ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਸੀ ਘਿਉ ਦੇ ਆਟੇ ਦਾ ਦੀਵਾ

10:38 AM Dec 24, 2023 IST

ਜਿੰਦਰ

ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਕਹਾਵਤਾਂ ਪ੍ਰਚਲਿਤ ਹਨ। ਇਹ ਕਹਾਵਤਾਂ ਐਵੇਂ ਨਹੀਂ ਬਣੀਆਂ। ਇਨ੍ਹਾਂ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਅਸਲੀਅਤ ਹੁੰਦੀ ਹੈ। ਸਮਝਾਉਣ ਦਾ ਇਸ਼ਾਰਾ ਹੁੰਦਾ ਹੈ। ਇਨ੍ਹਾਂ ਦੇ ਬਣਨ ਪਿੱਛੇ ਇਤਿਹਾਸ ਹੁੰਦਾ ਹੈ। ਸਾਡੇ ਬਜ਼ੁਰਗਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਸਮੋਈ ਹੁੰਦੀ ਹੈ। ਕਿਸੇ ਵੀ ਸਮਾਜ ਨੂੰ ਸਮਝਣ ਲਈ ਲੋਕ-ਕਹਾਣੀਆਂ, ਕਥਾਵਾਂ ਤੇ ਕਹਾਵਤਾਂ ਦਾ ਅਹਿਮ ਰੋਲ ਹੁੰਦਾ ਹੈ।
ਇੱਕ ਕਹਾਵਤ ਹੈ: ਨੂੰਹ ਤੇ ਜੁਆਈ ਕਦੇ ਸਕੇ ਨਹੀਂ ਹੁੰਦੇ। ਨੂੰਹ ਨੂੰ ਘਰ ਦੀ ਹੋਣ ਵਾਲੀ ਮਾਲਕਣ ਦਾ ਦਰਜ਼ਾ ਦਿੱਤਾ ਜਾਂਦਾ ਹੈ। ਉਸ ਨੂੰ ਧੀ ਬਰਾਬਰ ਮੰਨਿਆ ਜਾਂਦਾ ਹੈ। ਜੁਆਈ ਨੂੰ ਪੁੱਤ ਦੀ ਥਾਂ ’ਤੇ। ਕਈ ਘਰਾਂ ਵਿੱਚ ਕਿਹਾ ਜਾਂਦਾ ਹੈ, ‘‘ਸਾਡਾ ਇੱਕ ਪੁੱਤ ਤੇ ਧੀ ਸੀ। ਧੀ ਆਪਣੇ ਘਰੇ ਚਲੇ ਗਈ। ਉਸ ਦੀ ਥਾਂ ’ਤੇ ਨੂੰਹ ਆ ਗਈ। ਧੀ ਦੀ ਥਾਂ ਨੂੰਹ ਨੇ ਲੈ ਗਈ।’’ ਆਖ਼ਰ ਨੂੰਹ ਵੀ ਧੀ ਹੀ ਹੁੰਦੀ ਹੈ। ਜਿਹੜੀ ਪਹਿਲਾਂ ਕਿਸੇ ਹੋਰ ਦੀ ਧੀ ਸੀ, ਹੁਣ ਸਹੁਰਿਆਂ ਘਰ ਆ ਕੇ ਸੱਸ-ਸਹੁਰੇ ਦੀ ਧੀ ਬਣ ਗਈ। ਸੁਣਨ ਨੂੰ ਇਹ ਵੀ ਮਿਲ ਜਾਂਦਾ ਹੈ, ‘‘ਕਦੇ ਨੂੰਹ ਵੀ ਆਪਣੀ ਬਣੀ ਏ। ਉਸ ਦਾ ਕਿੰਨਾ ਮਰਜ਼ੀ ਕਰ ਲਓ- ਸੋਚਣਾ ਉਸ ਨੇ ਪੇਕਿਆਂ ਦਾ ਹੀ ਹੁੰਦਾ।’’ ਵਿਚਲੀ ਗੱਲ ਇਹ ਹੈ ਕਿ ਨੂੰਹ ਦਾ ਸਹੁਰੇ ਘਰ ਨਾਲ ਕੋਈ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ। ਰਿਸ਼ਤੇ ਉਹੀ ਨੇੜਲੇ ਜਾਂ ਗੂੜ੍ਹੇ ਹੁੰਦੇ ਹਨ ਜਿੱਥੇ ਖ਼ੂਨ ਦੀ ਸਾਂਝ ਹੋਵੇ। ਵਧੇਰੇ ਦੁੱਖ ਉਸੇ ਦਾ ਹੁੰਦਾ ਹੈ ਜਿੱਥੇ ਆਪਣਾ ਖ਼ੂਨ ਹੋਵੇ।
ਤਰਸੇਮ ਦੇ ਅਚੇਤ ਮਨ ਵਿੱਚੋਂ ਉਸ ਦੇ ਦੋਸਤ ਦਵਿੰਦਰ ਦੀ ਦੱਸੀ ਹੋਈ ਗੱਲ ਆਣ ਪ੍ਰਗਟ ਹੁੰਦੀ, ‘‘ਕਈ ਨੂੰਹਾਂ ਬੜੀਆਂ ਜ਼ਾਲਮ ਹੁੰਦੀਆਂ ਨੇ। ਇੰਡੀਆ ’ਚ ਮੇਰਾ ਮਾਮਾ ਕਹਿੰਦਾ-ਕਹਾਉਂਦਾ ਸਰਦਾਰ ਸੀ। ਦੁਆਬੇ ’ਚ ਚਾਲੀ ਖੇਤਾਂ ਦਾ ਮਾਲਕ ਆਪਣੇ ਆਪ ਨੂੰ ਕਿਸੇ ਸਹਿਨਸ਼ਾਹ ਤੋਂ ਘੱਟ ਨ੍ਹੀਂ ਸਮਝਦਾ। ਜਦੋਂ ਉਹ ਕੈਨੇਡਾ ਆਪਣੇ ਮੁੰਡੇ ਕੋਲ ਆਇਆ ਤਾਂ ਉਸ ਦੀ ਨੂੰਹ ਕੰਮ ’ਤੇ ਜਾਣ ਲੱਗੀ ਫਰਿੱਜ ਨੂੰ ਤਾਲਾ ਲਾ ਜਾਂਦੀ ਸੀ।’’
ਤਰਸੇਮ ਤੇ ਸੱਤਿਆ ਦੋਵੇਂ ਮੀਆਂ ਬੀਵੀ ਸੈਰ ਕਰਦਿਆਂ ਖੁੱਲ੍ਹ ਕੇ ਗੱਲਾਂ ਕਰਦੇ। ਉਹ ਗੱਲਾਂ ਜਿਹੜੀਆਂ ਉਹ ਘਰ ਵਿੱਚ ਬੈਠ ਕੇ ਨਹੀਂ ਕਰ ਸਕਦੇ ਸੀ। ਤਰਸੇਮ ਪੰਦਰ੍ਹਾਂ-ਵੀਹਾਂ ਦਿਨ ਮਗਰੋਂ ਕਹਿੰਦਾ, ‘‘ਵਾਪਸ ਚੱਲੀਏ। ਹੁਣ ਇੱਥੇ ਰਹਿਣ ਨੂੰ ਮਨ ਨ੍ਹੀਂ ਕਰਦਾ।’’
‘‘ਆਏ ਆਂ ਤਾਂ ਹੁਣ ਦੋ ਮਹੀਨੇ ਹੋਰ ਕੱਟ ਲਈਏ। ਫਗਵਾੜੇ ਗਰਮੀ ਬਹੁਤ ਪੈ ਰਹੀ ਐ।’’ ਸੱਤਿਆ ਕਹਿੰਦੀ।
ਦਸ-ਪੰਦਰ੍ਹਾਂ ਦਿਨ ਹੋਰ ਬੀਤ ਜਾਂਦੇ। ਸੱਤਿਆ ਕਹਿੰਦੀ, ‘‘ਮੇਰਾ ਮਨ ਅੱਕ ਗਿਆ। ਜੇ ਫਗਵਾੜੇ ਨੂੰ ਬੱਸ ਜਾਂ ਗੱਡੀ ਜਾਂਦੀ ਹੁੰਦੀ ਤਾਂ ਮੈਂ ਅੱਜ ਹੀ ਚਲੇ ਜਾਣਾ ਸੀ।’’
‘‘ਮੈਂ ਹਿਸਾਬ ਲਾਇਆ। ਇੱਕ ਜਣੇ ਦਾ ਜਾਣ-ਆਉਣ ਦਾ ਤਿੰਨ ਲੱਖ ਦਾ ਖਰਚਾ ਆਉਂਦਾ।’’ ਤਰਸੇਮ ਦੱਸਦਾ।
‘‘ਉਹ ਕਿੱਦਾਂ?’’ ਸੱਤਿਆ ਪੁੱਛਦੀ।
‘‘ਦੋ ਲੱਖ ਤਾਂ ਜਹਾਜ਼ ਦਾ ਕਿਰਾਇਆ ਹੋ ਗਿਆ। ਇੱਕ ਲੱਖ ਦਾ ਆਪਾਂ ਸਾਮਾਨ ਲੈ ਕੇ ਆਏ ਆਂ। ਵਾਪਸੀ ’ਤੇ ਵੀ ਦੋ ਲੱਖ ਜਹਾਜ਼ ਦੀਆਂ ਟਿਕਟਾਂ ’ਤੇ ਖਰਚ ਹੋ ਜਾਣੇ। ਲੱਖ, ਦੋ ਲੱਖ ਦੀ ਮੁੰਡਾ ਸ਼ੌਪਿੰਗ ਕਰਵਾਊਗਾ।’’
‘‘ਆਉਣਾ ਕਿਹੜਾ ਸੌਖਾ ਪਿਆ।’’
‘‘ਕਦੇ ਨੂੰਹ ਨੇ ਨ੍ਹੀਂ ਕਿਹਾ ਕਿ ਮੰਮੀ ਜੀ ਤੁਸੀਂ ਅਜੇ ਨ੍ਹੀਂ ਜਾਣਾ?’’ ਉਹ ਪੁੱਛਦਾ।
‘‘ਨਾ ਜੀ ਨਾ। ਉਸ ਦੇ ਮੂੰਹੋਂ ਇੱਕ ਵਾਰ ਨ੍ਹੀਂ ਨਿਕਲਿਆ ਕਿ ਤੁਸੀਂ ਅਜੇ ਨਾ ਜਾਇਓ।’’
‘‘ਪੋਤਾ ਅਜੇ ਤਿੰਨ ਮਹੀਨਿਆਂ ਦਾ ਏ। ਉਸ ਇਕੱਲੀ ਲਈ ਸੰਭਾਲਣਾ ਔਖਾ ਹੋ ਜਾਊ।’’ ਉਹ ਆਪਣੇ ਪੋਤੇ ਬਾਰੇ ਸੋਚਦਾ।
