ਕੈਬਨਿਟ ਮੰਤਰੀਆਂ ਵੱਲੋਂ ਲਗਾਤਾਰ ਦੂਜੇ ਦਿਨ ਸੜਕਾਂ ਦਾ ਜਾਇਜ਼ਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਕਤੂਬਰ
ਇੱਥੇ ਅੱਜ ਲਗਾਤਾਰ ਦੂਜੇ ਦਿਨ ਦਿੱਲੀ ਸਰਕਾਰ ਸੜਕਾਂ ਦੀ ਮੁਰੰਮਤ ਸਬੰਧੀ ਸਰਗਰਮ ਰਹੀ। ਅੱਜ ਵੀ ਮੁੱਖ ਮੰਤਰੀ ਆਤਿਸ਼ੀ, ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਹੋਰ ਆਗੂ ਸੜਕਾਂ ਦੀ ਅਸਲ ਹਾਲਤ ਦਾ ਜਾਇਜ਼ਾ ਲੈਣ ਲਈ ਸਵੇਰੇ ਹੀ ਸੜਕਾਂ ’ਤੇ ਉਤਰ ਆਏ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਵਿੱਚ ਹੀ ਕਈ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। ਆਤਿਸ਼ੀ ਨੇ ਕਿਹਾ ਕਿ ਪੂਰੀ ਕੈਬਨਿਟ ਸੜਕਾਂ ਦਾ ਨਿਰੀਖਣ ਕਰ ਰਹੀ ਹੈ। ਸਾਰੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਇੱਕ-ਦੋ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ।
ਸਿਸੋਦੀਆ ਨੇ ਮੰਗਲਵਾਰ ਨੂੰ ਮੰਤਰੀ ਸੌਰਭ ਭਾਰਦਵਾਜ ਦੇ ਨਾਲ ਪੂਰਬੀ ਦਿੱਲੀ ਦੇ ਅਲਕਨੰਦਾ, ਸੀਆਰ ਪਾਰਕ ਖੇਤਰ ਦਾ ਦੌਰਾ ਕਰਕੇ ਸੜਕਾਂ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਸੜਕਾਂ ’ਤੇ ਕਈ ਥਾਵਾਂ ’ਤੇ ਟੋਏ ਪਾ ਦਿੱਤੇ ਹਨ। ਸੜਕਾਂ ਦੀ ਮੁਰੰਮਤ ਨਹੀਂ ਹੋਣ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਰਹਿਣ ਅਤੇ ਦਿੱਲੀ ਦੇ ਲੋਕ ਪ੍ਰੇਸ਼ਾਨ ਰਹਿਣ। ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਸਾਜ਼ਿਸ਼ ਹੈ ਕਿ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਨੂੰ ਰੋਕਿਆ ਜਾਵੇ। ਪਰ ਭਾਜਪਾ ਦੀ ਇਹ ਸਾਜ਼ਿਸ਼ ਹਰ ਤਰ੍ਹਾਂ ਨਾਲ ਨਾਕਾਮ ਰਹੀ ਹੈ। ਨਿਜ਼ਾਮੂਦੀਨ ਰੇਲਵੇ ਸਟੇਸ਼ਨ ਰੋਡ-ਰਿੰਗ ਰੋਡ ’ਤੇ ਰੈਪਿਡ ਰੇਲ ਸਟੇਸ਼ਨ ਦੇ ਨਿਰਮਾਣ ਦੌਰਾਨ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਇੱਥੇ ਲੰਮਾ ਸਮਾਂ ਆਵਾਜਾਈ ਠੱਪ ਰਹਿੰਦੀ ਹੈ। ਮੂਲਚੰਦ ਆਂਦਰ ਨੇੜੇ ਸੜਕ ਦੀ ਹਾਲਤ ਖਸਤਾ ਹੈ। ਇੱਥੇ ਪਾਣੀ ਖੜ੍ਹਾ ਹੋਣ ਕਾਰਨ ਸੜਕ ’ਤੇ ਟੋਏ ਪੈ ਗਏ ਹਨ।
ਸੌਰਭ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਅਲਕਨੰਦਾ ਇਲਾਕੇ ਦੀਆਂ ਸੜਕਾਂ ਦਾ ਮੁਆਇਨਾ ਕੀਤਾ। ਇੱਥੇ ਤਾਰਾ ਅਪਾਰਟਮੈਂਟ ਤੋਂ ਜੀਕੇ-2 ਤੱਕ ਸੜਕ ’ਤੇ ਕਈ ਥਾਵਾਂ ’ਤੇ ਟੋਏ ਪੈ ਗਏ। ਮੰਤਰੀ ਗੋਪਾਲ ਰਾਏ ਨੇ ਉੱਤਰ ਪੂਰਬੀ ਦਿੱਲੀ ਵਿੱਚ ਯੂਪੀ ਦਿੱਲੀ ਦੀ ਹੱਦ ਨਾਲ ਲੱਗਦੇ ਦੁਰਗਾਪੁਰੀ ਚੌਕ ਅਤੇ ਲੋਨੀ ਰੋਡ ਖੇਤਰ ਦੀਆਂ ਸੜਕਾਂ ਦਾ ਮੁਆਇਨਾ ਕੀਤਾ। ਦੁਰਗਾਪੁਰੀ ਚੌਕ-ਦਿੱਲੀ-ਯੂਪੀ ਸਰਹੱਦ ’ਤੇ ਸਥਿਤ ਲੋਨੀ ਨੂੰ ਜਾਣ ਵਾਲੀ ਇਸ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ।
ਮੰਤਰੀ ਕੈਲਾਸ਼ ਗਹਿਲੋਤ ਨੇ ਮਹੀਪਾਲਪੁਰ ਅਤੇ ਨੈਲਸਨ ਮੰਡੇਲਾ ਰੋਡ ਦਾ ਨਿਰੀਖਣ ਕੀਤਾ। ਮਹੀਪਾਲਪੁਰ-ਮਹਿਰੌਲੀ-ਮਧੂਪੁਰ ਸੜਕ ਟੁੱਟੀ ਹੋਈ ਹੈ। ਮੰਤਰੀ ਇਮਰਾਨ ਹੁਸੈਨ ਨੇ ਅੱਜ ਕੋਡੀਆ ਪੁਲ, ਐੱਸਪੀ ਮੁਖਰਜੀ ਮਾਰਗ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਰੋਡ, ਨਾਵਲਟੀ ਸਿਨੇਮਾ, ਮੋਰੀ ਗੇਟ ਰੇਲਵੇ ਪੁਲ ਅਤੇ ਮੋਰੀ ਗੇਟ ਮੇਨ ਚੌਕ ਦੀਆਂ ਪੀਡਬਲਿਊਡੀ ਸੜਕਾਂ ਦਾ ਮੁਆਇਨਾ ਕੀਤਾ। ਮੰਤਰੀ ਮੁਕੇਸ਼ ਅਹਿਲਾਵਤ ਨੇ ‘ਆਪ’ ਆਗੂ ਜੈਸਮੀਨ ਸ਼ਾਹ ਨਾਲ ਕਾਂਝਵਾਲਾ ਰੋਡ ਦਾ ਨਿਰੀਖਣ ਕੀਤਾ।