ਓਟੀਟੀ ਪਲੈਟਫਾਰਮਾਂ ’ਤੇ ਪੋਰਨੋਗ੍ਰਾਫ਼ੀ ਅਤੇ ਅਸ਼ਲੀਲਤਾ ’ਤੇ ਪਾਬੰਦੀ ਲਾਉਣ ਦੀ ਮੰਗ
ਨਵੀਂ ਦਿੱਲੀ:
ਸੁਪਰੀਮ ਕੋਰਟ ਵਿਮੈੱਨ ਲਾਅਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਦੇਸ਼ ਭਰ ’ਚ ਓਟੀਟੀ ਪਲੈਟਫਾਰਮਾਂ ’ਤੇ ਅਸ਼ਲੀਲਤਾ ਅਤੇ ਪੋਰਨੋਗ੍ਰਾਫ਼ੀ ਉਪਰ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਜਾਵੇ। ਐਸੋਸੀਏਸ਼ਨ ਨੇ ਕਿਹਾ ਕਿ ਉਹ ਔਰਤਾਂ, ਲੜਕੀਆਂ ਅਤੇ ਬੱਚੀਆਂ ਖ਼ਿਲਾਫ਼ ਅਪਰਾਧਾਂ ਦੇ ਮਾਮਲੇ ਅਚਾਨਕ ਵਧਣ ਕਾਰਨ ਗੁੱਸੇ ਅਤੇ ਸਦਮੇ ’ਚ ਹਨ। ਉਨ੍ਹਾਂ ਕਿਹਾ ਕਿ ਕੋਲਕਾਤਾ, ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਵਾਪਰੇ ਕਾਂਡਾਂ ਨੇ ਸਾਰਿਆਂ ਦੀ ਜ਼ਮੀਰ ਹਿਲਾ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਕੋਈ ਵੀ ਸਖ਼ਤ ਕਾਨੂੰਨਾਂ ਤੋਂ ਨਹੀਂ ਡਰ ਰਿਹਾ ਹੈ ਜਿਸ ਕਰਕੇ ਉਹ ਅਪੀਲ ਕਰਦੇ ਹਨ ਕਿ ਓਟੀਟੀ ਪਲੈਟਫਾਰਮਾਂ ’ਤੇ ਪਰੋਸੀ ਜਾਂਦੀ ਅਸ਼ਲੀਲਤਾ ਅਤੇ ਆਨਲਾਈਨ ਪੋਰਨੋਗ੍ਰਾਫ਼ੀ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਐਸੋਸੀਏਸ਼ਨ ਨੇ ਸਰਕਾਰੀ ਤੇ ਕਾਨੂੰਨੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਔਰਤਾਂ ਦੀ ਸੁਰੱਖਿਆ ਅਤੇ ਮਰਿਆਦਾ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ਮੁਹਿੰਮ ’ਚ ਜੁੜਨ। ਸੁਪਰੀਮ ਕੋਰਟ ਮਹਿਲਾ ਬਾਰ ਐਸੋਸੀਏਸ਼ਨ ਨੇ ਵੀ ਸਾਰੇ ਅਦਾਰਿਆਂ ਅਤੇ ਕੰਮਕਾਜੀ ਥਾਵਾਂ ਉਪਰ ਸੀਸੀਟੀਵੀ ਕੈਮਰੇ ਲਗਾਉਣ ਦੀ ਅਪੀਲ ਕੀਤੀ ਹੈ। -ਆਈਏਐੱਨਐੱਸ