ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ
ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਅੱਜ ਪੈਨਸ਼ਨ ਰਾਜ ਐਸੋਸੀਏਸ਼ਨ ਪਾਵਰਕੌਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਯੂਨਿਟ ਸੁਨਾਮ ਦੇ ਕਾਰਕੁਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਜ਼ਾਹਿਰ ਕਰਦਿਆਂ ਪ੍ਰਧਾਨ ਸੋਮ ਸਿੰਘ ਦੀ ਅਗਵਾਈ ਹੇਠ ਇਕੱਤਰ ਇਨ੍ਹਾਂ ਕਾਰਕੁਨਾਂ ਦਾ ਦੋਸ਼ ਸੀ ਕਿ ‘ਆਪ’ ਸਰਕਾਰ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਥੋਂ ਦੇ 33 ਕੇਵੀ ਬਿਜਲੀ ਘਰ ਅੱਗੇ ਪ੍ਰਦਰਸ਼ਨ ਕਰਦਿਆਂ ਕੇਐੱਲ ਬੱਤਰਾ, ਕਾਮਰੇਡ ਮੋਹਨ, ਸਰਕਲ ਆਗੂ ਗੁਰਚਰਨ ਸਿੰਘ ਜਖੇਪਲ ਨੇ ਪੰਜਾਬ ਸਰਕਾਰ ਦਾ ਪੈਨਸ਼ਨਰਾਂ ਨਾਲ ਮੀਟਿੰਗ ਦੇਣ ਤੋਂ ਭੱਜ ਜਾਣ ਦੀ ਸ਼ਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੂੰ ਡੀਏ ਦੀ ਦੇਣ ਦੀ ਬਜਾਏ ਪੰਜਾਬ ਦੇ ਵਜ਼ੀਰ ਆਪਣੀਆਂ ਤਨਖਾਹਾਂ ’ਚ ਚੌਖਾ ਵਾਧਾ ਕਰ ਰਹੇ ਹਨ ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਖ਼ਿਲਾਫ਼ ਸੂਬੇ ਦੇ ਪੈਨਸ਼ਨਰ ਆਉਂਦੀ 18 ਸਤੰਬਰ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵੱਡੀ ਪੱਧਰ ਤੇ ਧਰਨੇ ਪ੍ਰਦਰਸ਼ਨ ਕਰਨਗੇ ਜਦੋਂ ਕਿ 25 ਸਤੰਬਰ ਨੂੰ ਪਟਿਆਲਾ ਹੈੱਡ ਆਫਿਸ ਮਾਲ ਰੋਡ ਤੇ ਪੰਜਾਬ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਧਨੌਲਾ, ਚੇਤ ਰਾਮ, ਜੇਠੂ ਰਾਮ, ਜਸਵੰਤ ਰਾਏ ਲੌਂਗੋਵਾਲ, ਕੁਲਦੀਪ ਪਾਠਕ, ਇੰਦਰਜੀਤ ਸਿੰਘ ਜੋਸ਼, ਸੁਬੇਗ ਸਿੰਘ ਠਾਣੇਦਾਰ, ਗੰਗਾ ਰਾਮ, ਗੁਰਚਰਨ ਸਿੰਘ ਸੁਨਾਮ ਨੇ ਵੀ ਸੰਬੋਧਨ ਕੀਤਾ।