ਭਾਰਤ ਨੇ ਰੂਸ-ਯੂਕਰੇਨ ਜੰਗ ’ਚ ਮਾਰੇ ਗਏ ਕੇਰਲਾ ਦੇ ਨਾਗਰਿਕ ਲਈ ਇਨਸਾਫ਼ ਮੰਗਿਆ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 14 ਜਨਵਰੀ
ਭਾਰਤ ਨੇ ਰੂਸ-ਯੂਕਰੇਨ ਜੰਗ ਦੇ ਮੋਰਚੇ ’ਤੇ ਗੋਲੀ ਲੱਗਣ ਕਰਕੇ ਮਾਰੇ ਗਏ ਭਾਰਤੀ ਨਾਗਰਿਕ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਭਾਰਤ ਨੇ ਮਾਸਕੋ ਕੋਲ ਇਹ ਮਸਲਾ ਚੁੱਕਦਿਆਂ ਜੰਗ ਦੇ ਮੈਦਾਨ ਵਿਚ ਹੀ ਜ਼ਖ਼ਮੀ ਹੋਏ ਇਕ ਹੋਰ ਭਾਰਤੀ ਨਾਗਰਿਕ ਨੂੰ ਜਲਦੀ ਵਾਪਸ ਭੇਜਣ ਦੀ ਅਪੀਲ ਕੀਤੀ ਹੈ। ਕੇਰਲਾ ਨਾਲ ਸਬੰਧਤ ਇਨ੍ਹਾਂ ਦੋਵਾਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਖਿਲਾਫ਼ ਜੰਗ ਵਿਚ ਜਬਰੀ ਰੂਸੀ ਫੌਜ ’ਚ ਭਰਤੀ ਕੀਤਾ ਗਿਆ ਸੀ। ਰੂਸ ਤੇ ਯੂਕਰੇਨ ਦਰਮਿਆਨ ਫਰਵਰੀ 2022 ਤੋਂ ਜੰਗ ਜਾਰੀ ਹੈ। ਸੂਤਰਾਂ ਨੇ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਬਿਨਿਲ ਬਾਬੂ (32) ਵਾਸੀ ਕੁੱਟਾਨੈਲੁਰ (ਕੇਰਲਾ) ਤੇ ਜ਼ਖ਼ਮੀ ਦੀ ਜੈਨ ਟੀਕੇ (27) ਵਜੋਂ ਦੱਸੀ ਹੈ। ਇਹ ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜ਼ਖ਼ਮੀ ਭਾਰਤੀ ਨਾਗਰਿਕ ਮਾਸਕੋ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਪੀੜਤ ਪਰਿਵਾਰ ਨਾਲ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕਰਦੇ ਹਾਂ। ਸਾਡੀ ਮਾਸਕੋ ਵਿਚਲੀ ਅੰਬੈਸੀ ਪਰਿਵਾਰਾਂ ਦੇ ਸੰਪਰਕ ਵਿਚ ਹੈ ਤੇ ਹਰ ਸੰਭਵ ਸਹਾਇਤਾ ਦਿੱਤੀ ਗਈ ਹੈ। ਅਸੀਂ ਭਾਰਤੀ ਨਾਗਰਿਕ ਦੀ ਮ੍ਰਿਤਕ ਦੇਹ ਛੇਤੀ ਵਾਪਸ ਲਿਆਉਣ ਲਈ ਰੂਸੀ ਅਥਾਰਿਟੀਜ਼ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਜ਼ਖ਼ਮੀ ਭਾਰਤੀ ਨਾਗਰਿਕ ਨੂੰ ਵੀ ਛੇਤੀ ਹਸਪਤਾਲ ’ਚੋਂ ਡਿਸਚਾਰਜ ਕਰਨ ਤੇ ਭਾਰਤ ਭੇਜਣ ਦੀ ਮੰਗ ਕੀਤੀ ਹੈ।’’