For the best experience, open
https://m.punjabitribuneonline.com
on your mobile browser.
Advertisement

ਰੁਤਬਾ ਸਾਂਭੀ ਰੱਖਣ ਦੀ ਲਾਲਸਾ

08:18 AM Aug 04, 2024 IST
ਰੁਤਬਾ ਸਾਂਭੀ ਰੱਖਣ ਦੀ ਲਾਲਸਾ
Advertisement

ਰਾਮਚੰਦਰ ਗੁਹਾ

ਆਪਣੇ ਦੇਸ਼ ਤੋਂ ਇਲਾਵਾ ਜੇ ਕਿਸੇ ਹੋਰ ਦੇਸ਼ ਨੂੰ ਮੈਂ ਸਭ ਤੋਂ ਵੱਧ ਜਾਣਦਾ ਹਾਂ ਤਾਂ ਉਹ ਹੈ ਸੰਯੁਕਤ ਰਾਜ ਅਮਰੀਕਾ। ਅਠੱਤੀ ਸਾਲ ਪਹਿਲਾਂ ਪਹਿਲੀ ਵਾਰ ਮੈਂ ਉੱਥੇ ਗਿਆ ਸਾਂ। ਅਖੀਰਲੀ ਫੇਰੀ ਪਿਛਲੇ ਸਾਲ ਦੀ ਬਹਾਰ ਵਿੱਚ ਪਾਈ ਸੀ ਜਦੋਂ ਜੋਅ ਬਾਇਡਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆਂ ਦੋ ਕੁ ਸਾਲ ਹੋਏ ਸਨ। ਉਦੋਂ ਮੈਂ ਉੱਥੇ ਤਕਰੀਬਨ ਤਿੰਨ ਹਫ਼ਤੇ ਬਿਤਾਏ ਸਨ। ਆਪਣੇ ਮਿੱਤਰਾਂ ਨਾਲ ਚਰਚਾ ਅਤੇ ਆਪਣੀ ਨਿਰਖ-ਪਰਖ ਤੋਂ ਮੈਂ ਪਤਾ ਲਾ ਲਿਆ ਸੀ ਕਿ ਰਾਸ਼ਟਰਪਤੀ ਬਾਇਡਨ ਨੇ ਵਾਹਵਾ ਵਧੀਆ ਕੰਮ ਕੀਤਾ ਹੈ ਅਤੇ ਉਨ੍ਹਾਂ ਅਮਰੀਕੀ ਜਨਤਾ ਨੂੰ ਟਰੰਪ ਦੇ ਸ਼ਾਸਨ ਵੇਲੇ ਪੈਦਾ ਹੋਏ ਧਰੁਵੀਕਰਨ ਨੂੰ ਪਿਛਾਂਹ ਛੱਡਣ ਵਿੱਚ ਮਦਦ ਕੀਤੀ ਹੈ। ਨਾਲ ਹੀ ਇਹ ਗੱਲ ਵੀ ਪ੍ਰਤੱਖ ਸੀ ਕਿ ਆਪਣੀ ਉਮਰ ਅਤੇ ਸਰੀਰਕ ਕਮਜ਼ੋਰੀ ਦੇ ਮੱਦੇਨਜ਼ਰ ਬਾਇਡਨ ਨੂੰ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਖ਼ਾਹਿਸ਼ ਨਹੀਂ ਸੀ ਰੱਖਣੀ ਚਾਹੀਦੀ ਅਤੇ ਸਮਾਂ ਰਹਿੰਦੇ ਇਹ ਐਲਾਨ ਕਰ ਕੇ ਪਾਰਟੀ ਨੂੰ ਉਨ੍ਹਾਂ ਦੀ ਥਾਂ ਕੋਈ ਬਿਹਤਰੀਨ ਉਮੀਦਵਾਰ ਲੱਭਣ ਦਾ ਮੌਕਾ ਦੇਣਾ ਚਾਹੀਦਾ ਸੀ।
ਅਫ਼ਸੋਸ ਦੀ ਗੱਲ ਇਹ ਰਹੀ ਕਿ ਬਾਇਡਨ ਨੇ ਸੰਕੇਤਾਂ ਨੂੰ ਨਾ ਪਛਾਣਿਆ ਅਤੇ ਉਹ ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਰਾਹ ਪੈ ਗਏ। ਡੋਨਲਡ ਟਰੰਪ ਨਾਲ ਟੀਵੀ ’ਤੇ ਬਹਿਸ ਦੌਰਾਨ ਉਨ੍ਹਾਂ ਦੇ ਤਬਾਹਕੁਨ ਪ੍ਰਦਰਸ਼ਨ ਤੋਂ ਬਾਅਦ ਡੈਮੋਕਰੈਟਿਕ ਦਾਨੀਆਂ, ਕਾਂਗਰਸਮੈਨਾਂ ਅਤੇ ਸੈਨੇਟਰਾਂ ਅਤੇ ਪਾਰਟੀ ਆਗੂਆਂ ਤੇ ਕਾਰਕੁਨਾਂ ਵੱਲੋਂ ਉਨ੍ਹਾਂ ’ਤੇ ਪਿਛਾਂਹ ਹਟਣ ਲਈ ਦਬਾਅ ਵਧਣ ਲੱਗਿਆ। ਚੋਣ ਸਰਵੇਖਣਾਂ ਵਿੱਚ ਆਪਣੇ ਵਿਰੋਧੀ ਉਮੀਦਵਾਰ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ ਹੋਰ ਮੰਦੀ ਹੋ ਗਈ। ਖ਼ੈਰ, ਕਈ ਹਫ਼ਤਿਆਂ ਤੱਕ ਪੈਰ ਅੜਾਉਣ ਤੋਂ ਬਾਅਦ ਆਖ਼ਰ ਉਨ੍ਹਾਂ ਨੂੰ ਪਿਛਾਂਹ ਹਟਣਾ ਪਿਆ।
ਮੌਜੂਦਾ ਅਮਰੀਕੀ ਰਾਸ਼ਟਰਪਤੀ ਦੀ ਅਹੁਦੇ ਨਾਲ ਚਿੰਬੜੇ ਰਹਿਣ ਦੀ ਹਿਰਸ ਕੋਈ ਵਿਅਕਤੀਗਤ ਮਸਲਾ ਨਹੀਂ ਹੈ ਸਗੋਂ ਇਸ ਗੱਲ ਦੇ ਲੱਛਣ ਹਨ ਕਿ ਜਿਹੜੇ ਬੰਦੇ ਇੱਕ ਵਾਰ ਸੱਤਾ ਅਤੇ ਪੇਸ਼ੇਵਰ ਸਫ਼ਲਤਾ ਦਾ ਸੁਆਦ ਚੱਖ ਲੈਂਦੇ ਹਨ, ਉਹ ਇਸ ਦੁਨੀਆ ਦੇ ਹਰੇਕ ਦੇਸ਼ ਅੰਦਰ ਏਦਾਂ ਹੀ ਵਿਹਾਰ ਕਰਦੇ ਹਨ। ਉਦੋਂ ਵੀ ਜਦੋਂ ਉਨ੍ਹਾਂ ਦੀਆਂ ਜਿਸਮਾਨੀ ਅਤੇ ਮਾਨਸਿਕ ਸਮੱਰਥਾਵਾਂ ਜਵਾਬ ਦੇ ਰਹੀਆਂ ਹੁੰਦੀਆਂ ਹਨ, ਜਦੋਂ ਇਹ ਸਾਫ਼ ਤੌਰ ’ਤੇ ਦਿਖ ਰਿਹਾ ਹੁੰਦਾ ਹੈ ਕਿ ਉਹ ਆਪਣਾ ਕੰਮਕਾਜ ਕਰਨ ਦੇ ਪੂਰੀ ਤਰ੍ਹਾਂ ਸਮੱਰਥ ਨਹੀਂ ਰਹੇ ਪਰ ਸੱਤਾ ਵਿੱਚ ਬੈਠੇ ਲੋਕ ਅਹੁਦਾ ਛੱਡਣ ਦਾ ਨਾਂ ਨਹੀਂ ਲੈਂਦੇ। ਇਉਂ ਉਹ ਆਪਣੀ ਸੰਸਥਾ ਜਾਂ ਸਮਾਜ ਦਾ ਨੁਕਸਾਨ ਕਰਦੇ ਹਨ ਅਤੇ ਆਪਣੀ ਇਤਿਹਾਸਕ ਵਿਰਾਸਤ ਲਈ ਘਾਤਕ ਹੋ ਨਿਬੜਦੇ ਹਨ।
ਭਾਰਤ ਵਿੱਚ ਇਸ ਵਰਤਾਰੇ ਦੀ ਸਭ ਤੋਂ ਵੱਧ ਪੀੜਾਦਾਇਕ ਜਾਣਕਾਰੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੋ ਸਕਦੀ ਹੈ। ਇਕੇਰਾਂ ਕੋਈ ਖਿਡਾਰੀ ਪੈਂਤੀ ਸਾਲ ਦੀ ਉਮਰ ਪਾਰ ਕਰ ਜਾਂਦਾ ਹੈ ਤਾਂ ਉਸ ਲਈ ਕਿਸੇ ਵੇਲੇ ਦਿੱਤੀ ਆਪਣੀ ਕਾਰਕਰਦਗੀ ਦੁਹਰਾਉਣੀ ਔਖੀ ਹੋ ਜਾਂਦੀ ਹੈ ਪਰ ਇਨ੍ਹਾਂ ਸੰਕੇਤਾਂ ਨੂੰ ਬਹੁਤ ਥੋੜ੍ਹੇ ਜਿਹੇ ਖਿਡਾਰੀ ਹੀ ਪੜ੍ਹ ਪਾਉਂਦੇ ਹਨ। ਇਨ੍ਹਾਂ ’ਚੋਂ ਇੱਕ ਅਪਵਾਦ ਸੀ ਸੁਨੀਲ ਗਾਵਸਕਰ ਜਿਸ ਨੇ ਉਦੋਂ ਅਲਵਿਦਾ ਆਖ ਦਿੱਤੀ ਸੀ ਜਦੋਂ ਉਹ ਵਿਸ਼ਵ ਕੱਪ ਵਿੱਚ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ। ਉਸ ਤੋਂ ਪਹਿਲਾਂ ਦੇ ਮਹਾਨ ਖਿਡਾਰੀ ਰਹੇ ਜੀ.