ਨੀਟ-ਯੂਜੀ ਵਿਵਾਦ ਨੂੰ ਲੈ ਕੇ ਪੱਛਮੀ ਬੰਗਾਲ ’ਚ ਪ੍ਰਦਰਸ਼ਨ
ਕੋਲਕਾਤਾ/ਨਵੀਂ ਦਿੱਲੀ, 13 ਜੂਨ
ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਵਿਚ ਕਥਿਤ ਬੇਨਿਯਮੀਆਂ ਤੇ ਸਰਕਾਰੀ ਕਾਲਜਾਂ ਵਿਚ ਦਾਖਲਿਆਂ ਨੂੰ ਲੈ ਕੇ ਹੋ ਰਹੀ ਦੇਰੀ ਖਿਲਾਫ਼ ਅੱਜ ਨਵੀਂ ਦਿੱਲੀ ਤੇ ਪੱਛਮੀ ਬੰਗਾਲ ’ਚ ਰੋਸ ਪ੍ਰਦਰਸ਼ਨ ਕੀਤੇ ਗਏ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਇਸ ਮੁੱਦੇ ’ਤੇ ਵਿਦਿਆਰਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਥਿਤ ਨੀਟ ਘੁਟਾਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਏਆਈਡੀਐੈੱਸਓ) ਦੇ ਮੈਂਬਰ ਹੱਥਾਂ ਵਿਚ ਤਖ਼ਤੀਆਂ ਫੜੀ ਕੋਲਕਾਤਾ ਨੇੜੇ ਸਾਲਟ ਲੇਕ ਵਿਚ ਵਿਕਾਸ ਭਵਨ ਵੱਲ ਵਧ ਰਹੇ ਸਨ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਨੇ ਸ਼ੁਰੂਆਤ ਵਿਚ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਤੇ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਅੱਗੇ ਵਧਣ ਲਈ ਬਜ਼ਿੱਦ ਰਹੇ ਤਾਂ ਪੁਲੀਸ ਨੇ ਇਨ੍ਹਾਂ ਵਿਚੋਂ ਕੁਝ ਨੂੰ ਹਿਰਾਸਤ ਵਿਚ ਲੈ ਲਿਆ ਤੇ ਵਾਹਨਾਂ ਵਿਚ ਬੈਠਾ ਕੇ ਲੈ ਗਈ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਨੇ ਦਾਅਵਾ ਕੀਤਾ ਕਿ ਨੀਟ-ਯੂਜੀ ਵਿਵਾਦ ਨੂੰ ਲੈ ਕੇ ਡਾਕਟਰ ਬਣਨ ਦੇ ਚਾਹਵਾਨ ਕਈ ਉਮੀਦਵਾਰਾਂ ਦਾ ਭਵਿੱਖ ਖਤਰੇ ਵਿਚ ਹੈ।
ਟੀਐੱਮਸੀ ਤਰਜਮਾਨ ਸ਼ਾਤਨੂੰ ਸੇਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ। ਸੇਨ, ਜੋ ਖੁ਼ਦ ਇਕ ਡਾਕਟਰ ਹਨ, ਨੇ ਕਿਹਾ, ‘‘ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵੱਡੇ ਘੁਟਾਲਿਆਂ ਵਿਚੋਂ ਇਕ ਹੈ। ਭਾਜਪਾ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀ ਹੈ।’’ -ਪੀਟੀਆਈ