ਸਮਾਜਿਕ ਵਰਤਾਰੇ ’ਚ ਵੰਡਪਾਊ ਰੁਝਾਨ ਨਕਾਰੇ ਜਾਣ: ਮੁਰਮੂ
* ਰਾਸ਼ਟਰਪਤੀ ਨੇ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਦੇਸ਼ਵਾਸੀਆਂ ਨੂੰ ਕੀਤਾ ਸੰਬੋਧਨ
* ਸਮਾਜਿਕ ਲੋਕਤੰਤਰ ਮਜ਼ਬੂਤ ਹੋਣ ਦਾ ਕੀਤਾ ਦਾਅਵਾ
ਨਵੀਂ ਦਿੱਲੀ, 14 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਮਾਜਿਕ ਵਰਤਾਰੇ ’ਚ ਵੰਡਪਾਊ ਰੁਝਾਨ ਨਕਾਰੇ ਜਾਣ ਦੀ ਅਪੀਲ ਕਰਦਿਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਹਾਂ-ਪੱਖੀ ਫ਼ੈਸਲਿਆਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। 78ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ’ਚ ਮੁਰਮੂ ਨੇ ਦੇਸ਼ ’ਚ ਸਿਆਸੀ ਲੋਕਤੰਤਰ ਦੀ ਮਜ਼ਬੂਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਮਾਜਿਕ ਲੋਕਤੰਤਰ ਵੱਲ ਤਰੱਕੀ ਦੀ ਝਲਕ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੁਲਕ ਆਪਣੀ ਵਿਭਿੰਨਤਾ ਅਤੇ ਬਹੁਲਵਾਦ ਨਾਲ ਇਕਜੁੱਟ ਹੋ ਕੇ ਅੱਗੇ ਵਧ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ, ‘‘ਨਰਿੰਦਰ ਮੋਦੀ ਸਰਕਾਰ ਦੀ ਸਮਾਜਿਕ ਨਿਆਂ ਸਿਖਰਲੀ ਤਰਜੀਹ ਹੈ ਜਿਨ੍ਹਾਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹਾਸ਼ੀਏ ’ਤੇ ਧੱਕੇ ਹੋਰ ਭਾਈਚਾਰਿਆਂ ਦੀ ਭਲਾਈ ਲਈ ਕਈ ਮਿਸਾਲੀ ਉਪਰਾਲੇ ਕੀਤੇ ਹਨ।’’ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿਆਸੀ ਲੋਕਤੰਤਰ ਉਦੋਂ ਤੱਕ ਨਹੀਂ ਟਿਕ ਸਕਦਾ ਜਦੋਂ ਤੱਕ ਕਿ ਉਸ ਦੇ ਆਧਾਰ ’ਚ ਸਮਾਜਿਕ ਲੋਕਤੰਤਰ ਨਾ ਹੋਵੇ। ਮੁਰਮੂ ਨੇ ਹਾਸ਼ੀਏ ’ਤੇ ਧੱਕੇ ਵਰਗਾਂ ਦੀ ਭਲਾਈ ਲਈ ਸਰਕਾਰ ਵੱਲੋਂ ਪੀਐੱਮ-ਸੁਰਾਜ ਅਤੇ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਏ ਮਹਾ ਅਭਿਆਨ ਸਮੇਤ ਹੋਰ ਚੁੱਕੇ ਗਏ ਕਈ ਕਦਮਾਂ ਦੇ ਵੇਰਵੇ ਦਿੱਤੇ। ਉਨ੍ਹਾਂ ‘ਨਮਸਤੇ’ ਯੋਜਨਾ ਦਾ ਵੀ ਜ਼ਿਕਰ ਕੀਤਾ ਜੋ ਮੈਲਾ ਢੋਣ ਦੀ ਪ੍ਰਥਾ ਨੂੰ ਖ਼ਤਮ ਕਰਨ ’ਤੇ ਕੇਂਦਰਿਤ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਮਾਜ ’ਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ ਪਰ ਰਵਾਇਤੀ ਪੱਖਪਾਤ ਅਜੇ ਵੀ ਜਾਰੀ ਹੈ। ਮੁਰਮੂ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਦੌਰਾਨ ਔਰਤਾਂ ਦੀ ਭਲਾਈ ਲਈ ਬਜਟ ਤਿੰਨ ਗੁਣਾ ਹੋ ਗਿਆ ਹੈ। ਉਨ੍ਹਾਂ ਨਾਰੀ ਸ਼ਕਤੀ ਵੰਦਨ ਐਕਟ (ਮਹਿਲਾ ਰਾਖਵਾਂਕਰਨ ਐਕਟ) ਦਾ ਵੀ ਜ਼ਿਕਰ ਕੀਤਾ। ਲੋਕ ਸਭਾ ਚੋਣਾਂ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਕਰੀਬ 97 ਕਰੋੜ ਯੋਗ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕਰਕੇ ਨਵਾਂ ਰਿਕਾਰਡ ਬਣਾਇਆ ਜੋ ਸਭ ਤੋਂ ਵੱਡੇ ਚੋਣ ਅਮਲ ਵਜੋਂ ਇਤਿਹਾਸ ’ਚ ਦਰਜ ਹੋ ਗਿਆ ਹੈ। ਉਨ੍ਹਾਂ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਅਤੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ। ਕਿਸਾਨਾਂ ਨੂੰ ਅੰਨਦਾਤੇ ਕਰਾਰ ਦਿੰਦਿਆਂ ਉਨ੍ਹਾਂ ਦੇਸ਼ ਨੂੰ ਖੇਤੀਬਾੜੀ ’ਚ ਆਤਮ-ਨਿਰਭਰ ਬਣਾਉਣ ਲਈ ਕਿਸਾਨਾਂ ਵੱਲੋਂ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸੜਕਾਂ, ਰੇਲਵੇ ਅਤੇ ਬੰਦਰਗਾਹਾਂ ਸਮੇਤ ਬੁਨਿਆਦੀ ਢਾਂਚੇ ’ਚ ਸੁਧਾਰਾਂ ਦਾ ਵੀ ਹਵਾਲਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਸੈਮੀਕੰਡਕਟਰ ਅਤੇ ਮਸਨੂਈ ਬੌਧਿਕਤਾ (ਏਆਈ) ਵਰਗੇ ਸੈਕਟਰਾਂ ’ਚ ਤਰੱਕੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਨਾਲ ਸਟਾਰਟਅੱਪਸ ਲਈ ਸੁਖਾਵਾਂ ਮਾਹੌਲ ਅਤੇ ਨਿਵੇਸ਼ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਆਰਥਿਕ ਸੁਧਾਰਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਵੰਡ ਤ੍ਰਾਸਦੀ ਯਾਦ ਦਿਹਾੜੇ ਦੇ ਸਬੰਧ ’ਚ ਕਿਹਾ ਕਿ ਜਦੋਂ ਮੁਲਕ ਆਜ਼ਾਦੀ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਸਾਨੂੰ ਵੰਡ ਦੀ ਤ੍ਰਾਸਦੀ ਨੂੰ ਚੇਤੇ ਰਖਦਿਆਂ ਪ੍ਰਭਾਵਿਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ ਅਤੇ ਅਸੀਂ ਵਿਸ਼ਵ ਦੇ ਤਿੰਨ ਸਿਖਰਲੇ ਅਰਥਚਾਰਿਆਂ ’ਚ ਸਥਾਨ ਹਾਸਲ ਕਰਨ ਲਈ ਤਿਆਰ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਆਪਣੀ ਤਾਕਤ ਦੀ ਵਰਤੋਂ ਆਲਮੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਕਰਨਾ ਚਾਹੁੰਦਾ ਹੈ। ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ, ਸਰਦਾਰ ਪਟੇਲ, ਨੇਤਾਜੀ ਸੁਭਾਸ਼ ਚੰਦਰ ਬੋਸ, ਬਾਬਾ ਸਾਹਿਬ ਅੰਬੇਡਕਰ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਜਿਹੇ ਕਈ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕੀਤਾ। -ਪੀਟੀਆਈ