ਆਰ. ਵਿਸ਼ਵਨਾਥ ਨੂੰ ਕਾਫ਼ੀ ਦੇਰ ਪਹਿਲਾਂ ਹੀ ਸੰਨਿਆਸ ਲੈ ਲੈਣਾ ਚਾਹੀਦਾ ਸੀ। ਕਪਿਲ ਦੇਵ ਕਾਫ਼ੀ ਦੇਰ ਅੜਿਆ ਰਿਹਾ ਅਤੇ ਇਹੀ ਹਾਲ ਸਚਿਨ ਤੇਂਦੁਲਕਰ ਦਾ ਸੀ ਅਤੇ ਇਨ੍ਹਾਂ ਦੋਵਾਂ ਨੇ ਟੀਮ ਦੇ ਹਿੱਤਾਂ ਦੀ ਥਾਂ ਨਿੱਜੀ ਖ਼ਾਹਿਸ਼ਾਂ ਨੂੰ ਸਾਹਮਣੇ ਰੱਖਿਆ ਸੀ - ਭਾਵ ਇੱਕ ਖਿਡਾਰੀ ਦੀ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਦੀ ਖ਼ਾਹਿਸ਼ ਸੀ ਅਤੇ ਦੂਜੇ ਦੀ ਸਭ ਤੋਂ ਵੱਧ ਟੈਸਟ ਮੈਚ ਖੇਡਣ ਦੀ ਚਾਹਨਾ ਸੀ।
ਸੰਜਮ ਅਤੇ ਆਤਮ-ਸਨਮਾਨ ਦੇ ਤਕਾਜ਼ਿਆਂ ਦੇ ਬਾਵਜੂਦ ਸੱਤਾ ਵਿੱਚ ਟਿਕੇ ਰਹਿਣ ਅਤੇ ਆਪਣਾ ਅਖ਼ਤਿਆਰ ਜਮਾਉਣ ਦੀ ਖ਼ਾਹਿਸ਼ ਸਿਆਸਤ ਅਤੇ ਖੇਡਾਂ ਦੇ ਖੇਤਰਾਂ ਤੋਂ ਪਰ੍ਹੇ ਤੱਕ ਜਾਂਦੀ ਹੈ। ਸਾਡੇ ਬਹੁਤ ਸਾਰੇ ਮਾਣਮੱਤੇ ਉੱਦਮੀਆਂ ਨੇ ਆਪਣੇ ਵੱਲੋਂ ਸਥਾਪਤ ਕੀਤੇ ਉੱਦਮਾਂ ਦਾ ਨਿਰਦੇਸ਼ਨ ਜਾਰੀ ਰੱਖ ਕੇ ਆਪਣੇ ਪਿਛਲੇ ਯੋਗਦਾਨ ਨੂੰ ਪੇਤਲਾ ਪਾ ਦਿੱਤਾ ਸੀ ਹਾਲਾਂਕਿ ਇਹ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਨਾਲੋਂ ਜ਼ਿਆਦਾ ਹੋਣਹਾਰ ਨੌਜਵਾਨ ਸਾਥੀ ਉਨ੍ਹਾਂ ਦੀ ਥਾਂ ਲੈਣ ਦੇ ਹੱਕਦਾਰ ਹਨ। ਆਪਣੇ ਮਾਣ ਸਤਿਕਾਰ ਦੀ ਕੀਮਤ ’ਤੇ ਵੀ ਵੱਧ ਤੋਂ ਵੱਧ ਸਮਾਂ ਅਹੁਦੇ ’ਤੇ ਟਿਕੇ ਰਹਿਣ ਦੀ ਲਲਕ ਨਾਗਰਿਕ ਸਮਾਜ (ਸਿਵਲ ਸੁਸਾਇਟੀ) ਕਾਰਕੁਨਾਂ ਦੇ ਜਗਤ ਵਿੱਚ ਵੀ ਕਾਫ਼ੀ ਪ੍ਰਚੱਲਤ ਹੈ।
ਇਸ ਰੋਗ ਨੇ ਬੌਧਿਕ ਜੀਵਨ ਨੂੰ ਵੀ ਗ੍ਰਸਿਆ ਹੋਇਆ ਹੈ। ਬੰਬਈ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਮਾਜ ਵਿਗਿਆਨ ਦੇ ਰਸਾਲੇ ‘ਇਕਨੌਮਿਕ ਐਂਡ ਪੁਲਿਟੀਕਲ ਵੀਕਲੀ’ ਦਾ ਮਾਮਲਾ ਹੀ ਲੈ ਲਓ ਜਿਸ ਨੂੰ ਕਿਸੇ ਸਮੇਂ ਕੌਮਾਂਤਰੀ ਪੱਧਰ ’ਤੇ ਵੱਕਾਰੀ ਗਿਣਿਆ ਜਾਂਦਾ ਸੀ। ਇਹ ਇੱਕ ਅਜਿਹਾ ਰਸਾਲਾ ਸੀ ਜਿਸ ਵਿੱਚ ਭਾਰਤ ਅਤੇ ਹੋਰਨਾਂ ਦੇਸ਼ਾਂ ਦਾ ਹਰੇਕ ਨੌਜਵਾਨ ਵਿਦਵਾਨ ਛਪਣ ਦੀ ਚਾਹਨਾ ਰੱਖਦਾ ਸੀ ਅਤੇ ਇਸ ਨੂੰ ਚਾਅ ਨਾਲ ਪੜ੍ਹਦਾ ਸੀ। ਵਿਦਵਾਨਾਂ ਅਤੇ ਖੋਜਕਾਰਾਂ ਨੂੰ ਜਿੰਨਾ ਇਸ ਦਾ ਚਾਅ ਸੀ, ਉਵੇਂ ਹੀ ਪੱਤਰਕਾਰਾਂ, ਨੌਕਰਸ਼ਾਹਾਂ ਅਤੇ ਕਾਰਕੁਨਾਂ ਨੇ ‘ਈਪੀਡਬਲਯੂ’ ਨੂੰ ਨਿਗਲ ਲਿਆ। ਪਿਛਲੇ ਕੁਝ ਸਾਲਾਂ ਤੋਂ ਰਸਾਲੇ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ। ਹੁਣ ਇਸ ਵਿੱਚ ਨਵੀਂ ਲੀਹ ਪਾਉਣ ਵਾਲਾ ਕਦੇ ਕਦਾਈਂ ਹੀ ਕੋਈ ਲੇਖ ਛਪਦਾ ਹੈ। ਕੋਈ ਸਮਾਂ ਸੀ ਜਦੋਂ ਭਾਰਤ ਵਿੱਚ ਇਹ ਰਸਾਲਾ ਬੌਧਿਕ ਬਹਿਸ-ਮੁਬਾਹਸੇ ਦੀਆਂ ਤਰਬਾਂ ਛੇੜਦਾ ਹੁੰਦਾ ਸੀ ਪਰ ਹੁਣ ਇਹ ਆਪਣੇ ਅਤੀਤ ਦਾ ਪਰਛਾਵਾਂ ਬਣ ਕੇ ਰਹਿ ਗਿਆ ਹੈ।
‘ਈਪੀਡਬਲਯੂ’ ਦੇ ਮਾਣ ਸਨਮਾਨ ਵਿੱਚ ਗਿਰਾਵਟ ਦਾ ਮੁੱਖ ਕਾਰਨ ਇਹ ਹੈ ਕਿ ਇਸ ਰਸਾਲੇ ਦਾ ਪ੍ਰਸ਼ਾਸਨ ਇੱਕ ਅਜਿਹੇ ਟਰੱਸਟ ਵੱਲੋਂ ਚਲਾਇਆ ਜਾਇਆ ਜਾਂਦਾ ਹੈ ਜਿਸ ਦੇ ਮੈਂਬਰਾਂ (ਅਮਰੀਕੀ ਸੁਪਰੀਮ ਕੋਰਟ ਵਾਂਗ) ਦਾ ਕਾਰਜਕਾਲ ਤਾਉਮਰ ਹੁੰਦਾ ਹੈ। ਇਸ ਦੇ ਦਸ ਟਰੱਸਟੀਆਂ ’ਚੋਂ ਸਭ ਤੋਂ ਘੱਟ ਉਮਰ ਦੇ ਟਰੱਸਟੀ ਦੀ ਉਮਰ ਸਤਾਹਠ ਸਾਲ ਹੈ ਜਦੋਂਕਿ ਸਭ ਤੋਂ ਉਮਰਦਰਾਜ਼ ਟਰੱਸਟੀ ਤਰੰਨਵੇਂ ਸਾਲ ਦੇ ਹਨ। ਦਸਾਂ ’ਚੋਂ ਨੌਂ ਪੁਰਸ਼ ਹਨ। ਕੁੱਲ ਮਿਲਾ ਕੇ ਟਰੱਸਟ ਦੀ ਔਸਤ ਉਮਰ ਅੱਸੀ ਸਾਲ ਦੇ ਕਰੀਬ ਬਣਦੀ ਹੈ। ਦੂਜੇ ਪਾਸੇ, ਸਮਾਜ ਵਿਗਿਆਨਾਂ ਵਿੱਚ ਸਰਬੋਤਮ ਵਿਦਵਾਨੀ ਕਾਰਜ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਖੋਜਕਾਰ ਤੀਹਾਂ ਜਾਂ ਚਾਲੀਵਿਆਂ ਵਿੱਚ ਹੁੰਦਾ/ਹੁੰਦੀ ਹੈ। ਰਸਾਲੇ ਦੀ ਦੇਖ-ਰੇਖ ਕਰਨ ਵਾਲਿਆਂ ਅਤੇ ਇਸ ਲਈ ਲਿਖਤਾਂ ਲਿਖਣ ਵਾਲਿਆਂ ਦੀ ਉਮਰ ਵਿੱਚ ਇਸ ਕਿਸਮ ਦੇ ਵੱਡੇ ਪਾੜੇ ਨੂੰ ‘ਈਪੀਡਬਲਯੂ’ ਹਮੇਸ਼ਾ ਕਿਵੇਂ ਬਰਕਰਾਰ ਰੱਖ ਸਕਦਾ ਹੈ ਅਤੇ ਨਾਲ ਹੀ ਆਪਣੀ ਕਮਾਈ ਹੋਈ ਇੱਜ਼ਤ ਨੂੰ ਬਚਾ ਕੇ ਕਿਵੇਂ ਰੱਖ ਸਕਦਾ ਹੈ?
