ਭੁੱਚੋ ਮੰਡੀ ’ਚ ਲੜਕੀ ਦੀ ਅਰਥੀ ਲੈ ਕੇ ਸਹੁਰੇ ਘਰ ਅੱਗੇ ਮੁਜ਼ਾਹਰਾ
ਪਵਨ ਗੋਇਲ
ਭੁੱਚੋ ਮੰਡੀ, 21 ਸਤੰਬਰ
ਭੁੱਚੋ ਪੁਲੀਸ ਨੇ ਵਾਰਡ ਨੰਬਰ ਦੋ ਵਿੱਚ ਇੱਕ 32 ਸਾਲਾ ਵਿਆਹੁਤਾ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਪਤੀ, ਸੱਸ ਅਤੇ ਇੱਕ ਹੋਰ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾ ਮ੍ਰਿਤਕਾਂ ਦੇ ਮਾਪਿਆਂ ਨੇ ਉਸ ਦੀ ਅਰਥੀ ਲੈ ਕੇ ਸਹੁਰੇ ਪਰਿਵਾਰ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਤੋਂ ਇਨਸਾਫ ਦੀ ਮੰਗ ਕੀਤੀ। ਉਕਤ ਲੜਕੀ ਕੋਲ ਤਿੰਨ ਬੱਚੇ ਸਨ ਤੇ ਲੜਕੇ ਨੇ ਇਸ ਲੜਕੀ ਨਾਲ ਅੰਤਰਜਾਤੀ ਪ੍ਰੇਮ ਵਿਆਹ ਕਰਵਾਇਆ ਸੀ। ਪੁਲੀਸ ਨੇ ਮ੍ਰਿਤਕਾ ਮਮਤਾ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ’ਤੇ ਬੀਐੱਨਐੱਸ ਦੀ ਧਾਰਾ 103 (1), 3 (5) ਤਹਿਤ ਉਸ ਦੇ ਪਤੀ ਨਰੇਸ਼ ਬਾਂਸਲ, ਉਸ ਦੀ ਸੱਸ ਸੱਤਿਆ ਦੇਵੀ ਅਤੇ ਸੁਖਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਮ੍ਰਿਤਕਾ ਦੇ ਪਿਤਾ ਰਾਜ ਕੁਮਾਰ ਵਾਸੀ ਭੁੱਚੋ ਮੰਡੀ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਸ਼ੁਰੂ ਤੋਂ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਕਈ ਵਾਰ ਪੰਚਾਇਤਾਂ ਨੇ ਇਨ੍ਹਾਂ ਪਰਿਵਾਰਾਂ ਵਿੱਚ ਸਮਝੌਤਾ ਵੀ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਨਰੇਸ਼ ਬਾਂਸਲ ਦੇ ਇੱਕ ਔਰਤ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਸ ਦੀ ਲੜਕੀ ਇਸ ਦਾ ਵਿਰੋਧ ਕਰਦੀ ਸੀ। ਇਸ ਕਾਰਨ ਹੀ ਉਨ੍ਹਾਂ ਨੇ ਉਸ ਦੀ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਚੌਕੀ ਇੰਚਾਰਜ ਅਜੈਪਾਲ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲੜਕੀ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ ਲੜਕੀ ਦੀ ਲਾਸ਼ ਦਾ ਬਾਅਦ ਦੁਪਹਿਰ ਸਸਕਾਰ ਕਰ ਦਿੱਤਾ। ਇਸੇ ਦੌਰਾਨ ਭੁੱਚੋ ਮੰਡੀ ਦੇ ਵਾਰਡ ਨੰਬਰ ਦੋ ਵਿੱਚ ਵਾਪਰੀ ਮੰਦਭਾਗੀ ਘਟਨਾ ਵਿੱਚ ਫੌਤ ਹੋਈ ਵਿਆਹੁਤਾ ਲੜਕੀ ਮਮਤਾ ਦੇ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਦੇਰ ਸ਼ਾਮ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ। ਉਨ੍ਹਾਂ ਮ੍ਰਿਤਕਾ ਦੇ ਪਤੀ ਨਰੇਸ਼ ਬਾਂਸਲ, ਸੱਸ ਸੱਤਿਆ ਦੇਵੀ ਅਤੇ ਔਰਤ ਸੁਖਪ੍ਰੀਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਮਾਰਚ ਵਿੱਚ ਔਰਤਾਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਮ੍ਰਿਤਕਾ ਦੀ ਫੋਟੋ ਵਾਲਾ ਬੈਨਰ ਫੜਿਆ ਹੋਇਆ ਸੀ।
