ਸਾਂਝਾ ਫੋਰਮ ਪੰਜਾਬ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 9 ਫਰਵਰੀ
ਸਾਂਝਾ ਫੋਰਮ ਪੰਜਾਬ ਦੇ ਸੱਦੇ ’ਤੇ ਕਿਸਾਨ ਯੂਨੀਅਨਾਂ, ਟਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ ਅਤੇ ਵਿਦਿਆਰਥੀ ਯੂਨੀਅਨਾਂ ਨੇ ਸਾਂਝੇ ਤੌਰ ’ਤੇ 16 ਫਰਵਰੀ ਦੀ ਭਾਰਤ ਬੰਦ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਪਾਵਰਕੌਮ ਡਿਵੀਜ਼ਨ ਰਾਜਪੁਰਾ ਦੇ ਗੇਟ ਮੂਹਰੇ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਸਕੱਤਰ ਅਰਵਿੰਦਰ ਸਿੰਘ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਸੈਦਖੇੜੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 44 ਕਿਰਤ ਕਾਨੂੰਨ ਰੱਦ ਕਰ ਕੇ 4 ਕਿਰਤ ਕਾਨੂੰਨ ਲਾਗੂ ਕਰ ਦਿੱਤੇ ਹਨ ਜੋ ਕੇਵਲ ਤੇ ਕੇਵਲ ਸਰਮਾਏਦਾਰ ਪੱਖੀ, ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਹਨ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰ ਕੇ ਕਿਸਾਨਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨੀ ਸੰਘਰਸ਼ ਸਮਾਪਤੀ ਦੌਰਾਨ ਕੀਤੇ ਵਾਅਦਿਆਂ ਤੋਂ ਕੇਂਦਰ ਸਰਕਾਰ ਮੁੱਕਰ ਗਈ। ਮੋਦੀ ਸਰਕਾਰ ਵੱਲੋਂ ਸਰਮਾਏਦਾਰੀ ਆਰਥਿਕ ਅਤੇ ਸਨਅਤੀ ਨੀਤੀ ਲਾਗੂ ਕਰ ਕੇ ਸਰਮਾਏਦਾਰੀ ਜਮਾਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲ਼ੇ ਸਮੇਂ ਵਿਚ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਸੂਬਾ ਮੀਤ ਪ੍ਰਧਾਨ, ਜੀਵਨ ਸਿੰਘ ਪ੍ਰਧਾਨ ਪੈਨਸ਼ਨ ਯੂਨੀਅਨ, ਬਲਵੀਰ ਸਿੰਘ ਸੈਕਟਰੀ ਐਂਪਲਾਈਜ਼ ਫੈਡਰੇਸ਼ਨ, ਰਜਿੰਦਰ ਸਿੰਘ ਸੋਢੀ, ਸੁਨੀਲ ਕੁਮਾਰ ਆਦਿ ਆਗੂ ਮੌਜੂਦ ਸਨ।