‘‘ਪ੍ਰੀਤੀ ਕਹਿੰਦੀ ਸੀ ਕਿ ਜਦੋਂ ਤੁਸੀਂ ਚਲੇ ਗਏ, ਮੈਂ ਮੁੰਡੇ ਨੂੰ ਪਰੈਮ ’ਚ ਪਾ ਕੇ ਰਸੋਈ ਦਾ ਕੰਮ ਕਰ ਲਿਆ ਕਰਨਾ।’’
‘‘ਐਵੇਂ ਨ੍ਹੀਂ ਸਿਆਣਿਆਂ ਕਿਹਾ ਕਿ ਸੱਸ ਤਾਂ ਮਿੱਟੀ ਦੀ ਮਾਣ ਨ੍ਹੀਂ ਹੁੰਦੀ। ਉਹ ਤੁਹਾਡੇ ਕਰਕੇ ਔਖੀ ਹੋ ਗਈ ਹੋਣੀ ਐ।’’
‘‘ਜੇ ਮੈਂ ਸੱਸਾਂ ਵਰਗੀ ਸੱਸ ਹੁੰਦੀ ਤਾਂ ਔਖੀ ਹੁੰਦੀ। ਉਹ ਉੱਨੀ ਕਰੇ, ਇੱਕੀ ਕਰੇ, ਅਗਲੀ ਦਾ ਘਰ ਆ। ਮੈਂ ਫ਼ਜ਼ੂਲ ਦੀ ਦਖ਼ਲਅੰਦਾਜ਼ੀ ਤੋਂ ਕੀ ਲੈਣਾ।’’ ਉਹ ਕਹਿਣ ਨੂੰ ਤਾਂ ਕਹਿ ਦਿੰਦੀ ਪਰ ਤਰਸੇਮ ਨੂੰ ਲੱਗਦਾ ਕਿ ਉਹ ਅੰਦਰੋਂ ਦੁਖੀ ਸੀ। ਜੇ ਬਲਜੀਤ ਦੀ ਭੂਆ, ਮਾਸੀ, ਤਾਈ ਜਾਂ ਕਿਸੇ ਹੋਰ ਦਾ ਫ਼ੋਨ ਆਉਂਦਾ ਤਾਂ ਪ੍ਰੀਤੀ ਨਮਸਤੇ, ਪੈਰੀਂ ਪੈਣਾ ਬੁਲਾ ਕੇ ਇੱਕ ਮਿੰਟ ਗੱਲ ਕਰਦੀ। ਫੇਰ ਸੱਤਿਆ ਨੂੰ ਫੋਨ ਫੜਾ ਦਿੰਦੀ। ਸੱਤਿਆ ਬੁੜਬੁੜ ਕਰਦੀ, ‘‘ਜੇ ਪਿਛਲਿਆਂ ਦਾ ਫੋਨ ਆਵੇ ਤਾਂ ਇਹ ਘੰਟਾ-ਘੰਟਾ ਲੱਗੀ ਰਹਿੰਦੀ ਏ। ਸਾਡਿਆਂ ਨਾਲ ਇਸ ਨੂੰ ਇੱਕ ਮਿੰਟ ਗੱਲ ਕਰਨੀ ਔਖੀ ਲੱਗਦੀ ਏ।’’
ਪ੍ਰੀਤੀ ਉਨ੍ਹਾਂ ਦਾ ਬਹੁਤ ਖਿਆਲ ਰੱਖਦੀ। ਸਮੇਂ ਸਿਰ ਖਾਣਾ ਦਿੰਦੀ। ਉਸ ਨੂੰ ਪਤਾ ਹੁੰਦਾ ਸੀ ਕਿ ਉਸ ਦੇ ਸਹੁਰੇ ਨੇ ਕਿਸ ਵੇਲੇ ਰੋਟੀ ਖਾਣੀ ਹੁੰਦੀ ਹੈ। ਚਾਹ ਪੀਣੀ ਹੁੰਦੀ ਹੈ। ਉਸ ਨੇ ਇੱਕ ਤਰ੍ਹਾਂ ਰੁਟੀਨ ਬਣਾ ਲਈ ਸੀ। ਸਵੇਰ ਨੂੰ ਦਸ ਕੁ ਵਜੇ ਰੋਟੀ। ਦੋ ਤੋਂ ਤਿੰਨ ਵਜੇ ਦੇ ਵਿਚਕਾਰ ਦਲੀਆ। ਰਾਤ ਨੂੰ ਸਾਢੇ ਸੱਤ ਵਜੇ ਦੁੱਧ ਵਿੱਚ ਬਰੈੱਡ ਦੇ ਦੋ ਪੀਸ ਪਾ ਕੇ ਜਾਂ ਦਾਲ ਵਿੱਚ ਇੱਕ ਰੋਟੀ ਚੂਰ ਕੇ। ਤਰਸੇਮ ਨੂੰ ਲੱਗਦਾ ਕਿ ਉਹ ਇਸ ਕਰਕੇ ਵੀ ਕਰਦੀ ਸੀ ਕਿ ਉਸ ਨੇ ਪ੍ਰੀਤੀ ’ਤੇ ਪੰਦਰ੍ਹਾਂ ਲੱਖ ਖਰਚਿਆ ਸੀ। ਵਿਆਹ ਤੋਂ ਪਹਿਲਾਂ ਬਲਜੀਤ ਨੇ ਆਪਣੇ ਡੈਡੀ ਨੂੰ ਕਿਹਾ ਸੀ ਕਿ ਪ੍ਰੀਤੀ ਦੇ ਪਿਉ ਨਾਲ ਗੱਲ ਕਰ ਲਓ ਕਿ ਵੀਜ਼ੇ ਤੇ ਬੀਮੇ ’ਤੇ ਕਾਫ਼ੀ ਖਰਚਾ ਆਉਣਾ ਹੈ। ਉਹ ਅੱਧਾ ਦੇਣਾ ਮੰਨਣ। ਤਰਸੇਮ ਨੇ ਉਸ ਨੂੰ ਕਿਹਾ ਸੀ ਕਿ ਕੁੜੀ ਵਾਲੇ ਕਿਉਂ ਖਰਚ ਕਰਨ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਬਲਜੀਤ ਨੇ ਵਿਆਹ ਤੋਂ ਮਹੀਨੇ ਮਗਰੋਂ ਹੀ ਕਹਿ ਦਿੱਤਾ ਸੀ, ‘‘ਤੁਸੀਂ ਜ਼ਿੰਮੇਵਾਰੀ ਚੁੱਕੀ ਸੀ। ਹੁਣ ਆਪੇ ਖਰਚਾ ਕਰੋ।’’ ਤਰਸੇਮ ਨੇ ਪ੍ਰੀਤੀ ਦੇ ਖਰਚੇ ਦੀ ਜ਼ਿੰਮੇਵਾਰੀ ਆਪਣੇ ਸਿਰ ਚੁੱਕੀ ਸੀ। ਪ੍ਰੀਤੀ ਦੇ ਪਿਉ ਨੇ ਇੱਕ ਵਾਰ ਨਹੀਂ ਕਿਹਾ ਸੀ ਕਿ ਉਹ ਮਦਦ ਕਰਨਗੇ। ਜਦੋਂ ਪ੍ਰੀਤੀ ਨੇ ਜਾਣਾ ਸੀ, ਉਦੋਂ ਉਸ ਦੇ ਭਰਾ ਨੇ ਕਿਹਾ ਸੀ ਕਿ ਉਸ ਦੇ ਇੱਕ ਦੋਸਤ ਦੀ ਟੈਕਸੀ ਹੈ। ਉਹ ਟੈਕਸੀ ਲੈ ਕੇ ਆਵੇਗਾ। ਪਰ ਤੀਜੇ ਦਿਨ ਹੀ ਉਸ ਦਾ ਫ਼ੋਨ ਆ ਗਿਆ ਸੀ, ‘‘ਅੰਕਲ ਜੀ, ਉਸ ਦਿਨ ਟੈਕਸੀ ਵਾਲਾ ਵਿਹਲਾ ਨ੍ਹੀਂ।’’ ਤਰਸੇਮ ਨੇ ਉਸ ਨੂੰ ਕੀ ਕਹਿਣਾ ਸੀ, ਸੱਤਿਆ ਨੂੰ ਦੱਸਿਆ ਸੀ, ‘‘ਦੇਖ ਲੈ ਆਪਣੇ ਕੁੜਮ। ਅੱਠ ਹਜ਼ਾਰ ਖਰਚਣ ਲੱਗੇ ਵੀ ਮੋਕ ਮਾਰ ਗਏ।’’ ਸੱਤਿਆ ਨੇ ਕਿਹਾ ਸੀ, ‘‘ਕਿਹੜਾ ਕੋਈ ਕਿਸੇ ਬਾਰੇ ਸੋਚਦਾ ਏ। ਅੱਜਕੱਲ੍ਹ ਰਿਸ਼ਤੇ ਨਾਂ ਦੇ ਰਹਿ ਗਏ ਨੇ।’’
ਇਉਂ ਹੀ ਅੱਠ-ਨੌਂ ਮਹੀਨੇ ਬੀਤ ਗਏ। ਉਨ੍ਹਾਂ ਨੇ ਇੱਥੇ ਪੱਕੇ ਤੌਰ ’ਤੇ ਰਹਿਣਾ ਨਹੀਂ ਸੀ। ਸਾਲ ਮਗਰੋਂ ਵਾਪਸ ਆਉਣਾ ਹੀ ਪੈਣਾ ਸੀ। ਕੋਵਿਡ ਜ਼ਿਆਦਾ ਫੈਲਣ ਲੱਗਾ ਤਾਂ ਬਲਜੀਤ ਨੇ ਉਨ੍ਹਾਂ ਨੂੰ ਵਾਪਸੀ ਦੀਆਂ ਟਿਕਟਾਂ ਲੈ ਦਿੱਤੀਆਂ, ‘‘ਤੁਸੀਂ ਚਾਰ ਮਹੀਨੇ ਇੰਡੀਆ ’ਚ ਲਾ ਆਉ। ਹੁਣ ਉੱਥੇ ਠੰਢ ਸ਼ੁਰੂ ਹੋ ਗਈ। ਇੱਥੇ ਗਰਮੀ। ਮਾਰਚ ’ਚ ਮੈਂ ਤੁਹਾਨੂੰ ਵਾਪਸ ਬੁਲਾ ਲੈਣਾ।’’
ਜਿੱਦਾਂ-ਜਿੱਦਾਂ ਉਨ੍ਹਾਂ ਦੇ ਜਾਣ ਦੇ ਦਿਨ ਨੇੜੇ ਆਉਣ ਲੱਗੇ, ਉੱਦਾਂ-ਉੱਦਾਂ ਆਪਣੇ ਪੋਤੇ ਨੂੰ ਦੇਖ ਕੇ ਉਨ੍ਹਾਂ ਦੋਹਾਂ ਦੇ ਹੌਲ ਪੈਂਦਾ। ਸੱਤਿਆ ਕਹਿੰਦੀ, ‘‘ਹੈਂ, ਮੇਰਾ ਤਾਂ ਜਾ ਕੇ ਦਿਲ ਨ੍ਹੀਂ ਲੱਗਣਾ। ਮੈਂ ਤਾਂ ਉੱਠਣ ਸਾਰ ਮੁੰਡੇ ਨੂੰ ਖਿਡਾਉਣ ਲੱਗ ਜਾਂਦੀ ਆਂ।’’
‘‘ਉੱਥੇ ਜਾ ਕੇ ਫੋਨ ’ਤੇ ਖਿਡਾ ਲਿਆ ਕਰੀਂ,’’ ਤਰਸੇਮ ਕਹਿੰਦਾ।
‘‘ਜਿੰਨਾ ਚਿਰ ਇਸ ਨੂੰ ਦੇਖ ਨਾ ਲਵਾਂ, ਮੈਨੂੰ ਰੱਜ ਜਿਹਾ ਨ੍ਹੀਂ ਆਉਂਦਾ।’’
