For the best experience, open
https://m.punjabitribuneonline.com
on your mobile browser.
Advertisement

ਜ਼ਮੀਨੀ ਮੁਆਵਜ਼ੇ ਤੋਂ ਵਾਂਝੇ ਕਿਸਾਨਾਂ ਵੱਲੋਂ ਭਾਜਪਾ ਤੇ ‘ਆਪ’ ਉਮੀਦਵਾਰਾਂ ਨੂੰ ਘੇਰਨ ਦਾ ਐਲਾਨ

08:01 AM Apr 25, 2024 IST
ਜ਼ਮੀਨੀ ਮੁਆਵਜ਼ੇ ਤੋਂ ਵਾਂਝੇ ਕਿਸਾਨਾਂ ਵੱਲੋਂ ਭਾਜਪਾ ਤੇ ‘ਆਪ’ ਉਮੀਦਵਾਰਾਂ ਨੂੰ ਘੇਰਨ ਦਾ ਐਲਾਨ
ਪਟਿਆਲਾ ’ਚ ਕਿਸਾਨਾਂ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਨਕੇ ਸ਼ਰਮਾ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਪਰੈਲ
ਇੱਥੇ ਬਣ ਰਹੇ ਉੱਤਰੀ ਬਾਈਪਾਸ ਲਈ 24 ਪਿੰਡਾਂ ਦੇ 400 ਤੋਂ ਵੱਧ ਪਰਿਵਾਰਾਂ ਦੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਪਹਿਲਾਂ ਐਕੁਆਇਰ ਕੀਤੀ ਕਰੀਬ 300 ਏਕੜ ਜ਼ਮੀਨ ਦਾ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਨਿਰਧਾਰਤ ਨਿਯਮਾਂ ਤਹਿਤ ਜ਼ਮੀਨ ਦੇ ਬਣਦੇ 10 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਥਾਂ ਸਰਕਾਰ ਵੱਲੋਂ 90 ਲੱਖ ਰੁਪਏ ਪ੍ਰਤੀ ਏਕੜ ਦੇਣ ਦੀ ਹੀ ਗੱਲ ਕੀਤੀ ਜਾ ਰਹੀ ਹੈ, ਜੋ ਵੱਡਾ ਧੋਖਾ ਹੈ। ਢੁਕਵੀਂ ਕਾਰਵਾਈ ਨਾ ਕਰਵਾ ਸਕਣ ਕਰਕੇ ਉਹ ਇੱਥੋਂ ਦੇ ਐੱਮਪੀ ਪ੍ਰਨੀਤ ਕੌਰ ਅਤੇ ਹਲਕਾ ਵਿਧਾਇਕ ਡਾ. ਬਲਬੀਰ ਸਿੰਘ ਤੋਂ ਨਾਖੁਸ਼ ਹਨ। ਇਸ ਲਈ ਇਨ੍ਹਾਂ ਦੇ ਆਉਣ ’ਤੇ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਥੇ ਅੱਜ ਸਿਲਵਰ ਓਕ ਮੈਰਿਜ ਪੈਲੇਸ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਵੱਲੋਂ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਕਿਸਾਨ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ਕਈਆਂ ਦਾ ਕਹਿਣਾ ਸੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੇ ਇਹ ਮਾਮਲਾ ਇਲਾਕੇ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਹਲਕਾ ਵਿਧਾਇਕ ਡਾ. ਬਲਬੀਰ ਸਿੰਘ (ਸਿਹਤ ਮੰਤਰੀ) ਕੋਲ ਕਈ ਵਾਰ ਉਠਾਇਆ। ਉਨ੍ਹਾਂ ਦੀ ਮੰਗ ਜਾਇਜ਼ ਹੋਣ ਦੇ ਬਾਵਜੂਦ ਖੈਰ ਨਾ ਪਈ। ਕੇਂਦਰੀ ਮੰਤਰੀ ਸ੍ਰੀ ਗਡਕਰੀ ਤੱਕ ਵੀ ਪਹੁੰਚ ਕੀਤੀ ਤੇ ਨੌਂ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵੀ ਘਰ ਵੀ ਗਏ ਪਰ ਮੂੰਹ ਦਿਖਾਈ ਵੀ ਨਾ ਹੋ ਸਕੀ ਬਲਕਿ ਓਐੱਸਡੀ ਵੀ ਲਾਰਾ ਲਾ ਕੇ ਮੋੜਦੇ ਰਹੇ।
