ਡੇਰਾਬੱਸੀ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰਾਂ ਵੱਲੋਂ ਧਰਨਾ
ਹਰਜੀਤ ਸਿੰਘ
ਡੇਰਾਬੱਸੀ, 1 ਅਕਤੂਬਰ
ਸਰਕਾਰੀ ਕਾਲਜ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਨੇ ਅੱਜ ਸੰਯੁਕਤ ਫਰੰਟ ਪੰਜਾਬ ਦੇ ਸੱਦੇ ’ਤੇ ਇਕ ਦਿਨ ਦਾ ਰੋਸ ਧਰਨਾ ਦਿੱਤਾ। ਮੁਜ਼ਹਰਾਕਾਰੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਦਾਅਵੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬੀਤੇ 20-20 ਸਾਲਾ ਤੋਂ ਕਾਲਜਾਂ ਵਿੱਚ ਪੂਰੀ ਤਨਦੇਹੀ ਨਾਲ ਪੜ੍ਹਾ ਰਹੇ ਫੈਕਲਟੀ ਲੈਕਚਰਾਰਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਨਵੇਂ ਭਰਤੀ ਕੀਤੇ ਸਹਾਇਕ ਪ੍ਰਫੈਸਰਾਂ ਨੂੰ ਜੁਆਇਨ ਕਰਵਾਉਣ ਦੌਰਾਨ ਗੈਸਟ ਫੈਕਲਟੀ ਦੀਆਂ ਅਸਾਮੀਆਂ ਨੂੰ ਖਾਲੀ ਸਮਝਣ ਦਾ ਫਰਮਾਨ ਦੇ ਕੇ ਸਰਕਾਰ ਨੇ ਉਨ੍ਹਾਂ ਨੂੰ ਲਾਂਭੇ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਕੇ ਬਣਦੀ ਤਨਖ਼ਾਹ ਸਰਕਾਰੀ ਖਜ਼ਾਨੇ ਵਿੱਚੋਂ ਦਿੱਤੀ ਜਾਵੇ। ਲੰਮੇ ਸਮੇਂ ਤੋਂ ਬਹੁਤ ਨਿਗੁਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਮਾਣ ਭੱਤੇ ਵਿੱਚ ਕੁਝ ਵਾਧਾ ਤਾਂ ਕੀਤਾ ਪਰ ਉਨ੍ਹਾਂ ਲਈ ਕੋਈ ਵੀ ਪੱਕੀ ਯੋਜਨਾ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਸਾਰੀ ਸਰਕਾਰੀ ਕਾਲਜਾਂ ਵਿੱਚ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ, ਜੇ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
ਸਹਾਇਕ ਪ੍ਰੋਫ਼ੈਸਰਾਂ ਦੀ ਨੌਕਰੀ ਸੁਰੱਖਿਅਤ ਕੀਤੀ ਜਾਵੇ: ਜਲਵੇੜਾ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਲੰਬੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ’ਚ ਬਤੌਰ ਸਹਾਇਕ ਪ੍ਰੋਫੈਸਰ ਡਿਊਟੀ ਨਿਭਾਉਂਦੇ ਆ ਰਹੇ ਗੈਸਟ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੋਰ ਨਵੀਆਂ ਪੋਸਟਾਂ ਕੱਢਣ ਤੋਂ ਪਹਿਲਾਂ ਉਨ੍ਹਾਂ ਦੀ ਨੌਕਰੀ ਸੁਰੱਖਿਅਤ ਕੀਤੀ ਜਾਵੇ। ਗੈਸਟ ਪ੍ਰੋਫੈਸਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਕਿਹਾ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਬਹੁਤ ਘੱਟ ਤਨਖਾਹ ’ਤੇ ਸਰਕਾਰੀ ਕਾਲਜਾਂ ਨੂੰ ਦੇਣ ਵਾਲੇ ਗੈਸਟ ਪ੍ਰੋਫੈਸਰਾਂ ਨਾਲ ਜੋ ਪਿਛਲੀ ਕਾਂਗਰਸ ਸਰਕਾਰ ਨੇ ਕੀਤਾ, ਉਹੀ ਪੰਜਾਬ ਦੀ ਮੌਜੂਦਾ ਸਰਕਾਰ ਨਾ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਅਸਾਮੀਆਂ ਕੱਢ ਕੇ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਲਈ ਚੁਣੌਤੀ ਖੜੀ ਕੀਤੀ ਗਈ ਜੋ ਕਾਂਗਰਸ ਸਰਕਾਰ ਦੀ ਵੱਡੀ ਗਲਤੀ ਸੀ।