ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ
ਵਾਸ਼ਿੰਗਟਨ, 11 ਸਤੰਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ’ਚ ਲੋਕਤੰਤਰ ਨੂੰ ਬੁਰੀ ਤਰ੍ਹਾਂ ਢਾਹ ਲਗਾਈ ਗਈ ਹੈ ਪਰ ਹੁਣ ਲੋਕਤੰਤਰ ਮੁੜ ਤੋਂ ਪਟੜੀ ’ਤੇ ਪਰਤ ਰਿਹਾ ਹੈ। ਗਾਂਧੀ ਨੇ ਮੰਗਲਵਾਰ ਨੂੰ ਇੱਥੇ ‘ਨੈਸ਼ਨਲ ਪ੍ਰੈੱਸ ਕਲੱਬ’ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਗਾਂਧੀ ਨੇ ਕਿਹਾ, ‘‘ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਪਿਛਲੇ ਸਾਲਾਂ ਵਿੱਚ ਭਾਰਤੀ ਲੋਕਤੰਤਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ, ਹੁਣ ਉਹ ਮੁੜ ਤੋਂ ਪਟੜੀ ’ਤੇ ਪਰਤਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ਦੇਖਿਆ ਹੈ ਕਿ ਕਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਸਾਡੀ ਸਰਕਾਰ ਸਾਡੇ ਕੋੋਲੋਂ ਖੋਹ ਲਈ ਗਈ। ਮੈਂ ਇਹ ਸਭ ਆਪਣੀਆਂ ਅੱਖਾਂ ਤੋਂ ਦੇਖਿਆ ਹੈ। ਮੈਂ ਦੇਖਿਆ ਹੈ ਕਿ ਕਿਵੇਂ ਸਾਡੇ ਵਿਧਾਇਕ ਨੂੰ ਖਰੀਦਿਆ ਗਿਆ ਅਤੇ ਉਨ੍ਹਾਂ ਨੂੰ ਫਸਾ ਦਿੱਤਾ ਗਿਆ ਅਤੇ ਉਹ ਅਚਾਨਕ ਭਾਜਪਾ ਦੇ ਵਿਧਾਇਕ ਬਣ ਗਏ। ਤਾਂ ਇਸ ਤਰ੍ਹਾਂ ਭਾਰਤੀ ਲੋਕਤੰਤਰ ਖਤਰੇ ਵਿੱਚ ਰਿਹਾ ਹੈ, ਇਸ ਨੂੰ ਬੁਰੀ ਤਰ੍ਹਾਂ ਕਮਜ਼ੋਰ ਕੀਤਾ ਗਿਆ ਅਤੇ ਹੁਣ ਉਹ ਮੁੜ ਤੋਂ ਪਟੜੀ ’ਤੇ ਪਰਤ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਇਹ ਮੁੜ ਤੋਂ ਮਜ਼ਬੂਤ ਹੋਵੇਗਾ।’’ -ਪੀਟੀਆਈ