ਕਾਲੇ ਪਾਣੀ ਦਾ ਮੋਰਚਾ ਵਿਰੁੱਧ ਡਾਇੰਗਾਂ ਯੂਨਿਟਾਂ ਵੱਲੋਂ ਸ਼ਕਤੀ ਪ੍ਰਦਰਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਦਸੰਬਰ
ਸ਼ਹਿਰ ਦੀਆਂ ਡਾਇੰਗ ਯੂਨਿਟਾਂ ਨੇ ‘ਕਾਲੇ ਪਾਣੀ ਦਾ ਮੋਰਚਾ’ ਵਿਰੁੱਧ ਅੱਜ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ। ਜਦੋਂ ਫਿਰੋਜ਼ਪੁਰ ਰੋਡ ’ਤੇ ਲੋਕ ਬੁੱਢੇ ਦਰਿਆ ਨੂੰ ਬੰਨ੍ਹ ਲਗਾਉਣ ਲਈ ਇਕੱਠੇ ਹੋ ਰਹੇ ਸਨ, ਉਦੋਂ ਡਾਇੰਗਾਂ ਸਨਅਤਕਾਰਾਂ ਨੇ ਪੰਜਾਬ ਡਾਇੰਗ ਐਸੋਸੀਏਸ਼ੇਨ (ਪੀਡੀਏ) ਨੇ ਹਜ਼ਾਰਾਂ ਮਜ਼ਦੂਰਾਂ ਨਾਲ ਮਿਲ ਕੇ ਤਾਜਪੁਰ ਰੋਡ ’ਤੇ ਵੱਡਾ ਇਕੱਠਾ ਕੀਤਾ। ਇੱਥੇ ਸਨਅਤਕਾਰਾਂ ਨੇ ਸਾਫ਼ ਤੌਰ ’ਤੇ ਕਿਹਾ ਕਿ ਕਾਲੇ ਪਾਣੀ ਦੇ ਮੋਰਚਾ ਵਾਲੇ ਸਨਅਤਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਸਨਅਤਕਾਰਾਂ ਨੇ ਦਾਅਵਾ ਕੀਤਾ ਕਿ ਉਹ ਜੋ ਪਾਣੀ ਵੀ ਬੁੱਢੇ ਦਰਿਆ ਵਿੱਚ ਸੁੱਟ ਰਹੇ ਹਨ, ਉਹ ਟਰੀਟ ਕੀਤਾ ਗਿਆ ਪਾਣੀ ਹੈ। ਉਸਨੂੰ ਬੁੱਢੇ ਦਰਿਆ ਵਿੱਚ ਸੁੱਟਣ ਲਈ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ। ਡਾਇੰਗ ਯੂਨਿਟਾਂ ਨੇ ਇੱਥੇ ਹਜ਼ਾਰਾਂ ਮਜ਼ਦੂਰ ਇਕੱਠੇ ਕੀਤੇ ਤੇ ਫਿਰ ਪਹਿਲਾਂ ਸਵੇਰੇ ਤੇ ਫਿਰ ਦੁਪਹਿਰ ਨੂੰ ਲੰਗਰ ਵੀ ਲਾਇਆ।
ਤਾਜਪੁਰ ਰੋਡ ’ਤੇ ਸ਼ਹਿਰ ਵਿੱਚ ਜਿੱਥੇ ਜਿੱਥੇ ਵੀ ਡਾਇੰਗਾਂ ਹਨ, ਉਨ੍ਹਾਂ ਦੇ ਸਨਅਤਕਾਰਾਂ ਨੇ ਮੋਰਚੇ ਦਾ ਵਿਰੋਧ ਕਰਨ ਲਈ 24 ਘੰਟੇ ਸਨਅਤਾਂ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਡਾਇੰਗ ਯੂਨਿਟਾਂ ਦੇ ਸਨਅਤਕਾਰਾਂ ਨੇ ਆਪਣੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਮਜ਼ਦੂਰਾਂ ਨੂੰ ਤਾਜਪੁਰ ਰੋਡ ਪ੍ਰਦਰਸ਼ਨ ਵਿੱਚ ਭੇਜਿਆ।
ਤਾਜਪੁਰ ਰੋਡ ਤੋਂ ਪਹਿਲਾਂ ਹੀ ਪੁਲੀਸ ਨੇ ਕੀਤੀ ਨਾਕਾਬੰਦੀ