‘ਈਪੀਡਬਲਿਊ’ ਦਾ ਨਿਘਾਰ, ਜਿਸ ਦਾ ਜ਼ਿੰਮੇਵਾਰ ਵੀ ਇਹ ਖ਼ੁਦ ਹੀ ਹੈ, ਇੱਕ ਹੋਰ ਬੌਧਿਕ ਸੰਸਥਾ ਦੇ ਸਵੈ-ਉਭਾਰ ਤੋਂ ਬਿਲਕੁਲ ਉਲਟ ਹੈ ਜਿਸ ਤੋਂ ਮੈਂ ਚੰਗੀ ਤਰ੍ਹਾਂ ਜਾਣੂੰ ਹਾਂ। ਇਹ ਬੰਗਲੌਰ ਸਥਿਤ ‘ਨੈਸ਼ਨਲ ਸੈਂਟਰ ਫਾਰ ਬਾਇਓਲੌਜੀਕਲ ਸਾਇੰਸਿਜ਼’ (ਐੱਨਸੀਬੀਐੱਸ) ਹੈ। ਐੱਨਸੀਬੀਐੱਸ, ‘ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ’ (ਟੀਆਈਐਫਆਰ) ਦੀ ਇੱਕ ਸ਼ਾਖਾ ਹੈ ਜਿਸ ਨੂੰ 1940ਵਿਆਂ ’ਚ ਬੰਬਈ ’ਚ ਸਥਾਪਿਤ ਕੀਤਾ ਗਿਆ ਸੀ। ਸਥਾਪਨਾ ਦੇ ਪਹਿਲੇ ਡੇਢ ਦਹਾਕੇ ’ਚ ਟਾਟਾ ਇੰਸਟੀਚਿਊਟ ’ਚ ਭੌਤਿਕ ਵਿਗਿਆਨੀਆਂ ਤੇ ਗਣਿਤ ਮਾਹਿਰਾਂ ਦਾ ਦਬਦਬਾ ਰਿਹਾ। ਹਾਲਾਂਕਿ, ਸੱਠਵਿਆਂ ’ਚ ਇਸ ਨੇ ਇੱਕ ਬੇਹੱਦ ਪ੍ਰਤਿਭਾਵਾਨ ਜੀਵ ਵਿਗਿਆਨੀ, ਓਬੈਦ ਸਿੱਦੀਕੀ ਨੂੰ ਨਿਯੁਕਤ ਕੀਤਾ ਜੋ ਸੰਸਥਾ ਦੇ ਮੁੱਖ ਕੈਂਪਸ ’ਚ 20 ਸਾਲ ਕੰਮ ਕਰਨ ਮਗਰੋਂ ਜੈਵਿਕ ਖੋਜ ਦੀ ਨਵੀਂ ਸੰਸਥਾ ਸ਼ੁਰੂ ਕਰਨ ਲਈ ਬੰਗਲੌਰ ਚਲਾ ਗਿਆ ਸੀ।
ਹਾਲਾਂਕਿ, ਮੈਂ ਖ਼ੁਦ ਸਿੱਖਿਆ ਦੇ ਪੱਖ ਤੋਂ ਸਮਾਜ ਸ਼ਾਸਤਰੀ ਹਾਂ ਪਰ ਭਾਰਤੀ ਵਿਗਿਆਨ ਦੀ ਦੁਨੀਆ ਨਾਲ ਮੇਰਾ ਕਾਫ਼ੀ ਵਾਹ-ਵਾਸਤਾ ਰਿਹਾ ਹੈ। ਕਈ ਕਰੀਬੀ ਪਰਿਵਾਰਕ ਮੈਂਬਰ (ਮਾਪਿਆਂ ਤੇ ਦਾਦਕਿਆਂ ’ਚੋਂ ਇੱਕ) ਵਿਗਿਆਨੀ ਸਨ, ਜਦੋਂਕਿ ਮੈਂ ਆਪ ਵੀ ‘ਇੰਡੀਅਨ ਇੰਸਟੀਚਿਊਟ ਆਫ ਸਾਇੰਸ’ ਵਿੱਚ ਪੜ੍ਹਾਇਆ ਹੈ। ਐੱਨਸੀਬੀਐੱਸ ਦੀ ਜਿਹੜੀ ਚੀਜ਼ ਮੈਨੂੰ ਪ੍ਰਭਾਵਿਤ ਕਰਦੀ ਹੈ, ਉਹ ਇਹ ਹੈ ਕਿ ਮੈਂ ਜਿੰਨੀਆਂ ਵੀ ਭਾਰਤੀ ਅਕਾਦਮਿਕ ਸੰਸਥਾਵਾਂ ਦੇਖੀਆਂ ਹਨ, ਉਨ੍ਹਾਂ ਵਿੱਚੋਂ ਇਹ ਸਭ ਤੋਂ ਘੱਟ ਵਰਗੀਕ੍ਰਿਤ ਹੈ। ਇਹ ਸੰਸਥਾ ਭਾਈਚਾਰੇ ਦੀ ਭਾਵਨਾ, ਖੁੱਲ੍ਹੇ ਬੌਧਿਕ ਵਿਚਾਰ-ਵਟਾਂਦਰੇ ਦੇ ਜਜ਼ਬੇ ਨਾਲ ਓਤ-ਪੋਤ ਹੈ ਜੋ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ 37 ਪ੍ਰਯੋਗਸ਼ਾਲਾਵਾਂ (ਵਿਗਿਆਨਕ ਤੇ ਉਦਯੋਗਿਕ ਖੋਜ) ਵਿੱਚ ਜ਼ਿਆਦਾਤਰ ਦੇਖਣ ਨੂੰ ਨਹੀਂ ਮਿਲਦਾ ਸਗੋਂ ਆਈਆਈਟੀਜ਼ ਵਰਗੀਆਂ ਸੰਸਥਾਵਾਂ ’ਚ ਵੀ ਨਹੀਂ ਦਿਖਦਾ ਜਿੱਥੇ ਵਡੇਰੀ ਉਮਰ ਦੇ ਪੁਰਸ਼ਾਂ - ਜੋ ਡੀਨ ਤੇ ਡਾਇਰੈਕਟਰ ਹੁੰਦੇ ਹਨ, ਦਾ ਉਨ੍ਹਾਂ ਤੋਂ ਉਮਰ ’ਚ ਛੋਟੇ ਸਹਿਕਰਮੀ ਵਧਾ-ਚੜ੍ਹਾ ਕੇ ਸਤਿਕਾਰ ਕਰਦੇ ਹਨ, ਭਾਵੇਂ ਉਨ੍ਹਾਂ ਦੀ ਆਪਣੀ ਖੋਜ ਦਾ ਪੱਧਰ ਇਨ੍ਹਾਂ (ਡੀਨ-ਡਾਇਰੈਕਟਰਾਂ) ਨਾਲੋਂ ਵੱਧ ਉੱਚਾ ਹੀ ਕਿਉਂ ਨਾ ਹੋਵੇ।
ਓਬੈਦ ਸਿੱਦੀਕੀ ਨੂੰ ਨੇੜਿਓਂ ਦੇਖਿਆ ਹੋਣ ਦੇ ਮੱਦੇਨਜ਼ਰ, ਮੈਂ ਬਿਨਾਂ ਸ਼ੱਕ ਕਹਿ ਸਕਦਾ ਹਾਂ ਕਿ ਸੰਸਥਾ ’ਚ ਜਮਹੂਰੀ ਤੇ ਸਹਿਭਾਗਤਾ ਵਾਲੇ ਢੰਗ ਤਰੀਕਿਆਂ ਨੂੰ ਵਿਕਸਤ ਕਰਨ ਵਿੱਚ ਉਸ ਦਾ ਮੁੱਖ ਯੋਗਦਾਨ ਸੀ। ਆਪਣੀ ਪੀੜ੍ਹੀ ਦੇ ਬਾਕੀ ਚੋਟੀ ਦੇ ਭਾਰਤੀ ਵਿਗਿਆਨੀਆਂ ਵਾਂਗੂੰ ਉਹ ਨਾ ਤਾਂ ਦਿਖਾਵਾ ਪਸੰਦ ਕਰਦਾ ਸੀ ਤੇ ਨਾ ਹੀ ਵਰਗੀਕਰਨ। ਉਹ ਜਾਣਦਾ ਸੀ ਕਿ ਬਿਹਤਰ ਵਿਗਿਆਨਕ ਖੋਜ ਨੌਜਵਾਨ ਪੀੜ੍ਹੀ ਨੇ ਕਰਨੀ ਹੈ; ਉਸ ਦਾ ਫ਼ਰਜ਼ ਸੀ ਗੁੰਜਾਇਸ਼ ਤੇ ਖੁੱਲ੍ਹ ਦੇ ਕੇ ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨਾ, ਨਾ ਕਿ ਉਨ੍ਹਾਂ ਨੂੰ ਆਪਣੇ ਅਕਸ ਮੁਤਾਬਿਕ ਢਾਲਣਾ। ਉਹ ਵਿਗਿਆਨ ਤੋਂ ਬਾਹਰਲੀ ਦੁਨੀਆ ਵਿੱਚ ਵੀ ਡੂੰਘੀ ਦਿਲਚਸਪੀ ਰੱਖਦਾ ਸੀ ਅਤੇ ਫਿਲਾਸਫ਼ਰਾਂ, ਇਤਿਹਾਸਕਾਰਾਂ ਤੇ ਸਮਾਜ ਸ਼ਾਸਤਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਦੀ ਤਾਂਘ ਰੱਖਦਾ ਸੀ।
