ਕਿਸਾਨਾਂ ਵੱਲੋਂ ਚੌਕੀਮਾਨ ਟੌਲ ਪਲਾਜ਼ਾ ’ਤੇ ਪ੍ਰਦਰਸ਼ਨ
ਜਸਬੀਰ ਸ਼ੇਤਰਾ
ਜਗਰਾਉਂ, 17 ਨਵੰਬਰ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨਾਲ ਜੁੜੇ ਕਾਰਕੁਨਾਂ ਨੇ ਅੱਜ ਚੌਕੀਮਾਨ ਟੌਲ ਪਲਾਜ਼ਾ ’ਤੇ ਆਮ ਆਦਮੀ ਪਾਰਟੀ ਦੀ ਝੋਨੇ ਪ੍ਰਤੀ ਬੇਰੁਖੀ ਵਾਲੀ ਨੀਤੀ ਅਤੇ ਮੰਡੀਆਂ ’ਚ ਮੱਚੀ ਲੁੱਟ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਤੇ ਕਿਸਾਨੀ ਝੰਡੇ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਗੁਰਮੇਲ ਸਿੰਘ ਕੁਲਾਰ, ਰਣਜੀਤ ਸਿੰਘ ਗੁੜੇ, ਜਰਨੈਲ ਸਿੰਘ ਮੁੱਲਾਂਪੁਰ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਕਿਹਾ ਕਿ ਮੰਡੀਆਂ ’ਚੋਂ ਝੋਨੇ ਦੀ ਖਰੀਦ ਤੇ ਚੁਕਾਈ ਦੇ ਚੱਲ ਰਹੇ ਕੰਮ ਦੌਰਾਨ ਹੁਣ ਸ਼ੈਲਰ ਮਾਲਕ ਪ੍ਰਤੀ ਟਰੱਕ ਦਸ ਬੋਰੀਆਂ ਜਾਂ ਕਥਿਤ ਨਕਦ ਰੁਪਏ ਦੀ ਮੰਗ ਕਰ ਰਹੇ ਹਨ। ਪਹਿਲਾਂ ਹੀ ਝੋਨੇ ਦਾ ਸੀਜ਼ਨ ਬਹੁਤ ਪੱਛੜ ਗਿਆ ਹੈ ਤੇ ਪਹਿਲੀ ਵਾਰ ਹੈ ਕਿ ਇਕ ਅਕਤੂਬਰ ਤੋਂ ਖਰੀਦ ਸ਼ੁਰੂ ਕਰਨ ਦੇ ਦਾਅਵਿਆਂ ਦੇ ਬਾਵਜੂਦ ਹਾਲੇ ਤਕ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਇਹੋ ਹਾਲ ਮੰਡੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦਬਾਅ ਪਾਉਣ ਮਗਰੋਂ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਨਾਲ ਕੁਝ ਦਿਨ ਰਾਹਤ ਮਿਲੀ ਸੀ ਪਰ ਹੁਣ ਮੁੜ ਕਿਸਾਨਾਂ ਦੀ ਲੁੱਟ ਸ਼ੁਰੂ ਹੋ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਇੱਸ ਹਾਲ ਦਾ ਪਤਾ ਲੈਣ ਹੁਣ ਤੱਕ ਹਾਕਮ ਧਿਰ ਦਾ ਕੋਈ ਮੰਤਰੀ ਜਾਂ ਵਿਧਾਇਕ ਮੰਡੀਆਂ ’ਚ ਨਹੀਂ ਪਹੁੰਚਿਆ। ਇਸ ਮੌਕੇ ਜਸਵੰਤ ਸਿੰਘ ਮਾਨ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਗੁਰਦੀਪ ਸਿੰਘ ਸਵੱਦੀ ਤੇ ਹੋਰ ਮੌਜੂਦ ਸਨ।