ਇਨਕਲਾਬੀ ਜਥੇਬੰਦੀਆਂ ਵੱਲੋਂ ਫ਼ਲਸਤੀਨੀਆਂ ਦੇ ਹੱਕ ’ਚ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਅਕਤੂਬਰ
ਇਨਕਲਾਬੀ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਨਿਵਾਦੀ) ਨਿਊ ਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸਾਂਝੇ ਤੌਰ ’ਤੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ। ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਬੰਬਾਰੀ ਖਿਲਾਫ਼ ਮਾਝਾ-ਦੁਆਬਾ ਜ਼ੋਨ ਪੱਧਰੀ ਜਲੰਧਰ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸੈਂਕੜੇ ਲੋਕਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋ ਕੇ ਰੈਲੀ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਨਿਵਾਦੀ)ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਦੇਸ਼ ਫ਼ਲਸਤੀਨ ਦੀ ਪ੍ਰਭੂਸੱਤਾ ਲਈ ਲੜ ਰਹੇ ਲੋਕਾਂ ਨਾਲ ਖੜਨ, ਉਹਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਇਜ਼ਰਾਈਲੀ ਬੰਬਾਰੀ ਦੇ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਨ ਦੀ ਅੱਜ ਜ਼ਰੂਰਤ ਹੈ। ਉਨ੍ਹਾਂ ਇਸ ਮਾਮਲੇ ਵਿਚ ਦੇਸ਼ ਦੀ ਕੇਂਦਰ ਸਰਕਾਰ ਨੂੰ ਦਖਲ ਦੇਣ ਲਈ ਕਿਹਾ। ਇਸ ਮੌਕੇ ਸ਼ਹਿਰ ਵਿਚ ਰੋਸ ਮਾਰਚ ਕਰਦੇ ਨਾਅਰੇ ਵੀ ਲਾਏ ਗਏ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਨਿਖੇਧੀ
ਸ਼ਾਹਕੋਟ (ਪੱਤਰ ਪ੍ਰੇਰਕ): ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਹਮਲਾ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਨਿਖੇਧੀ ਕਰਦਿਆਂ ਹਰ ਅਮਨ ਪਸੰਦ ਵਿਅਕਤੀ ਅਤੇ ਮਨੁੱਖੀ ਹੱਕਾਂ ਦੀਆਂ ਪਹਿਰੇਦਾਰ ਤੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਇਸ ਨਿਹੱਕੀ ਜੰਗ ਦਾ ਵਿਰੋਧ ਕਰਨ ਦਾ ਸੱਦਾ ਦਿਤਾ।