ਇੱਕ ਵਾਰ ਜਦ ਡਾਇਰੈਕਟਰ ਵਜੋਂ ਸਿੱਦੀਕੀ ਦਾ ਕਾਰਜਕਾਲ ਮੁੱਕਿਆ ਤਾਂ ਉਹ ਉੱਥੇ ਹੀ ਗੇੜੇ ਨਹੀਂ ਕੱਢਦਾ ਰਿਹਾ ਜਿਸ ਸੰਸਥਾ ਦਾ ਉਹ ਬਾਨੀ ਸੀ। ਕੋਈ ਹੋਰ ਇਸ ਅਹੁਦੇ ’ਤੇ ਹੁੰਦਾ ਤਾਂ ਸ਼ਾਇਦ ਅਜਿਹਾ ਕਰਦਾ ਕਿਉਂਕਿ ਬਹੁਤੇ ਭਾਰਤੀ ਇਸ ਤਰ੍ਹਾਂ ਹੀ ਕਰਦੇ ਹਨ। ਉਹ ਐੱਨਸੀਬੀਐੱਸ ਦੀ ਜ਼ਿੰਮੇਵਾਰੀ ਆਪਣੇ ਤੋਂ ਛੋਟੇ ਇੱਕ ਪ੍ਰਮੁੱਖ ਸਹਿਕਰਮੀ ਨੂੰ ਦੇ ਗਿਆ। ਇਸ ਦੌਰਾਨ ਉਹ ਬੇਧਿਆਨੀ ਨਾਲ ਆਪਣੇ ਖੋਜ ਕਾਰਜ ਵਿੱਚ ਰੁੱਝ ਗਿਆ ਤੇ ਐੱਨਸੀਬੀਐੱਸ ਦਾ ਦੂਜਾ ਡਾਇਰੈਕਟਰ ਆਪਣਾ ਚਾਰਜ ਅਗਲੀ ਪੀੜ੍ਹੀ ਦੇ ਇੱਕ ਉਮਦਾ ਵਿਗਿਆਨੀ ਨੂੰ ਦੇ ਗਿਆ ਜਿਸ ਨੇ ਹੁਣ ਅਗਾਂਹ ਚੌਥੇ ਡਾਇਰੈਕਟਰ ਲਈ ਰਾਹ ਪੱਧਰਾ ਕਰ ਦਿੱਤਾ ਹੈ ਜੋ ਪਹਿਲੇ ਤਿੰਨ ਡਾਇਰੈਕਟਰਾਂ ਵਾਂਗੂੰ - ਪਹਿਲਾਂ ਕਦੇ ਇਸ ਸੰਸਥਾ ਵਿੱਚ ਨਹੀਂ ਰਿਹਾ ਤੇ ਇਸ ਤਰ੍ਹਾਂ ਨਵੇਂ ਵਿਚਾਰ ਅਤੇ ਵੱਖਰੇ ਤਜਰਬਿਆਂ ਨਾਲ ਆਇਆ ਹੈ।
ਜੇ ਓਬੈਦ ਸਿੱਦੀਕੀ ਆਮ ਭਾਰਤੀ ਪੁਰਸ਼ਾਂ ਨਾਲੋਂ ਹਟਵਾਂ ਨਾ ਹੁੰਦਾ ਤਾਂ ਐੱਨਸੀਬੀਐੱਸ ਸ਼ਾਇਦ ਓਹੋ ਜਿਹਾ ਨਾ ਹੁੰਦਾ, ਜਿਹੋ ਜਿਹਾ ਇਹ ਅੱਜ ਹੈ। ਸੰਸਥਾ ਦੀ ਟਿਕਾਊ ਸਫ਼ਲਤਾ ਦਾ ਇੱਕ ਹੋਰ ਕਾਰਨ ਇਸ ਵੱਲੋਂ ਅਪਣਾਇਆ ਸ਼ਾਸਕੀ ਢਾਂਚਾ ਵੀ ਹੈ। ਡਾਇਰੈਕਟਰ ਸੰਸਥਾ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦਾ ਇੰਚਾਰਜ ਹੈ; ਡਾਇਰੈਕਟਰ ਤੋਂ ਉੱਤੇ ਪ੍ਰਬੰਧਕੀ ਬੋਰਡ ਹੈ ਜਿਸ ’ਚ 15 ਮੈਂਬਰ ਹਨ ਜੋ ਸੇਧ ਤੇ ਸਹਾਇਤਾ ਦਿੰਦੇ ਹਨ। 15 ਮੈਂਬਰਾਂ ਵਿੱਚੋਂ 5 ਜਣੇ ਅਹੁਦੇ ਕਾਰਨ ਮੈਂਬਰ ਹਨ ਜੋ ਮਿਸਾਲ ਦੇ ਤੌਰ ’ਤੇ ਭਾਰਤ ਸਰਕਾਰ ਤੇ ਟੀਆਈਐੱਫਆਰ ਦੀ ਪ੍ਰਤੀਨਿਧਤਾ ਕਰਦੇ ਹਨ। ਬਾਕੀ ਦਸ ਖੋਜ ਕਾਰਜਾਂ ਵਿੱਚ ਲੱਗੇ ਵਿਗਿਆਨੀ ਹਨ ਜਿਨ੍ਹਾਂ ਨੂੰ ਪੂਰੀ ਦੁਨੀਆ ’ਚੋਂ ਚੁਣਿਆ ਜਾਂਦਾ ਹੈ। ਇਨ੍ਹਾਂ ਵਿੱਚ ਪੰਜ ਔਰਤਾਂ ਹੁੰਦੀਆਂ ਹਨ।
