ਕਣਕ ’ਤੇ ਗੁਲਾਬੀ ਸੁੰਡੀ ਹਮਲਾ
ਜੋਗਿੰਦਰ ਸਿੰਘ ਮਾਨ
ਮਾਨਸਾ, 25 ਨਵੰਬਰ
ਸਰਕਾਰੀ ਸਿਫਾਰਸ਼ ਅਨੁਸਾਰ ਕਿਸਾਨਾਂ ਵੱਲੋਂ ਬੀਜੀ ਗਈ ਕਣਕ ਦੀ ਫ਼ਸਲ ’ਤੇ ਤਣੇ ਦੀ ਗੁਲਾਬੀ ਸੁੰਡੀ ਦੇ ਵਾਰ-ਵਾਰ ਸਾਹਮਣੇ ਆ ਰਹੇ ਹਮਲਿਆਂ ਤੋਂ ਅੰਨਦਾਤਾ ਘਬਰਾਉਣ ਲੱਗਿਆ ਹੈ। ਭਾਵੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਖੇਤਾਂ ਵਿੱਚ ਪੁੱਜਕੇ ਇਸ ਸੁੰਡੀ ਦੇ ਹੱਲ ਲਈ ਸਪਰੇਆਂ ਅਤੇ ਕਣਕ ਨੂੰ ਪਾਣੀ ਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨ ਕਸੂਤੀ ਸਥਿਤੀ ਵਿੱਚ ਫਸਿਆ ਹੋਇਆ ਮਹਿਸੂਸ ਕਰਨ ਲੱਗਿਆ ਹੈ। ਖੇਤੀ ਵਿਭਾਗ ਦੀਆਂ ਪੈਸਟ ਸਰਵੇਖਣ ਟੀਮਾਂ ਵੱਲੋਂ ਕਿਸਾਨਾਂ ਨੂੰ ਹਮਲੇ ਤੋਂ ਨਾ ਘਬਰਾਉਣ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਖੇਤੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਹੈ, ਉਨ੍ਹਾਂ ਖੇਤਾਂ ਵਿੱਚ ਹੀ ਗੁਲਾਬੀ ਸੁੰਡੀ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਹੁਣ ਵਿਭਾਗ ਭਾਵੇਂ ਸਪਰੇਆਂ ਦੀ ਸਿਫਾਰਸ਼ ਕਰਨ ਲੱਗਿਆ, ਪਰ ਮਹਿਕਮੇ ਕੋਲ ਇਸ ਹੰਗਾਮੀ ਹਾਲਤ ’ਚ ਕਿਸਾਨਾਂ ਨੂੰ ਦੇਣ ਵਾਸਤੇ ਕੋਈ ਵੀ ਸਬਸਿਡੀ ਵਾਲੀ ਸਪਰੇਅ ਮੌਜੂਦ ਨਹੀਂ ਹਨ।
ਉਧਰ ਇਸ ਹਮਲੇ ਨੂੰ ਗੰਭੀਰਤਾ ਨਾਲ ਲੈ ਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਦੀਆਂ ਹਦਾਇਤਾਂ ’ਤੇ ਵਿਭਾਗ ਦੀਆਂ ਪੈਸਟ ਸਰਵੇਖਣ ਟੀਮਾਂ ਵੱਲੋਂ ਹਰ ਰੋਜ਼ ਬਲਾਕਾਂ ਦੇ ਪਿੰਡਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਦੌਰੇ ਕੀਤੇ ਜਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਕਣਕ ਦੇ ਛੋਟੇ ਬੂਟਿਆਂ ਦੇ ਤਣਿਆਂ ’ਚ ਮੋਰੀਆਂ ਕਰਕੇ ਅੰਦਰ ਚਲੀ ਜਾਂਦੀ ਹੈ, ਜਿਸ ਕਰਕੇ ਬੂਟੇ ਪੀਲੇ ਪੈਣ ਮਗਰੋਂ ਸੁੱਕ ਜਾਂਦੇ ਹਨ।
ਮੁੱਖ ਖੇਤੀਬਾੜੀ ਅਫਸਰ ਮਾਨਸਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀ ਹੈ ਅਤੇ ਜਿੱਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸ਼ਿਫਾਰਸ਼ਸ਼ਦਾ ਕੀਟਨਾਸ਼ਕ ਦਾ ਹੀ ਸ਼ਾਮ ਵੇਲੇ ਛਿੜਕਾਅ ਕੀਤਾ ਜਾਵੇ।
ਜਲਦਬਾਜ਼ੀ ’ਚ ਬੇਲੋੜੇ ਕੀਟਨਾਸ਼ਕ ਨਾ ਵਰਤਣ ਕਿਸਾਨ
ਤਲਵੰਡੀ ਭਾਈ (ਪ੍ਰਗਟ ਸਿੰਘ): ਪੰਜਾਬ ਵਿੱਚ ਇਸ ਵਾਰ ਕਣਕ ਦੀ ਸਿੱਧੀ ਬਿਜਾਈ ਸੁਪਰ ਸੀਡਰ ਨਾਲ ਵੱਡੇ ਪੱਧਰ ’ਤੇ ਕਿਸਾਨਾਂ ਵੱਲੋਂ ਕੀਤੀ ਗਈ ਹੈ, ਜਿਸ ’ਤੇ ਗੁਲਾਬੀ ਸੁੰਡੀ ਅਤੇ ਟਿੱਡੇ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਪਰ ਨਾਲ ਹੀ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਜਲਦਬਾਜ਼ੀ ਬੇਲੋੜੇ ਕੀਟਨਾਸ਼ਕ ਨਾ ਵਰਤਣ ਦੀ ਸਲਾਹ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਤਲਵੰਡੀ ਨੇਪਾਲਾਂ ਦੇ ਕਿਸਾਨ ਨਵਜੋਤ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਇਸ ਟਿੱਡੇ ਦਾ ਹਮਲਾ ਦੇ ਹੋਇਆ ਸੀ ਜਿਸ ’ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਡਾ. ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੀ ਟੀਮ ਜ਼ਿਲ੍ਹੇ ਦੇ ਕਿਸਾਨ ਨਵਜੋਤ ਸਿੰਘ ਅਤੇ ਹੋਰ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕਰਨ ਪਹੁੰਚੀ। ਖੇਤਾਂ ਦੇ ਨਿਰੀਖਣ ਮੌਕੇ ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਕੀੜੇ ਦੀ ਅਸਰਦਾਰ ਰੋਕਥਾਮ ਲਈ ਸਪਰੇਅ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਸਪਰੇਅ ਸਵੇਰੇ ਜਾਂ ਸ਼ਾਮ ਵੇਲੇ ਬਿਲਕੁਲ ਬਰੀਕ ਫੁਹਾਰਾ ਬਣਾ ਕੇ ਕੀਤੀ ਜਾਵੇ।