ਕਤਲ ਮਾਮਲੇ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਦਾ ਘਿਰਾਓ
ਟੱਲੇਵਾਲ (ਲਖਵੀਰ ਸਿੰਘ ਚੀਮਾ): ਤਿੰਨ ਦਿਨ ਪਹਿਲਾਂ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਸਹੁਰਾ ਪਰਿਵਾਰ ਵਲੋਂ ਕਤਲ ਕੀਤੀ ਗਈ ਨਵ ਵਿਆਹੁਤਾ ਲੜਕੀ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਜੱਥੇਬੰਦੀਆਂ ਵੱਲੋਂ ਥਾਣਾ ਟੱਲੇਵਾਲ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਵੱਲੋਂ ਕਾਤਲ ਮੁਲਜ਼ਮਾਂ ਨੂੰ ਗ੍ਰਿਰਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਭਦੌੜ, ਬੂਟਾ ਸਿੰਘ, ਤਰਲੋਚਨ ਸਿੰਘ ਝੋਰੜਾ ਅਤੇ ਸਰਪੰਚ ਜਗਸੀਰ ਸਿੰਘ ਲੱਖਾ ਨੇ ਕਿਹਾ ਕਿ ਜਗਰਾਉਂ ਦੇ ਪਿੰਡ ਲੱਖਾ ਦੇ ਅਜਮੇਰ ਸਿੰਘ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਦਾ ਵਿਆਹ ਨਰੈਣਗੜ੍ਹ ਸੋਹੀਆਂ ਦੇ ਹਰਮਨਪ੍ਰੀਤ ਸਿੰਘ ਨਾਲ ਕੀਤਾ ਸੀ ਪਰ ਬਦਕਿਸਮਤੀ ਨਾਲ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਜਿੱਥੇ ਪੀੜਤ ਪਰਿਵਾਰ ਨੇ ਆਪਣੀ ਹੋਣਹਾਰ ਪੁੱਤਰੀ ਗਵਾ ਲਈ ਹੈ, ਉਥੇ ਪਰਿਵਾਰ ਦੇ ਸਾਰੇ ਚਾਅ ਮਾਰੇ ਗਏ ਹਨ। ਆਗੂਆ ਨੇ ਕਿਹਾ ਕਿ ਪੁਲੀਸ ਨੇ ਭਾਵੇਂ ਲੜਕੀ ਦੇ ਮੁਲਜ਼ਮ ਪਤੀ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਮਾਮਲੇ ਵਿੱਚ ਨਾਮਜ਼ਦ ਬਾਕੀ ਪਰਿਵਾਰਕ ਮੈਂਬਰ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਉਹ ਅੱਜ ਥਾਣੇ ਅੱਗੇ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਾਰੇ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ, ਓਨਾ ਸਮਾਂ ਮ੍ਰਿਤਕ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਇਹ ਧਰਨਾ ਕਰੀਬ ਢਾਈ ਘੰਟੇ ਚੱਲਿਆ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 22 ਸਤੰਬਰ ਤੱਕ ਸਾਰੇ ਮੁਲਜ਼ਮ ਗਿ੍ਰਫ਼ਤਾਰ ਨਾ ਕੀਤੇ ਤਾਂ ਉਹ ਕੌਮੀ ਮਾਰਗ ਜਾਮ ਕਰਕੇ ਪੁਲੀਸ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਮੌਕੇ ਧਰਨੇ ਵਿੱਚ ਬੀਕੇਯੂ ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਤੋਂ ਇਲਾਵਾ ਪਿੰਡ ਲੱਖਾ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਿੰਡ ਵੀ ਹਾਜ਼ਰ ਸਨ। ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਤੀ ਦਾ ਪੁਲੀਸ ਨੇ ਰਿਮਾਂਡ ਲਿਆ ਹੋਇਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।