ਸੋਚੀ-ਸਮਝੀ ਸਾਜਿਸ਼ ਸੀ ਨੋਟਬੰਦੀ: ਖੜਗੇ
ਨਵੀਂ ਦਿੱਲੀ, 8 ਨਵੰਬਰ
ਕਾਂਗਰਸ ਨੇ ਨੋਟਬੰਦੀ ਦੇ ਸੱਤ ਸਾਲ ਪੂਰੇ ਹੋਣ ਮੌਕੇ ਅੱਜ ਇੱਥੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਇੱਕ ਸੋਚੀ ਸਮਝੀ ਸਾਜਿਸ਼ ਸੀ, ਜਿਸ ਨਾਲ ਅਰਥਵਿਵਸਥਾ ਲੀਹੋਂ ਲਹਿ ਗਈ। ਮੁੱਖ ਵਿਰੋਧੀ ਧਿਰ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਇਸ ਭਿਆਨਕ ਤਰਾਸਦੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਨੋਟਬੰਦੀ ਮਗਰੋਂ ਮੋਦੀ ਜੀ ਨੇ 50 ਦਿਨ ਮੰਗੇ ਸੀ, ਅੱਜ ਸੱਤ ਸਾਲ ਹੋ ਗਏ। ਉਹ ਚੌਰਾਹਾ ਤਾਂ ਨਹੀਂ ਮਿਲਿਆ, ਦੇਸ਼ ਨੂੰ ਦੋਰਾਹੇ ’ਤੇ ਜ਼ਰੂਰ ਖੜ੍ਹਾ ਕਰ ਦਿੱਤਾ। ਇੱਕ ਪਾਸੇ ਅਮੀਰ, ਅਰਬਪਤੀ ਅਮੀਰ ਹੋ ਗਿਆ ਹੈ ਤੇ ਦੂਜੇ ਪਾਸੇ ਗਰੀਬ ਹੋਰ ਵੀ ਗਰੀਬ ਹੁੰਦਾ ਜਾ ਰਿਹਾ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਅੱਜ 150 ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ, ਜਿਨ੍ਹਾਂ ਦੀ ਨੋਟਬੰਦੀ ਦੌਰਾਨ ਜਾਨ ਗਈ। ਨੋਟਬੰਦੀ ਕਾਰਨ ਦੇਸ਼ ਦੀ ਅਰਥਵਿਵਸਥਾ ਅਤੇ ਵਿਕਾਸ ਦਰ ਨੂੰ ਧੱਕਾ ਲੱਗਿਆ। ਇੱਕ ਹੀ ਝਟਕੇ ਵਿੱਚ ਲੱਖਾਂ ਛੋਟੇ ਕਾਰੋਬਾਰ ਠੱਪ ਹੋ ਗਏ। ਕਰੋੜਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ। ਪਾਈ-ਪਾਈ ਜੋੜ ਕੇ ਸੁਆਣੀਆਂ ਨੇ ਜੋ ਬੱਚਤ ਕੀਤੀ ਸੀ, ਉਹ ਖ਼ਤਮ ਹੋ ਗਈ। ਜਾਅਲੀ ਨੋਟ ਹੋਰ ਵਧ ਗਏ, 500 ਰੁਪਏ ਦੇ ਜਾਅਲੀ ਨੋਟਾਂ ’ਚ ਪਿਛਲੇ ਸਾਲ ਹੀ 14 ਫ਼ੀਸਦੀ ਦਾ ਵਾਧਾ ਹੋਇਆ ਅਤੇ 2000 ਰੁਪਏ ਦੇ ਨੋਟਾਂ ’ਤੇ ਵੀ ਨੋਟਬੰਦੀ ਲਾਗੂ ਕਰਨੀ ਪਈ।’’ ਖੜਗੇ ਨੇ ਕਿਹਾ, ‘‘ਮੋਦੀ ਸਰਕਾਰ ਕਾਲੇ ਧਨ ’ਤੇ ਲਗਾਮ ਕੱਸਣ ਵਿੱਚ ਅਸਫ਼ਲ ਰਹੀ। ਮੋਦੀ ਸਰਕਾਰ ਦੀ ਨੋਟਬੰਦੀ ਆਮ ਨਾਗਰਿਕਾਂ ਦੇ ਜੀਵਨ ’ਚ ਇੱਕ ਡੂੰਘਾ ਜ਼ਖ਼ਮ ਹੈ, ਜਿਸ ’ਤੇ ਉਹ ਅੱਜ ਵੀ ਮੱਲ਼ਮ ਲਗਾ ਰਹੇ ਹਨ।’’ -ਪੀਟੀਆਈ
