ਡੀਸੀ ਤੋਂ ਗਲੀ ’ਚੋਂ ਨਾਜਾਇਜ਼ ਕਬਜ਼ਾ ਹਟਵਾਉਣ ਦੀ ਮੰਗ
ਪੱਤਰ ਪ੍ਰੇਰਕ
ਰਤੀਆ, 12 ਮਈ
ਰਤੀਆ ਸ਼ਹਿਰ ਦੇ ਵਾਰਡ ਨੰਬਰ-13 ਟਿੱਬਾ ਕਲੋਨੀ ਦੇ ਕੁਝ ਲੋਕਾਂ ਨੇ ਸੀਐੱਮ ਵਿੰਡੋ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਭੇਜ ਕੇ ਕੁਝ ਲੋਕਾਂ ’ਤੇ ਨਜਾਇਜ਼ ਤੌਰ ’ਤੇ ਗਲੀ ਬੰਦ ਕਰ ਕੇ ਮਕਾਨਾਂ ਅਤੇ ਪਲਾਟਾਂ ਦੀ ਨਾਜਾਇਜ਼ ਉਸਾਰੀ ਕਰਨ ਦਾ ਦੋਸ਼ ਲਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਾਰਡ ਨੰਬਰ=13 ਵਾਸੀ ਸਾਹਿਲ ਗਰਗ, ਅਨਿਲ ਕੁਮਾਰ ਜੈਨ, ਜਗਦੀਸ਼ ਚੰਦਰ, ਅਸ਼ੋਕ ਕੁਮਾਰ, ਦਰਸ਼ਨ ਕੁਮਾਰ, ਅਮਿਤ ਕੁਮਾਰ, ਜਗਸੀਰ, ਰਜਨੀਸ਼ ਕੁਮਾਰ, ਦਿਨੇਸ਼ ਗਰਗ, ਬਾਲਾ ਸਿੰਘ ਬਰਾੜ, ਮਨੀਸ਼ ਕੁਮਾਰ, ਅਰੁਣ ਕੁਮਾਰ ਜੈਨ ਤੇ ਹੋਰਾਂ ਨੇ ਦੱਸਿਆ ਕਿ ਵਾਰਡ ਨੰਬਰ-13 ਮੇਨ ਗਲੀ ਟਿੱਬਾ ਕਲੋਨੀ ਪਦਮਾਵਤੀ ਧਾਮ ਨੇੜੇ 25 ਸਾਲ ਪਹਿਲਾਂ 16 ਫੁੱਟ ਗਲੀ ਛੱਡੀ ਗਈ ਸੀ ਜੋ 2010 ਦੇ ਆਸਪਾਸ ਕੁਝ ਘਰਾਂ ਨੇ 16 ਫੁੱਟ ਦੀ ਛੱਡੀ ਗਲੀ ’ਤੇ ਨਾਜਾਇਜ਼ ਕਬਜ਼ਾ ਕਰਕੇ ਆਪਣੀ ਕੰਧ ਬਣਾ ਲਈ ਅਤੇ ਆਰਸੀਸੀ ਸੜਕ ਬਣਵਾ ਦਿੱਤੀ। ਇਸ ਕਾਰਨ ਕਾਫੀ ਘਰਾਂ ਦਾ ਰਸਤਾ ਬੰਦ ਹੋ ਚੁੱਕਾ ਹੈ। ਇਨ੍ਹਾਂ ਲੋਕਾਂ ਨੂੰ ਦੇਖ ਕੇ ਹੁਣ ਹੋਰ ਲੋਕਾਂ ਵੱਲੋਂ ਵੀ ਨਾਜਾਇਜ਼ ਰੂਪ ਵਿਚ ਗਲੀ ’ਤੇ ਉਸਾਰੀ ਕੀਤੀ ਗਈ ਹੈ ਜਿਸ ਕਾਰਨ ਪਿੱਛੇ ਰਹਿ ਰਹੇ ਮਕਾਨ ਮਾਲਕਾਂ ਨੂੰ ਆਉਣ-ਜਾਣ ’ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ 16 ਫੁੱਟ ਵਾਲੀ ਗਲੀ ਸਿਰਫ 4 ਫੁੱਟ ਹੀ ਰਹਿ ਗਈ ਹੈ।
ਨਿਸ਼ਾਨਦੇਹੀ ਮਗਰੋਂ ਕਾਰਵਾਈ ਕੀਤੀ ਜਾਵੇਗੀ: ਜੂਨੀਅਰ ਇੰਜਨੀਅਰ
ਨਗਰਪਾਲਿਕਾ ਦੇ ਜੂਨੀਅਰ ਇੰਜਨੀਅਰ ਹਵਾ ਸਿੰਘ ਨੇ ਦੱਸਿਆ ਕਿ ਇਹ ਸ਼ਿਕਾਇਤ ਉਨ੍ਹਾਂ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਂਚ ਲਈ ਭੇਜੀ ਗਈ ਹੈ। ਉਨ੍ਹਾਂ ਤਹਿਸੀਲ ਦਫ਼ਤਰ ਨੂੰ ਨਿਸ਼ਾਨਦੇਹੀ ਲਈ ਪੱਤਰ ਲਿਖਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।