‘‘ਪਰ ਨੂੰਹ ਨੇ ਇੱਕ ਵਾਰ ਨ੍ਹੀਂ ਕਿਹਾ ਕਿ ਤੁਸੀਂ ਜਾਣਾ ਨ੍ਹੀਂ। ਉਪਰਲੇ ਮਨੋਂ ਵੀ ਕਿ ਪੋਤੇ ਨੂੰ ਦਾਦਾ-ਦਾਦੀ ਖਿਡਾਇਆ ਕਰਨਗੇ ਤੇ ਉਹ ਕੰਮ ’ਤੇ ਜਾਇਆ ਕਰੇਗੀ।’’
‘‘ਉਸ ਦੀ ਜ਼ੁਬਾਨ ਨੂੰ ਕੀੜੇ ਪੈ ਜਾਣ ਜੇ ਉਸ ਨੇ ਇੱਕ ਵਾਰ ਵੀ ਸੁਲਾਹ ਮਾਰੀ ਹੋਵੇ।’’
ਮੈਲਬਰਨ ਤੋਂ ਸਿੰਗਾਪੁਰ 6040 ਕਿਲੋਮੀਟਰ ਦੂਰ ਹੈ। ਜਹਾਜ਼ ਉੱਡੇ ਨੂੰ ਦੋ ਘੰਟੇ ਹੋ ਗਏ ਸਨ। ਉਨ੍ਹਾਂ ਨੇ ਏਅਰ ਹੋਸਟੈੱਸ ਵੱਲੋਂ ਦਿੱਤਾ ਖਾਣਾ ਖਾ ਲਿਆ ਸੀ। ਅਜੇ ਸਾਢੇ ਪੰਜ ਘੰਟੇ ਲੱਗਣੇ ਸਨ। ਸੱਤਿਆ ਨੇ ਤਰਸੇਮ ਨੂੰ ਕਿਹਾ, ‘‘ਪੋਤਾ ਆਲਾ-ਦੁਆਲਾ ਦੇਖਦਾ ਹੋਣਾ ਕਿ ਮੇਰੀ ਦਾਦੀ ਕਿੱਥੇ ਚਲੇ ਗਈ।’’
‘‘ਦੋ-ਚਾਰ ਦਿਨ ਕਰੇਗਾ। ਫੇਰ ਆਪਾਂ ਨੂੰ ਭੁੱਲ ਜਾਵੇਗਾ। ਬੇਪਛਾਣ ਹੋ ਜਾਵੇਗਾ।’’ ਤਰਸੇਮ ਬੋਲਿਆ।
‘‘ਪ੍ਰੀਤੀ ਨੇ ਸ਼ੁਕਰ ਮਨਾਇਆ ਹੋਣਾ ਕਿ ਸੱਸ ਦਫ਼ਾ ਹੋਈ।’’
‘‘ਸ਼ੁਕਰ ਕੀ ਮਨਾਇਆ ਹੋਣਾ, ਉਸ ਨੇ ਤਾਂ ਦੇਸੀ ਘਿਉ ਦਾ ਦੀਵਾ ਜਗਾਇਆ ਹੋਣਾ ਕਿ ਬੁੜ੍ਹਾ ਬੁੜ੍ਹੀ ਦਫ਼ਾ ਹੋਏ। ਵੇਖ ਲਿਆ ਨੂੰਹ ਦਾ ਸੁਆਦ।’’ ਤਰਸੇਮ ਨੇ ਕਿਹਾ।
ਫੇਰ ਦੋਵੇਂ ਚੁੱਪ ਕਰ ਗਏ ਜਿੱਦਾਂ ਕੋਈ ਗੱਲ ਕਰਨ ਵਾਲੀ ਨਾ ਰਹੀ ਹੋਵੇ।
ਸੰਪਰਕ: 98149-03254

Advertisement

Advertisement