਰ ਘਰ ਦੇ ਮੁਖੀ ਦੇ ਨਾਲ-ਨਾਲ ਔਰਤ ਦੀ ਭਾਈਵਾਲੀ ਸਾਹਮਣੇ ਆਉਣ ਕਾਰਨ ਪਤੀ ਪਤਨੀ ਨੂੰ ਪੁਲੀਸ ਚੁੱਕ ਕੇ ਲੈ ਜਾਂਦੀ ਹੈ ਅਤੇ ਪਿੱਛੇ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਮਾਂ ਬਾਪ ਦੇ ਅਜਿਹੇ ਕਾਰਨਾਮਿਆਂ ਕਾਰਨ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ।
ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਇਹ ਨਾ ਸੋਚਣ ਕਿ ਅਜਿਹੀ ਲੁੱਟ-ਖਸੁੱਟ ਨਾਲ ਵਿਆਹ ਦਾ ਜੋੜਾ ਖਰੀਦਿਆ ਜਾਵੇਗਾ, ਕੱਫ਼ਣ ਵੀ ਤਾਂ ਖਰੀਦਿਆ ਪੈ ਸਕਦਾ ਹੈ। ਕਾਸ਼! ਨਸ਼ੇ ਦੇ ਤਸਕਰ ਇਹ ਕਾਲਾ ਕਾਰੋਬਾਰ ਛੱਡ ਕੇ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਗੰਭੀਰਤਾ ਨਾਲ ਸੋਚਣ ਦੇ ਨਾਲ-ਨਾਲ ਹੋਰਾਂ ਘਰਾਂ ਦੇ ਵੀਰਾਨ ਵਿਹੜੇ ਅਤੇ ਠੰਢੇ ਚੁੱਲ੍ਹਿਆਂ ਵਾਰੇ ਵੀ ਸੋਚਣ।
ਸੰਪਰਕ: 94171-48866