ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਨਵੰਬਰ
ਭਾਰਤੀ ਯੂਥ ਕਾਂਗਰਸ ਦੇ ਨੌਜਵਾਨਾਂ ਨੇ ‘ਨੌਕਰੀਆਂ ਬਚਾਓ, ਅਡਾਨੀ ਨਹੀਂ’ ਦੇ ਨਾਅਰੇ ਲਗਾ ਕੇ ਕੇਂਦਰ ਸਰਕਾਰ ਨੂੰ ਅਡਾਨੀ ਵਿਰੋਧੀ ਦੋਸਤਾਨਾ ਸਰਕਾਰ ਕਰਾਰ ਦੇ ਕੇ ਪ੍ਰਦਰਸ਼ਨ ਕੀਤਾ। ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿੱਬ ਦੀ ਅਗਵਾਈ ਹੇਠ ਦੇਸ਼ ਭਰ ਦੇ ਯੂਥ ਕਾਂਗਰਸ ਵਰਕਰਾਂ ਨੇ ਅੱਜ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੌਰਾਨ ਦੇਸ਼ ਭਰ ਤੋਂ ਯੂਥ ਕਾਂਗਰਸ ਸ੍ਰੀ ਚਿਬ ਦੀ ਅਗਵਾਈ ਹੇਠ ਜੰਤਰ-ਮੰਤਰ ਵਿਖੇ ਇਕੱਠੇ ਹੋਏ ਅਤੇ ਫਿਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸੰਸਦ ਵੱਲ ਵਧੇ, ਜਿੱਥੇ ਦਿੱਲੀ ਪੁਲੀਸ ਨੇ ਯੂਥ ਕਾਂਗਰਸ ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨ ਦੌਰਾਨ ਭਾਰਤੀ ਯੂਥ ਕਾਂਗਰਸ ਦੀ ਕੌਮੀ ਕਾਰਜਕਾਰਨੀ ਦੇ ਕਈ ਮੈਂਬਰ, ਕਈ ਸੂਬਾ ਪ੍ਰਧਾਨ ਅਤੇ ਕਈ ਯੂਥ ਕਾਂਗਰਸ ਵਰਕਰ ਹਾਜ਼ਰ ਸਨ।
ਕੌਮੀ ਪ੍ਰਧਾਨ ਨੇ ਕਿਹਾ ਕਿ ਅਮਰੀਕਾ ਨੇ ਗੌਤਮ ਅਡਾਨੀ ਦੇ ਘਪਲਿਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੋਇਆ ਹੈ ਪਰ ਮੋਦੀ ਆਪਣੇ ਦੋਸਤ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ, ਕੀ ਮਜਬੂਰੀ ਹੈ ਪ੍ਰਧਾਨ ਮੰਤਰੀ ਦੀ ਕਿ ਉਹ ਆਪਣੇ ਦੋਸਤ ਅਡਾਨੀ ਨੂੰ ਬਚਾ ਰਿਹਾ ਹੈ। ਮੋਦੀ ਅਤੇ ਅਡਾਨੀ ‘ਜੇ ਇਕੱਠੇ ਹਨ ਤਾਂ ਸੁਰੱਖਿਅਤ ਹਨ’।
ਉਨ੍ਹਾਂ ਕਿਹਾ ਕਿ ਮੋਦੀ ਅਤੇ ਭਾਜਪਾ ਵਾਲੇ ਕਹਿੰਦੇ ਹਨ ਕਿ ਇੱਕ ‘ਸੇਫ’ ਹੈ, ਪਰ ਇੱਕ ਹੀ ਵਿਅਕਤੀ ਹੈ ਜੋ ‘ਸੇਫ’ ਹੈ ਅਤੇ ਉਹ ਹੈ ਉਨ੍ਹਾਂ ਦਾ ਦੋਸਤ ਅਡਾਨੀ। ਪ੍ਰਧਾਨ ਮੰਤਰੀ ਮੋਦੀ ਦਾ ਕੰਮ ਸਿਰਫ਼ ਅਡਾਨੀ ਨੂੰ ਮੁਨਾਫ਼ਾ ਦੇਣਾ ਨਹੀਂ ਹੈ, ਉਨ੍ਹਾਂ ਦਾ ਮੁੱਖ ਕੰਮ ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਹੈ। ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਹੈ। ਦੇਸ਼ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਅਤੇ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਬਾਹਰ ਘੁੰਮ ਰਿਹਾ ਹੈ, ਕਿਉਂਕਿ ਨਰਿੰਦਰ ਮੋਦੀ ਉਨ੍ਹਾਂ ਦੀ ਰੱਖਿਆ ਕਰ ਰਹੇ ਹਨ। ਅਮਰੀਕਾ ਦੀ ਜਾਂਚ ਕਹਿੰਦੀ ਹੈ ਕਿ ਅਡਾਨੀ ਨੇ ਭਾਰਤ ਅਤੇ ਅਮਰੀਕਾ ਵਿੱਚ ਅਪਰਾਧ ਕੀਤੇ ਹਨ। ਪਰ ਭਾਰਤ ਵਿੱਚ ਅਡਾਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ ਹੈ।