ਸਰਪੰਚਾਂ ਵੱਲੋਂ ਮਾਣ ਭੱਤਾ ਜਾਰੀ ਕਰਨ ਦੀ ਮੰਗ
ਜਸਵੰਤ ਸਿੰਘ ਥਿੰਦ
ਮਮਦੋਟ, 29 ਜੁਲਾਈ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਰਪੰਚਾਂ ਨੂੰ ਬਣਦੀ ਮਾਣਭੱਤੇ ਦੀ ਰਾਸ਼ੀ ਜਾਰੀ ਕਰਨ ਸਬੰਧੀ ਪੱਤਰ ਨੰਬਰ ਡੀਈਪੀ 2987 ਮੁਤਾਬਕ ਸਰਪੰਚਾਂ ਨੂੰ ਸਾਲ 2013 ਤੋਂ 2023 ਤੱਕ ਦਾ ਮਾਣਭੱਤਾ ਜਾਰੀ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਰਾਜ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਲਿਖਿਆ ਗਿਆ ਸੀ ਕਿ ਸਰਪੰਚਾਂ ਨੂੰ ਮਾਣਭੱਤੇ ਦੀ ਅਦਾਇਗੀ ਪੰਚਾਇਤ ਫੰਡਾਂ ਵਿੱਚੋਂ 19/9/23 ਤੱਕ ਕਰ ਕੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ, ਪਰ ਇਸ ਸਬੰਧੀ ਬੀਡੀਪੀਓ ਦਫ਼ਤਰ ਮਮਦੋਟ ਨਾਲ ਸਬੰਧਤ ਕਿਸੇ ਵੀ ਸਰਪੰਚ ਨੂੰ ਬਣਦੀ ਮਾਣਭੱਤੇ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ।
ਇਸ ਸਬੰਧੀ ਜਦੋਂ ਬੀਡੀਪੀਓ ਮਮਦੋਟ ਸੁਖਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਸਰਕਾਰ ਦੀ ਅਜਿਹੀ ਕੋਈ ਵੀ ਚਿੱਠੀ ਨਹੀਂ ਹੈ, ਪਰ ਜਦੋਂ ਉਨ੍ਹਾਂ ਦਾ ਧਿਆਨ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਨੰਬਰ ਡੀਈਪੀ 2987 ਮਿਤੀ 7/10/23 ਵਲ ਦਿਵਾਇਆ ਗਿਆ ਤਾਂ ਉਨ੍ਹਾਂ ਇਸ ਸਬੰਧੀ ਅਣਜਾਣਤਾ ਪ੍ਰਗਟਾਈ।
ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਅਤੇ ਉਹ ਇਸ ਸਬੰਧੀ ਜਾਂਚ-ਪੜਤਾਲ ਕਰਵਾ ਕੇ ਕਾਰਵਾਈ ਕਰਨਗੇ।