ਪੀੜਤ ਕਿਸਾਨਾਂ ਦਾ ਕਹਿਣਾ ਸੀ ਕਿ ਭਾਜਪਾ ਤੇ ‘ਆਪ’ ਉਮੀਦਵਾਰ ਉਨ੍ਹਾਂ ਦੀਆਂ ਵੋਟਾਂ ਦੇ ਹੱਕਦਾਰ ਨਹੀਂ ਹਨ। ਇਸ ਲਈ ਜੇ ਉਹ ਐਕੁਆਇਰ ਹੋਈ ਜ਼ਮੀਨ ਨਾਲ ਸਬੰਧਤ 24 ਪਿੰਡਾਂ ਵਿੱਚ ਵੋਟਾਂ ਮੰਗਣ ਆਉਂਦੇ ਹਨ ਤਾਂ ਉਨ੍ਹਾਂ ਵਿਰੋਧ ਕੀਤਾ ਜਾਵੇਗਾ। ਉਧਰ, ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦਾ ਕਹਿਣਾ ਸੀ ਕਿ ਜੇ ਨਿਯਮਾਂ ਮੁਤਾਬਕ ਹਫਤੇ ਅੰਦਰ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ, ਤਾਂ ਅਕਾਲੀ ਦਲ ਕਿਸਾਨਾਂ ਨਾਲ ਮਿਲ ਕੇ ਦੋਵੇਂ ਸਰਕਾਰਾਂ ਖ਼ਿਲਾਫ਼ ਧਰਨੇ ਲਗਾਏਗਾ। ਉਨ੍ਹਾਂ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਿਰਕਤ ਕਰਨਗੇ। ਐਨਕੇ ਸ਼ਰਮਾ ਦਾ ਕਹਿਣਾ ਸੀ ਕਿ ਇਹ ਜ਼ਮੀਨ 2021 ਵਿੱਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਨਾਮ ਚੜ੍ਹ ਗਈ ਸੀ ਪਰ ਮੁਆਵਜ਼ੇ ਦੀ ਅਦਾਇਗੀ ਨਹੀਂ ਹੋਈ। ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਜਾਹਲਾਂ ਪਿੰਡ ਦੇ ਡੇਰੇ ਦੀ 110 ਏਕੜ ਜ਼ਮੀਨ ਅਤੇ ਲੰਗ ਪਿੰਡ ਦੀ ਸੁਸਾਇਟੀ ਦੀ ਜ਼ਮੀਨ ਵੀ ਐਕੁਆਇਰ ਹੋ ਰਹੀ ਹੈ, ਪਰ ਸਰਕਾਰ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ। ਸਗੋਂ ਇਹ ਕਹਿ ਰਹੀ ਹੈ ਕਿ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ, ਜੋ ਜ਼ਮੀਨ ਮਾਲਕਾਂ ਨਾਲ ਧੱਕਾ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਰੱਖੜਾ, ਸਾਬਕਾ ਚੇਅਰਮੈਨ ਹਰਬੰਸ ਲੰਗ ਤੇ ਸੁਖਬੀਰ ਅਬਲੋਵਾਲ, ਹਲਕਾ ਇੰਚਾਰਜ ਬਿੱਟੂ ਚੱਠਾ, ਅਮਰਿੰਦਰ ਬਜਾਜ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਅਤੇ ਪੰਮਾ ਪਨੌਦੀਆਂ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×