ਨੋਟਬੰਦੀ ਦਾ ਸਿਰਫ਼ ‘ਮੋਦੀ ਮਿੱਤਰਾਂ’ ਨੂੰ ਹੋਇਆ ਫਾਇਦਾ: ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਕਿਹਾ, ‘‘ਨੋਟਬੰਦੀ ਇੱਕ ਸੋਚੀ ਸਮਝੀ ਸਾਜਿਸ਼ ਸੀ। ਇਹ ਰੁਜ਼ਗਾਰ ਤਬਾਹ ਕਰਨ, ਕਾਮਿਆਂ ਦੀ ਆਮਦਨ ਰੋਕਣ, ਛੋਟੇ ਵਪਾਰੀਆਂ ਨੂੰ ਖ਼ਤਮ ਕਰਨ, ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਅਸੰਗਠਤਿ ਅਰਥਵਿਵਸਥਾ ਨੂੰ ਤੋੜਨ ਦੀ ਸਾਜਿਸ਼ ਸੀ।’’ ਉਨ੍ਹਾਂ ਦਾਅਵਾ ਕੀਤਾ, ‘‘99 ਫ਼ੀਸਦੀ ਆਮ ਭਾਰਤੀ ਨਾਗਰਿਕਾਂ ’ਤੇ ਹਮਲਾ, ਇੱਕ ਫ਼ੀਸਦੀ ਪੂਜੀਪਤੀ ‘ਮੋਦੀ ਮਿੱਤਰਾਂ’ ਨੂੰ ਫਾਇਦਾ। ਇਹ ਇੱਕ ਹਥਿਆਰ ਸੀ, ਤੁਹਾਡੀ ਜੇਬ ’ਤੇ ਡਾਕਾ ਮਾਰਨ ਦਾ, ਦੋਸਤ ਦੀ ਝੋਲੀ ਭਰ ਕੇ ਉਸ ਨੂੰ 609 ਤੋਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਆਦਮੀ ਬਣਾਉਣ ਦਾ।’’
ਦੇਸ਼ ਪ੍ਰਧਾਨ ਮੰਤਰੀ ਨੂੰ ਕਦੇ ਮੁਆਫ਼ ਨਹੀਂ ਕਰੇਗਾ: ਜੈਰਾਮ ਰਮੇਸ਼
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਬਿਆਨ ਵਿੱਚ ਕਿਹਾ, ‘‘ਅੱਜ ਤੋਂ ਸੱਤ ਸਾਲ ਪਹਿਲਾਂ ਅੱਠ ਨਵੰਬਰ, 2016 ਦੀ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਤੇ ਨੋਟਬੰਦੀ ਲਾਗੂ ਕੀਤੀ ਸੀ। ਇੱਕ ਫ਼ੈਸਲਾ ਜਿਸ ਨੇ ਭਾਰਤੀ ਅਰਥਵਿਵਸਥਾ ਦਾ ਲੱਕ ਤੋੜ ਦਿੱਤਾ। ਇਸੇ ਤਰ੍ਹਾਂ 24 ਮਾਰਚ, 2020 ਨੂੰ ਅਚਾਨਕ ਤਾਲਾਬੰਦੀ ਲਾਗੂ ਕੀਤੀ ਗਈ, ਜਿਸ ਕਾਰਨ ਲੱਖਾਂ ਪਰਵਾਸੀ ਮਜ਼ਦੂਰਾਂ ਨੂੰ ਸੈਂਕੜੇ ਅਤੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਘਰ ਵਾਪਸ ਜਾਣਾ ਪਿਆ।’’ ਉਨ੍ਹਾਂ ਦਾਅਵਾ ਕੀਤਾ, ‘‘ਪ੍ਰਧਾਨ ਮੰਤਰੀ ਵੱਲੋਂ ਲੋਕਾਂ ਦੀ ਪੀੜ ਦਾ ਮਜ਼ਾਕ ਉਡਾਉਣਾ, ਹੱਸਣਾ ਅਤੇ ਇਹ ਕਹਿਣਾ ਕਿ ‘ਘਰ ਵਿੱਚ ਵਿਆਹ ਹੈ, ਪੈਸਾ ਨਹੀਂ ਹੈ’ ਨੂੰ ਕੌਣ ਭੁੱਲ ਸਕਦਾ ਹੈ? ਉਨ੍ਹਾਂ ਸੈਂਕੜੇ ਗਰੀਬਾਂ ਅਤੇ ਮੱਧਵਰਗੀ ਲੋਕਾਂ ਨੂੰ ਕੌਣ ਭੁੱਲ ਸਕਦਾ ਹੈ, ਜਿਨ੍ਹਾਂ ਦੀ ਨੋਟ ਬਦਲਣ ਲੰਬੀਆਂ ਲਾਈਨਾਂ ’ਚ ਉਡੀਕ ਕਰਦਿਆਂ-ਕਰਦਿਆਂ ਮੌਤ ਹੋ ਗਈ, ਜਦਕਿ ਅਮੀਰ ਲੋਕ ਸੌਖਿਆਂ ਹੀ ਬੈਂਕ ਵਿੱਚ ਆਪਣੇ ਨੋਟ ਬਦਲਾਉਣ ਵਿੱਚ ਕਾਮਯਾਬ ਰਹੇ।’’ ਰਮੇਸ਼ ਨੇ ਦੋਸ਼ ਲਾਇਆ ਕਿ ਨੋਟਬੰਦੀ ਦੇ ਨਾਲ-ਨਾਲ ਜਲਦਬਾਜ਼ੀ ਵਿੱਚ ਲਾਗੂ ਕੀਤੀ ਗਈ ਜੀਐੱਸਟੀ ਨੇ ਭਾਰਤ ਦੇ ਛੋਟੇ ਅਤੇ ਮੱਧਵਰਗੀ ਉਦਯੋਗ ਨੂੰ ਢਾਹ ਲਾਈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਇਸ ਭਿਆਨਕ ਤਰਾਸਦੀ ਲਈ ਪ੍ਰਧਾਨ ਮੰਤਰੀ ਨੂੰ ਮੁਆਫ਼ ਨਹੀਂ ਕਰੇਗਾ।