ਸਾਬਕਾ ਕੌਂਸਲਰ ਵੱਲੋਂ ਨਸ਼ਿਆਂ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਬਠਿੰਡਾ, 28 ਅਗਸਤ
ਨਗਰ ਨਿਗਮ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਅੱਜ ਫੇਰ ਅਨੋਖਾ ਪ੍ਰਦਰਸ਼ਨ ਕਰਦਿਆਂ ਨਸ਼ੇ ਖ਼ਿਲਾਫ਼ ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸ਼ਹਿਰ ਦੇ ਪਰਸ ਰਾਮ ਚੌਕ ਵਿੱਚ ਵਿਜੇ ਕੁਮਾਰ ਨੇ ਆਪਣੇ-ਆਪ ਨੂੰ ਸੰਗਲਾਂ ਨਾਲ ਬੰਨ੍ਹ ਕੇ ਨਸ਼ੇ ਦੇ ਜੰਜਾਲ ਵਿੱਚ ਜਕੜੇ ਹੋਏ ਇਸ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੌਜਵਾਨਾਂ ਦੀ ਹਾਲਤ ਨੂੰ ਉਜਾਗਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪੜ੍ਹੀ ਲਿਖੀ ਪੀੜੀ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੀ ਅਤੇ ਦੂਜੀ ਚਿੱਟੀ ਵਰਗੇ ਸੰਥੈਟਿਕ ਨਸ਼ੇ ਵਿੱਚ ਆਪਣੀ ਜਾਨ ਗਵਾ ਰਹੀ। ਹੈ ਉਨ੍ਹਾਂ ਪੁਲੀਸ ਦੇ ਹੱਕ ਵਿੱਚ ਖੜ੍ਹਦਿਆਂ ਕਿਹਾ ਕਿ ਪੁਲੀਸ ’ਤੇ ਰਾਜਨੀਤਕ ਦਬਾਅ ਹੈ ਜਿਸ ਕਾਰਨ ਤਸਕਰਾਂ ਦੇ ਹੌਸਲੇ ਵਧੇ ਹਨ ਅਤੇ ਪੁਲੀਸ ਮੁਲਾਜ਼ਮਾਂ ਉੱਤੇ ਹਮਲੇ ਹੋ ਰਹੇ ਹਨ। ਉਨ੍ਹਾਂ ਬਠਿੰਡਾ ਵਿੱਚ ਬੀਤੀ ਰਾਤ ਚੈਕਿੰਗ ਕਰਨ ਗਈ ਪੁਲੀਸ ਪਾਰਟੀ ’ਤੇ ਹੋਏ ਹਮਲੇ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੁਲੀਸ ਵਾਲੇ ਸਾਡੇ ਭਰਾ ਹਨ ਜਿਨ੍ਹਾਂ ’ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਕੂਲ ਅੰਦਰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਤਾਂ ਜੋ ਜਵਾਨੀ ਨੂੰ ਬਚਾਇਆ ਜਾ ਸਕੇ।