ਨਵੀਂ ਭਰਤੀ ਲਈ ਰੱਖੀਆਂ ਸ਼ਰਤਾਂ ਨਰਮ ਕਰਵਾਉਣ ਲਈ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਪੀਏਯੂ ਵਿੱਚ ਕੱਚੇ ਚੌਕੀਦਾਰਾਂ ਵਜੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਨੇ ਨਵੀਂ ਭਰਤੀ ਲਈ ਦਿੱਤੇ ਇਸ਼ਤਿਹਾਰ ਵਿੱਚ ਰੱਖੀਆਂ ਗਈਆਂ ਸ਼ਰਤਾਂ ਨਰਮ ਕਰਵਾਉਣ ਲਈ ਅੱਜ ਪੀਏਯੂ ਦੇ ਥਾਪਰ ਹਾਲ ਅੱਗੇ ਰੋਸ ਧਰਨਾ ਦਿੱਤਾ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇੰਨੀਆਂ ਸਖਤ ਸ਼ਰਤਾਂ ਤਾਂ ਫੌਜ ਵਿੱਚ ਭਰਤੀ ਸਮੇਂ ਨਹੀਂ ਹੁੰਦੀਆਂ ਜਿੰਨੀਆਂ ਚੌਕੀਦਾਰ ਰੱਖਣ ਲਈ ਰੱਖੀਆਂ ਗਈਆਂ ਹਨ। ਚੌਕੀਦਾਰ ਡੀਪੀਐੱਲ ਐਸੋਸੀਏਸ਼ਨ ਪੀਏਯੂ ਦੇ ਪ੍ਰਧਾਨ ਚਮਕੌਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਅੱਜ ਕੱਚੇ ਚੌਕੀਦਾਰਾਂ ਨੇ ਰੋਸ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੀਏਯੂ ਵਿੱਚ ਚੌਕੀਦਾਰਾਂ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ। ਇਸ ਵਿੱਚ ਚੌਕੀਦਾਰ ਦੀ ਭਰਤੀ ਲਈ ਫਿਕਸ ਤਨਖਾਹ ਵਾਲਿਆਂ ਲਈ ਤਜਰਬਾ 5 ਸਾਲ ਜਦਕਿ ਪਹਿਲਾਂ ਹੀ ਪੀਏਯੂ ਵਿੱਚ ਕੱਚੇ ਚੌਕੀਦਾਰਾਂ ਵਜੋਂ ਤਾਇਨਾਤ ਮੁਲਾਜ਼ਮਾਂ ਲਈ ਇਹ ਤਜਰਬਾ 10 ਸਾਲ ਰੱਖਿਆ ਗਿਆ ਹੈ, ਜੋ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੋਣ ਲਈ 2 ਕਿਲੋਮੀਟਰ ਦੌੜ, ਹਾਈ ਜੰਪ ਅਤੇ ਹੋਰ ਕਈ ਸ਼ਰਤਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਲਿਖਤੀ ਟੈਸਟ ਦੀ ਵੀ ਸ਼ਰਤ ਰੱਖੀ ਹੈ ਜਦਕਿ ਪਹਿਲਾਂ ਲੱਗੇ ਕੱਚੇ ਚੌਕੀਦਾਰਾਂ ਵਿੱਚੋਂ ਬਹੁਤੇ ਅਨਪੜ੍ਹ ਜਾਂ 5ਵੀਂ ਤੋਂ 8ਵੀਂ ਤੱਕ ਪੜ੍ਹੇ ਹੋਏ ਹਨ। ਅਜਿਹੀਆਂ ਸ਼ਰਤਾਂ ਕਰ ਕੇ ਉਨ੍ਹਾਂ ਦੇ ਪੱਕੇ ਹੋਣ ’ਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ। ਚੌਕੀਦਾਰਾਂ ਦੀ ਭਰਤੀ ਲਈ ਰੱਖੀਆਂ ਉਕਤ ਸ਼ਰਤਾਂ ਨੂੰ ਨਰਮ ਕਰਵਾਉਣ ਲਈ ਹੀ ਅੱਜ ਇਹ ਰੋਸ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿੰਨੀ ਦੇਰ ਤੱਕ ਸ਼ਰਤਾਂ ਨਰਮ ਕਰ ਕੇ ਦੁਬਾਰਾ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ, ਧਰਨਾ ਖਤਮ ਨਹੀਂ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਹੁਣ ਜਦੋਂ ਪੱਕੇ ਹੋਣ ਦੀ ਆਸ ਬੱਝੀ ਹੈ ਤਾਂ ਸਖਤ ਸ਼ਰਤਾਂ ਰੱਖ ਕੇ ਉਨ੍ਹਾਂ ਦੇ ਭਵਿੱਖ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।