ਐੱਨਸੀਬੀਐੱਸ ਬੋਰਡ ਮੈਂਬਰ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੈ; ਇਸ ਨੂੰ ਇੱਕ ਵਾਰ ਵਧਾਇਆ ਜਾ ਸਕਦਾ ਹੈ, ਸ਼ਾਇਦ ਦੋ ਵਾਰ, ਪਰ ਉਸ ਤੋਂ ਵੱਧ ਨਹੀਂ। ‘ਈਪੀਡਬਲਯੂ’ ਵਾਂਗੂੰ ਇਸ ਨੂੰ ਟਰੱਸਟ ਨਹੀਂ ਚਲਾਉਂਦਾ, ਬੋਰਡ ’ਚ ਕੋਈ ‘ਜ਼ਿੰਦਗੀ ਭਰ’ ਲਈ ਨਹੀਂ ਹੈ। ਇਸ ਦੇ ਬੋਰਡ ਵਿੱਚ ਵੱਧ ਤੋਂ ਵੱਧ ਕੋਈ ਨੌਂ ਸਾਲਾਂ ਲਈ ਟਿਕ ਸਕਦਾ ਹੈ ਜਦੋਂਕਿ ‘ਈਪੀਡਬਲਯੂ’ ਦੇ ਬੋਰਡ ਵਿੱਚ ਕਈ ਟਰੱਸਟੀ ਤਾਂ 30 ਸਾਲਾਂ ਜਾਂ ਉਸ ਤੋਂ ਵੀ ਵੱਧ ਸਮੇਂ ਤੋਂ ਟਿਕੇ ਹੋਏ ਹਨ।
ਮੈਨੂੰ ਅੰਤ ’ਚ ਕਹਿਣਾ ਚਾਹੀਦਾ ਹੈ ਕਿ ਭਾਵੇਂ ਤਾਕਤਵਰ ਤੇ ਸਫ਼ਲ ਔਰਤਾਂ ਵੀ ‘ਜਿੰਨਾ ਹੋ ਸਕੇ, ਸਿਖ਼ਰ ’ਤੇ ਬਣੇ ਰਹਿਣ’ ਦੇ ਇਸ ਵਿਗਾੜ ਤੋਂ ਬਚੀਆਂ ਹੋਈਆਂ ਨਹੀਂ ਹਨ ਪਰ ਪੁਰਸ਼ਾਂ ’ਚ ਇਸ ਦਾ ਪਸਾਰ ਜ਼ਿਆਦਾ ਹੈ। ਲਿੰਗਕ ਪੱਖ ਤੋਂ ਤੇ ਆਪਣੇ ਦੇਸ਼ ਖਾਤਰ ਸਿੱਦੀਕੀ ਵਰਗੇ ਬੰਦੇ ਇਸ ਮਾਮਲੇ ਵਿੱਚ ਅਪਵਾਦ ਹੀ ਰਹੇ ਹਨ। ਰਾਜਨੀਤੀ, ਖੇਡ, ਕਾਰੋਬਾਰ, ਸਿਵਲ ਸੁਸਾਇਟੀ ਤੇ ਅਕਾਦਮਿਕ ਖੇਤਰ ’ਚ ਅਣਗਿਣਤ ਭਾਰਤੀ ਪੁਰਸ਼ ਬਿਲਕੁਲ ਇਸੇ ਤਰ੍ਹਾਂ ਦਾ ਵਿਹਾਰ ਕਰਦੇ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ - ਉਹੀ ਵਿਹਾਰ ਜੋ ਕੁਝ ਸਮਾਂ ਪਹਿਲਾਂ ਤੱਕ ਅਮਰੀਕੀ ਰਾਸ਼ਟਰਪਤੀ ਦਾ ਸੀ। ਇਸ ਤਰ੍ਹਾਂ ਦੇ ਸਵੈ-ਕੇਂਦਰਿਤ ਅਤੇ ਸੀਮਤ ਰਵੱਈਏ ਦੀ ਕੀਮਤ ਬਾਅਦ ਵਿੱਚ ਉਨ੍ਹਾਂ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਜੂਨੀਅਰ ਸਹਿਯੋਗੀਆਂ ਤੇ ਕੁੱਲ ਮਿਲਾ ਕੇ ਪੂਰੇ ਸਮਾਜ ਨੂੰ ਚੁਕਾਉਣੀ ਪੈਂਦੀ ਹੈ।

Advertisement

ਈ-ਮੇਲ: ramachandraguha@gmail.com

Advertisement
Author Image

sukhwinder singh

View all posts

Advertisement
Advertisement
×