ਯੂਥ ਕਾਂਗਰਸ ਵੱਲੋਂ ਨਿਰਮਲਾ ਸੀਤਾਰਮਨ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਯੂਥ ਕਾਂਗਰਸ ਦੇ ਵਰਕਰਾਂ ਨੇ ਅੱਜ ਦਿੱਲੀ ਵਿੱਚ ਇਲੈਕਟੋਰਲ ਬਾਂਡ ਸਕੀਮ ਤਹਿਤ ਕਥਿਤ ਤੌਰ ’ਤੇ ਗੈਰ-ਕਾਨੂੰਨੀ ਫੰਡ ਇਕੱਠਾ ਕਰਨ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਕੇਂਦਰੀ ਵਿੱਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਭਾਰਤੀ ਯੂਥ ਕਾਂਗਰਸ ਦੇ ਵਰਕਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਪਹੁੰਚੇ, ਜਿਸ ਦੌਰਾਨ ਉਨ੍ਹਾਂ ਪੁਤਲਾ ਫੂਕਿਆ ਅਤੇ ਨਿਰਮਲਾ ਸੀਤਾਰਮਨ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਪ੍ਰਧਾਨ ਮੰਤਰੀ ਦੇ ਇਸ਼ਾਰੇ ’ਤੇ ਇਲੈਕਟੋਰਲ ਬਾਂਡ ਰਾਹੀਂ ਰੈਕੇਟ ਚਲਾ ਰਹੀ ਸੀ। ਭਾਜਪਾ ਨੇ ਇਲੈਕਟੋਰਲ ਬਾਂਡ ਸਾਜਿਸ਼ ਜ਼ਰੀਏ ਪੈਸੇ ਬਟੋਰਨ ਲਈ ਚਾਰ ਤਰੀਕੇ ਵਰਤੇ ਹਨ। ਇਸ ਤਹਿਤ ਪ੍ਰੀਪੇਡ ਰਿਸ਼ਵਤ, ਪੋਸਟਪੇਡ ਰਿਸ਼ਵਤ, ਛਾਪੇਮਾਰੀ ਤੋਂ ਬਾਅਦ ਰਿਸ਼ਵਤ ਅਤੇ ਫਰਜ਼ੀ ਕੰਪਨੀਆਂ ਰਾਹੀਂ ਵਸੂਲੀ ਕੀਤੀ ਗਈ। ਭਾਜਪਾ ਨੇ ਇਸ ਸਾਜਿਸ਼ ਰਾਹੀਂ ‘ਲੋਕਤੰਤਰ ਨੂੰ ਕਮਜ਼ੋਰ’ ਕਰਨ ਦਾ ਕੰਮ ਕੀਤਾ ਹੈ। ਲੋਕਤੰਤਰ ਲਈ ਆਜ਼ਾਦ ਅਤੇ ਨਿਰਪੱਖ ਚੋਣਾਂ ਬਹੁਤ ਜ਼ਰੂਰੀ ਹਨ। ਇਹ ਸਾਡੀ ਲੋਕਤੰਤਰੀ ਪ੍ਰਣਾਲੀ ’ਤੇ ਹਮਲਾ ਹੈ। ਚਿੱਬ ਨੇ ਕਿਹਾ ਕਿ ਕਾਲਾ ਧਨ ਅਤੇ ਬੇਨਾਮੀ ਚੰਦਾ ਭਾਜਪਾ ਲਈ ਇੱਕੋ ਇੱਕ ਕਾਰੋਬਾਰ ਹੈ। ਇਲੈਕਟੋਰਲ ਬਾਂਡ ਸਕੀਮ ਨਾਲ ਸਬੰਧਤ ਸ਼ਿਕਾਇਤ ਤੋਂ ਬਾਅਦ ਬੰਗਲੂਰੂ ਦੀ ਇਕ ਅਦਾਲਤ ਦੇ ਨਿਰਦੇਸ਼ਾਂ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰਾਂ ਖਿਲਾਫ ਕੁਝ ਦਿਨ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ, ਇਸ ਲਈ ਨਿਰਮਲਾ ਨੂੰ ਸਿਆਸੀ, ਨੈਤਿਕ ਅਤੇ ਨਿਆਂਇਕ ਤੌਰ ’ਤੇ ਜਲਦੀ ਤੋਂ ਜਲਦੀ ਅਸਤੀਫਾ ਦੇ ਦੇਣਾ ਚਾਹੀਦਾ ਹੈ।