ਕਾਲੇ ਪਾਣੀ ਦੇ ਮੋਰਚੇ ਨਾਲ ਸਬੰਧਤ ਲੋਕ ਤੇ ਕਾਰਕੁਨ ਤਾਜਪੁਰ ਰੋਡ ’ਤੇ ਨਾ ਪੁੱਜ ਜਾਣ, ਇਸ ਲਈ ਪੁਲੀਸ ਨੇ ਤਾਜਪੁਰ ਰੋਡ ਤੋਂ ਪਹਿਲਾਂ ਹੀ ਨਾਕਾਬੰਦੀ ਕੀਤੀ ਸੀ ਜਿੱਥੇ ਪੁਲੀਸ ਨੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ। ਇਸ ਦੌਰਾਨ ਸੀ.ਈ.ਟੀ.ਪੀ ਪਲਾਂਟ ਵੱਲ ਜਾ ਰਹੇ ਨਿਹੰਗ ਸਿੰਘਾਂ ਦੀ ਪੁਲੀਸ ਨਾਲ ਤਲਖੀ ਹੋ ਗਈ। ਮਾਹੌਲ ਇੱਕ ਦਮ ਇੰਨਾ ਗਰਮਾ ਗਿਆ ਕਿ ਹੱਥੋਪਾਈ ਵਿੱਚ ਇੱਕ ਨੌਜਵਾਨ ਦੀ ਪੱਗ ਲੱਥ ਗਈ ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਮੁਆਫ਼ੀ ਮੰਗੀ ਤੇ ਖ਼ੁਦ ਨੌਜਵਾਨ ਦੀ ਦਸਤਾਰ ਸਜਾ ਕੇ ਮਾਮਲੇ ਨੂੰ ਸ਼ਾਂਤ ਕੀਤਾ।
ਮੁਜ਼ਾਹਰੇ ਕਾਰਨ ਸ਼ਹਿਰ ਵਿੱਚ ਟਰੈਫਿਕ ਦਾ ਬੁਰਾ ਹਾਲ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸਨਅਤੀ ਸ਼ਹਿਰ ਵਿੱਚ ਕਾਲੇ ਪਾਣੀ ਦੇ ਮੋਰਚਾ ਵੱਲੋਂ ਬੁੱਢੇ ਦਰਿਆ ਨੂੰ ਬੰਨ੍ਹ ਮਾਰਨ ਲਈ ਰੱਖੇ ਗਏ ਮੁਜ਼ਾਹਰੇ ਤੇ ਰੋਸ ਮਾਰਚ ਕਾਰਨ ਸ਼ਹਿਰ ਵਾਸੀ ਟਰੈਫਿਕ ਜਾਮ ਵਿੱਚ ਫਸੇ ਰਹੇ। ਸ਼ਹਿਰ ਵਿੱਚ ਫਿਰੋਜ਼ਪੁਰ ਰੋਡ ਅਤੇ ਤਾਜਪੁਰ ਰੋਡ ਦੇ ਕਈ ਏਰੀਆ ਪੁਲੀਸ ਵੱਲੋਂ ਪਹਿਲਾਂ ਹੀ ਬੈਰੀਕੇਡਿੰਗ ਕਰ ਕੇ ਬੰਦ ਕਰ ਦਿੱਤੇ ਗਏ ਸਨ ਜਿਸ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਟਰੈਫਿਕ ਜਾਮ ਲੱਗ ਗਿਆ। ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਕਾਫ਼ੀ ਸਮਾਂ ਸੜਕਾਂ ’ਤੇ ਲੱਗੇ ਟਰੈਫਿਕ ਜਾਮ ਦੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਕੱਢਣਾ ਪਿਆ। ਫਿਰੋਜ਼ਪੁਰ ਰੋਡ ਤੇ ਤਾਜਪੁਰ ਰੋਡ ’ਤੇ ਚੱਲ ਰਹੇ ਪ੍ਰਦਰਸ਼ਨ ਕਾਰਨ ਸ਼ਹਿਰ ਵਿੱਚ ਕਈ ਅੰਦਰੂਨੀ ਇਲਾਕਿਆਂ ਵਿੱਚ ਵੀ ਟਰੈਫਿਕ ਜਾਮ ਲੱਗ ਗਿਆ। ਭਾਈ ਵਾਲਾ ਚੌਕ, ਕਾਲਜ ਰੋਡ, ਦਰੇਸੀ ਰੋਡ, ਮਾਤਾ ਰਾਣੀ ਚੌਕ, ਘੰਟਾ ਘਰ ਚੌਕ, ਟਿੱਬਾ ਰੋਡ ਅਤੇ ਤਾਜਪੁਰ ਰੋਡ ਨੇੜੇ ਕਾਫ਼ੀ ਸਮਾਂ ਸੜਕਾਂ ’ਤੇ ਟਰੈਫਿਕ ਜਾਮ ਲੱਗਿਆ ਰਿਹਾ।