ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਨ ਦੀ ਮੰਗ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 20 ਨਵੰਬਰ
ਇੱਥੇ ਅੱਜ ਭਾਈ ਲਾਲੋ ਲੋਕ ਮੰਚ ਦੇ ਸੂਬਾਈ ਯੂਨਿਟ ਦੀ ਮੀਟਿੰਗ ਸਾਥੀ ਕਰਨ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਸਾਥੀ ਤਰਸੇਮ ਯੋਧਾਂ ਸਾਬਕਾ ਵਿਧਾਇਕ ਅਤੋ ਭਾਈ ਲਾਲੋ ਲੋਕ ਮੰਚ ਦੇ ਮੁੱਖ ਕਨਵੀਨਰ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਰਾਜਨੀਤਿਕ ਧਿਰਾਂ ਮੁੱਦਾਹੀਣ ਹੋ ਚੁੱਕੀਆਂ ਹਨ, ਜੋ ਕਿ ਸਿਰਫ ਤੇ ਸਿਰਫ ਵੋਟਾਂ ਲੈਣ ਲਈ ਝੂਠੇ ਉਪਰਾਲੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚੋਂ ਪੰਜਾਬ ਅਤੇ ਲੋਕਾਂ ਦੇ ਮੁੱਦੇ ਗਾਇਬ ਹੋ ਚੁੱਕੇ ਹਨ, ਇਸ ਲਈ ਜਥੇਬੰਦੀ ਨੇ ਪੰਜਾਬ ਅੰਦਰ ਲੋਕ ਮੁੱਦਿਆਂ ਨੂੰ ਲੈ ਕੇ ਜਨ ਸੰਪਰਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ । ਸਾਥੀ ਤਰਸੇਮ ਯੋਧਾਂ ਨੇ ਦੱਸਿਆ ਕਿ ਇਹ ਮੁਹਿੰਮ 28 ਨਵੰਬਰ ਤੋਂ ਆਰੰਭ ਹੋ ਕੇ ਅਗਲੇ ਸਾਲ 28 ਫਰਵਰੀ ਤੱਕ ਚੱਲੇਗੀ ਅਤੇ ਇਸ ਮੁਹਿੰਮ ਅਧੀਨ ਪੰਜਾਬ ਅੰਦਰ 500 ਤੋਂ ਵੱਧ ਲੋਕ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਲਾਚੌਰ ਸ਼ਹਿਰ ਦੀ ਨਗਰ ਕੌਂਸਲ ਚੋਣਾਂ ਦੀ ਅਗਵਾਈ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸੂਬੇ ਨੂੰ ਵੱਧ ਅਧਿਕਾਰ ਦਿੱਤੇ ਜਾਣ, ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ। ਮੀਟਿੰਗ ਵਿੱਚ ਕੇਵਲ ਹਜ਼ਾਰਾ, ਚਰਨਜੀਤ ਸਿੰਘ, ਪ੍ਰਕਾਸ਼ ਸਿੰਘ, ਸੁਰਿੰਦਰ ਖੀਵਾ, ਸੁਨੀਤਾ ਸ਼ਰਮਾ, ਚਰਨਜੀਤ ਕੌਰ, ਹਰਪਾਲ ਸਿੰਘ ਅਤੇ ਕਰਨੈਲ ਸਿੰਘ ਹਾਜ਼ਰ ਸਨ।