ਕੰਮ ਲਈ ਮਗਨਰੇਗਾ ਔਰਤਾਂ ਵੱਲੋਂ ਪ੍ਰਦਰਸ਼ਨ
ਜੈਸਮੀਨ ਭਾਰਦਵਾਜ
ਨਾਭਾ. 25 ਜੁਲਾਈ
ਇੱਥੋਂ ਦੇ ਨੇੜਲੇ ਪਿੰਡ ਥੂਹੀ ਵਿੱਚ ਅੱਜ ਮਗਨਰੇਗਾ ਫਰੰਟ ਦੀਆਂ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਫਰੰਟ ਦੀ ਆਗੂ ਕੁਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਇੱਕ ਪਾਸੇ ਮਗਨਰੇਗਾ ਮਜ਼ਦੂਰ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ, ਜਦੋਂਕਿ ਦੂਜੇ ਪਾਸੇ ਕੇਵਲ ਕਾਗਜ਼ਾਂ ਵਿਚ ਪ੍ਰੋਜੈਕਟ ਚਲਾ ਕੇ ਪਿੰਡ ਦੇ ਮਰੇ ਹੋਏ ਵਿਅਕਤੀ ਸਮੇਤ 18 ਮਜ਼ਦੂਰਾਂ ਨੂੰ 21 ਜੁਲਾਈ ਤੋਂ ਹਰ ਰੋਜ਼ ਦੀ ਮਜ਼ਦੂਰੀ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਫਰੰਟ ਦੇ ਆਗੂਆਂ ਮੁਤਾਬਕ ਬਲਵੀਰ ਸਿੰਘ ਨਾਮਕ ਵਿਅਕਤੀ ਜਿਸਦੇ ਜੋਬ ਕਾਰਡ ਨੰਬਰ ਤੋਂ ਪਹਿਲਾਂ ਤਾਂ ਕੰਮ ਦੀ ਮੰਗ ਦਰਜ ਕਰਵਾਈ ਗਈ ਅਤੇ ਫਿਰ ਉਸਦੇ ਨਾਮ ਨਾਲ ਮਸਟਰ ਰੋਲ ਵੀ ਕੱਢਿਆ ਗਿਆ, ਉਹ ਤਾਂ ਦੋ ਸਾਲ ਪਹਿਲਾਂ ਹੀ ਇਸ ਦੁਨੀਆ ਤੋਂ ਚਲਾਣਾ ਕਰ ਗਿਆ ਸੀ। ਉਨ੍ਹਾਂ ਮੁਤਾਬਿਕ ਇਸ 18 ਲਾਭਪਾਤਰੀਆਂ ਦੀ ਸੂਚੀ ਵਿਚ ਬਲਾਕ ਸੰਮਤੀ ਅਤੇ ਪੰਚਾਇਤ ਮੈਂਬਰਾਂ ਦੇ ਪਰਿਵਾਰ ਦੇ ਲੋਕਾਂ ਦੇ ਵੀ ਨਾਮ ਹਨ।
ਉਨ੍ਹਾਂ ਕਿਹਾ ਕਿ ਮਗਨਰੇਗਾ ਦਾ ਸਹਾਇਕ ਪ੍ਰੋਗਰਾਮ ਅਫਸਰ ਇਸੇ ਪਿੰਡ ਦਾ ਵਸਨੀਕ ਹੈ, ਸਾਰਿਆਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ। ਇਸ ਸਬੰਧੀ ਨਾਭਾ ਦੇ ਬੀਡੀਪੀਓ ਅਜੈਬ ਸਿੰਘ ਘੁੰਡਰ ਨੇ ਕਿਹਾ ਕਿ ਸਬੰਧਿਤ ਗ੍ਰਾਮ ਰੁਜ਼ਗਾਰ ਸਹਾਇਕ ਨੂੰ ਨੋਟਿਸ ਦੇ ਦਿੱਤਾ ਗਿਆ ਹੈ ਅਤੇ ਕਸੂਰਵਾਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਪ੍ਰੋਜੈਕਟ ’ਤੇ ਸਾਰੇ ਲਾਭਪਾਤਰੀਆਂ ਦੀ ਗੈਰਹਾਜ਼ਰੀ ਲੱਗੀ ਹੈ ਅਤੇ ਕਿਸੇ ਨੂੰ ਵਿੱਤੀ ਲਾਭ ਪ੍ਰਾਪਤ ਨਹੀਂ ਹੋਇਆ।