ਹੜ੍ਹ ਦੌਰਾਨ ਖੇਤਾਂ ਵਿੱਚ ਰੁੜ੍ਹ ਕੇ ਆਏ ਦਰੱਖ਼ਤ ਚੁਕਵਾਉਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਜੁਲਾਈ
ਜਮਹੂਰੀ ਕਿਸਾਨ ਸਭਾ ਦੇ ਇੱਕ ਵਫ਼ਦ ਨੇ ਜੰਗਲਾਤ ਅਧਿਕਾਰੀ ਨਾਲ ਮੁਲਾਕਾਤ ਕੀਤੀ ਹੈ। ਵਫ਼ਦ ’ਚ ਸ਼ਾਮਲ ਆਗੂਆਂ ਨੇ ਮੰਗ ਕੀਤੀ ਹੈ ਕਿ ਸਤਲੁਜ ਦਰਿਆ ਦੇ ਬੰਨ੍ਹ ਅੰਦਰ ਪੈਂਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਜੋ ਜੰਗਲਾਤ ਮਹਿਕਮੇ ਦੇ ਦਰੱਖ਼ਤ ਹੜ੍ਹਾਂ ਦੇ ਪਾਣੀ ਨਾਲ ਰੁੜ੍ਹ ਕੇ ਆ ਗਏ ਹਨ , ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ, ਤਾਂ ਜੋ ਪੀੜਤ ਕਿਸਾਨ ਖੇਤਾਂ ਨੂੰ ਸਾਫ਼ ਕਰ ਕੇ ਆਪਣੇ ਕੰਮ ਮੁੜ ਸ਼ੁਰੂ ਕਰ ਸਕਣ।
ਕਿਸਾਨ ਸਭਾ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਗੁਰਮੇਲ ਸਿੰਘ ਰੂਮੀ ਦੀ ਅਗਵਾਈ ਹੇਠਲੇ ਵਫ਼ਦ ਨੇ ਅੱਜ ਜੰਗਲਾਤ ਅਧਿਕਾਰੀ ਰਾਜੇਸ਼ ਕੁਮਾਰ ਗੁਲਾਟੀ ਦੀ ਦਫ਼ਤਰ ਸੁਪਰਡੈਂਟ ਸਰਬਜੀਤ ਕੌਰ ਨੂੰ ਮਿਲ ਕੇ ਇੱਕ ਮੰਗ ਪੱਤਰ ਵੀ ਸੌਂਪਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਬੰਨ੍ਹ ਦੇ ਅੰਦਰ ਦਰੱਖ਼ਤ ਨਾ ਲਗਾਏ ਜਾਣ ਤਾਂ ਜੋ ਬਰਸਾਤਾਂ ਮੌਕੇ ਸਤਲੁਜ ਦਰਿਆ ਦੇ ਪਾਣੀ ਵਿੱਚ ਕੋਈ ਰੁਕਾਵਟ ਨਾ ਆ ਸਕੇ। ਉਨ੍ਹਾਂ ਜੰਗਲਾਤ ਮਹਿਕਮੇ ਵੱਲੋਂ ਅਬਾਦਕਾਰ ਕਿਸਾਨਾਂ ਉੱਪਰ ਦਰਜ ਕਰਵਾਏ ਝੂਠੇ ਪਰਚੇ ਵਾਪਸ ਲੈਣ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਾ ਕਰਨ ਦੀ ਮੰਗ ਵੀ ਕੀਤੀ। ਮੈਡਮ ਸਰਬਜੀਤ ਕੌਰ ਨੇ ਕਿਸਾਨਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਨੱਛਤਰ ਸਿੰਘ, ਰਣਜੀਤ ਸਿੰਘ ਗੋਰਸੀਆ, ਰਾਜੂ ਸਿੰਘ ਕੋਟਉਮਰਾ ਅਤੇ ਸਾਬਕਾ ਸਰਪੰਚ ਸ਼ੰਕਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।