ਸਰਕਾਰ ਦੀ ਵਾਅਦਾਖ਼ਿਲਾਫੀ ਵਿਰੁੱਧ ਘੜੇ ਭੰਨ ਮੁਜ਼ਾਹਰੇ
ਧਿਆਨ ਸਿੰਘ ਭਗਤ
ਕਪੂਰਥਲਾ, 27 ਜੁਲਾਈ
ਪੰਜਾਬ ਤੇ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਸਾਹਮਣੇ ਜ਼ਿਲ੍ਹਾ ਪ੍ਰਧਾਨ ਸਾਬਕਾ ਪ੍ਰਿੰਸੀਪਲ ਕੇਵਲ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਘੜਾ ਭੰਨ ਕੇ ਅਤੇ ਮੁਲਾਜ਼ਮ ਮਾਰੂ ਪੱਤਰ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਫੈਸਲਿਆਂ ਵਿਰੁੱਧ ਇਹ ਹਫ਼ਤਾ ਮਨਾਇਆ ਗਿਆ ਹੈ। ਸਰਕਾਰ ਨੇ ਕੋਵਿਡ-19 ਦੀ ਆੜ ਵਿੱਚ ਇਹ ਮਾਰੂ ਫੈਸਲੇ ਲੈ ਰਹੀ ਹੈ ਜੋ ਨਿੰਦਣਯੋਗ ਹਨ। ਗੌਰਮਿੰਟ ਪੈਨਸ਼ਨਰ ਯੂਨੀਅਨ ਘੜੇ ਭੰਨ੍ਹ ਕੇ ਮੁਜ਼ਾਹਰਾ ਕਰਦੀ ਹੋਈ।
ਫਿਲੌਰ(ਪੱਤਰ ਪ੍ਰੇਰਕ): ਇਥੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਕੈਪਟਨ ਸਰਕਾਰ ਦੇ ਵਾਅਦਾਖ਼ਿਲਾਫੀ ਵਿਰੁੱਧ ਇਥੇ ਪਾਪਾਂ ਦਾ ਘੜਾ ਭੰਨਿਆ। ਇਸ ਮੌਕੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਨੇ ਹੋਰਨਾ ਮੰਗਾਂ ਸਬੰਧੀ ਬੋਲਦਿਆਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੇ ਭੱਤੇ ਵਧਾਏ ਜਾ ਰਹੇ ਹਨ ਪਰ ਸਾਰੀ ਉਮਰ ਨੌਕਰੀ ਕਰਨ ਵਾਲਿਆਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਸਗੋਂ ਵਿਧਾਇਕਾਂ ਨੂੰ ਹਰ ਟਰਮ ਦੀ ਵੱਖਰੀ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਕਾਰਨ ਸਰਕਾਰ ਦੇ ਪਾਪਾਂ ਦਾ ਘੜਾ ਭੰਨਿਆ ਗਿਆ।