ਬੱਸ ਨੂੰ ਅੱਗ ਲੱਗਣ ਕਾਰਨ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਨੌਂ ਵਸਨੀਕਾਂ ਦੀ ਮੌਤ
ਹਰਪ੍ਰੀਤ ਕੌਰ/ਪੀਟੀਆਈ
ਹੁਸ਼ਿਆਰਪੁਰ, ਗੁਰੂਗ੍ਰਾਮ, 18 ਮਈ
ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪਿੰਡ ਧੁਲਾਵਤ ਨੇੜੇ ਅੱਜ ਤੜਕੇ ਇੱਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ ਪੰਜ ਔਰਤਾਂ ਅਤੇ ਇੱਕ ਨਾਬਾਲਗ ਲੜਕੀ ਸਮੇਤ 9 ਵਿਅਕਤੀਆਂ ਦੀ ਝੁਲਸਣ ਕਾਰਨ ਮੌਤ ਹੋ ਗਈ ਜਦਕਿ 17 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਐੱਕਸਪ੍ਰੈਸਵੇਅ ’ਤੇ ਸਵੇਰੇ 2 ਵਜੇ ਦੇ ਕਰੀਬ ਵਾਪਰੀ। ਪੁਲੀਸ ਨੇ ਦੱਸਿਆ ਕਿ ਬੱਸ ਵਿੱਚ ਕਰੀਬ 60 ਵਿਅਕਤੀ ਸਵਾਰ ਸਨ। ਸਾਰੇ ਪੰਜਾਬ ਦੇ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਵਸਨੀਕ ਸਨ ਅਤੇ ਆਪਸ ਵਿੱਚ ਰਿਸ਼ਤੇਦਾਰ ਸਨ। ਉਹ ਵਰਿੰਦਾਵਨ ਤੋਂ ਪਰਤ ਰਹੇ ਸਨ।
ਪੁਲੀਸ ਅਨੁਸਾਰ ਅੱਗ ਲੱਗਣ ਦਾ ਕਾਰਨ ਬੱਸ ਦੇ ਏਸੀ ਬਾਕਸ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ 17 ਜ਼ਖ਼ਮੀਆਂ ’ਚੋਂ 14 ਨੂੰ ਨਲਹਾਰ ਮੈਡੀਕਲ ਕਾਲਜ ਨੂਹ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤਿੰਨ ਔਰਤਾਂ ਦਾ ਹਾਲੇ ਵੀ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਤਾ ਨੇ ਕਿਹਾ ਕਿ ਮਧੂਬਨ ਦੀ ਫੋਰੈਂਸਿਕ ਟੀਮ ਬੱਸ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਉਪ ਮੰਡਲ ਅਫ਼ਸਰ (ਐੱਸਡੀਐਮ) ਸੰਜੀਵ ਕੁਮਾਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਸਥਾਨਕ ਵਾਸੀ ਵਸੀਮ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਲੋਕਾਂ ਨੇ ਡਰਾਈਵਰ ਨੂੰ ਫੋਨ ਕਰ ਕੇ ਬੱਸ ਰੋਕਣ ਲਈ ਕਿਹਾ ਪਰ ਉਹ ਬੱਸ ਚਲਾਉਂਦਾ ਰਿਹਾ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮੋਟਰਸਾਈਕਲ ’ਤੇ ਬੱਸ ਦਾ ਪਿੱਛਾ ਵੀ ਕੀਤਾ ਪਰ ਉਦੋਂ ਤੱਕ ਅੱਗ ਬੱਸ ਦੇ ਅੰਦਰ ਫੈਲ ਚੁੱਕੀ ਸੀ। ਪੁਲੀਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਵਿੱਚ ਮਾਰੇ ਗਏ ਨੌਂ ਵਿਅਕਤੀਆਂ ’ਚੋਂ ਤਿੰਨ ਦੀ ਹਾਲੇ ਪਛਾਣ ਨਹੀਂ ਹੋ ਸਕੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਸ਼ੀ ਸ਼ਰਮਾ, ਗੌਤਮ ਸ਼ਰਮਾ, 12 ਸਾਲਾ ਜੋਵਿਤਾ ਉਰਫ਼ ਖੁਸ਼ੀ ਸਾਰੇ ਵਾਸੀ ਸ਼ਾਲੀਮਾਰ ਨਗਰ (ਹੁਸ਼ਿਆਰਪੁਰ), ਸੁਨੀਤਾ ਭਸੀਨ ਵਾਸੀ ਮਾਡਲ ਟਾਊਨ ਕਮਲਪੁਰ, ਦਰਸ਼ਨ ਲਾਲ ਵਾਸੀ ਜਲੰਧਰ ਅਤੇ ਅਮਰ ਰਾਣੀ ਵਾਸੀ ਨਿਊ ਸੈਣੀ ਐਨਕਲੇਵ ਮੁਹਾਲੀ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਹੰਸਰਾਜ, ਪਾਇਲ ਸ਼ਰਮਾ, ਸੋਨੀ ਸ਼ਰਮਾ, ਸਵਤੰਤਰ ਸ਼ਰਮਾ, ਸੁਦੇਸ਼ ਕੁਮਾਰ, ਉਰਮਿਲਾ ਸ਼ਰਮਾ, ਨਿਸ਼ਾ ਸ਼ਰਮਾ, ਅੰਜੂ ਸ਼ਰਮਾ, ਸੰਗੀਤਾ, ਮੀਨਾ ਰਾਣੀ, ਕ੍ਰਿਸ਼ਨਾ, ਨਰੇਸ਼ ਕੁਮਾਰ, ਜਵਿੰਦਰ ਰਾਣਾ, ਬਲਜੀਤ ਸਿੰਘ, ਪੂਨਮ, ਵਿਜੈ ਕੁਮਾਰ ਅਤੇ ਅਮਨ ਵਜੋਂ ਹੋਈ ਹੈ।
ਰਾਸ਼ਟਰਪਤੀ, ਹਰਿਆਣਾ ਦੇ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਵੱਲੋਂ ਦੁੱਖ ਪ੍ਰਗਟ
ਰਾਸ਼ਟਰਪਤੀ ਦਰੋਪਦੀ ਮੁਰਮੂ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਮੁਰਮੂ ਨੇ ਐਕਸ ’ਤੇ ਕਿਹਾ, ‘‘ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਬੱਸ ਨੂੰ ਅੱਗ ਲੱਗਣ ਦੀ ਘਟਨਾ ਵਿੱਚ ਕਈ ਯਾਤਰੀਆਂ ਦੇ ਮਾਰੇ ਜਾਣ ਦੀ ਖ਼ਬਰ ਬੇਹਦ ਦੁਖਦਾਈ ਹੈ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।’’
ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਨੂਹ ਵਿੱਚ ਬੱਸ ਨੂੰ ਅੱਗ ਲੱਗਣ ਕਾਰਨ ਸ਼ਰਧਾਲੂਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਨ ਨੇ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਭਗਵੰਤ ਮਾਨ ਨੇ ‘ਐਕਸ’ ’ਤੇ ਕਿਹਾ ਕਿ ਹਰਿਆਣਾ ਦੇ ਨੂਹ ’ਚ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਨੂੰ ਅੱਗ ਲੱਗ ਗਈ। ਇਸ ਦੌਰਾਨ ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਗਏ ਪੰਜਾਬੀਆਂ ਦੀ ਮੌਤ ਹੋਣ ਅਤੇ ਕੁੱਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ।