ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 28 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪੰਜਾਬ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ। ਇਹ ਮੰਗ ਇੱਥੇ ਸਰਕਟ ਹਾਊਸ ਵਿੱਚ ਮਜ਼ਦੂਰ ਆਗੂ ਜੰਗੀਰ ਕੌਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇੱਕ ਰੋਜ਼ਾ ਸੂਬਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਅਤੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਮਜ਼ਦੂਰ ਮੋਰਚਾ ਵੱਲੋਂ 15 ਸਤੰਬਰ ਤੋਂ ਸੂਬੇ ਵਿੱਚ ਜ਼ਿਲ੍ਹਾਵਾਰ ‘ਮਜ਼ਦੂਰ ਸਮਾਜ ਏਕਤਾ ਰੈਲੀਆਂ’ ਕੀਤੀਆਂ ਜਾਣਗੀਆਂ। ਇਨ੍ਹਾਂ ਰੈਲੀਆਂ ਵਿੱਚ ਜ਼ਮੀਨ ਹੱਦਬੰਦੀ 17 ਏਕੜ ਦੇ ਕਾਨੂੰਨ ਤੋਂ ਵਾਧੂ ਜ਼ਮੀਨਾਂ ਜ਼ਬਤ ਕਰ ਕੇ ਬੇਜ਼ਮੀਨੇ ਦਲਿਤਾਂ ’ਚ ਵੰਡਾਉਣ, ਨਸ਼ਿਆਂ ਦੇ ਸਮੱਗਲਰਾਂ ਤੇ ਰਿਜ਼ਰਵੇਸ਼ਨ ਚੋਰਾਂ ਨੂੰ ਗ੍ਰਿਫ਼ਤਾਰ ਕਰਾਉਣ, ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਕਰਾਉਣ, ਚੋਣ ਵਾਅਦੇ ਮੁਤਾਬਕ 18 ਸਾਲ ਦੀ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣ, ਦਲਿਤਾਂ ਉਪਰ ਹੁੰਦੇ ਅੱਤਿਆਚਾਰਾਂ ਦੇ ਖਾਤਮੇ, ਦਲਿਤ ਵਿਦਿਆਰਥੀਆਂ ਦੇ ਰੁਕੇ ਵਜ਼ੀਫ਼ੇ ਜਾਰੀ ਕਰਾਉਣ ਤੇ ਮੋਟਰਸਾਈਕਲ ਰੇਹੜੀਆਂ ਨੂੰ ਘੱਟੋ-ਘੱਟ ਭਾਰ ਢੋਣ ਲਈ ਮਾਨਤਾ ਦਿਵਾਉਣ ਜਿਹੇ ਮੁੱਦੇ ਉਭਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕੜੀ ਤਹਿਤ 15 ਸਤੰਬਰ ਨੂੰ ਬਰਨਾਲਾ, 17 ਨੂੰ ਮਾਨਸਾ, 24 ਨੂੰ ਬਠਿੰਡਾ, 29 ਨੂੰ ਫ਼ਰੀਦਕੋਟ ਸਮੇਤ ਹੁਸ਼ਿਆਰਪੁਰ, ਸੰਗਰੂਰ, ਮੋਗਾ ਅਤੇ ਫਾਜ਼ਿਲਕਾ ਵਿੱਚ ਵੀ ਰੈਲੀਆਂ ਕੀਤੀਆਂ ਜਾਣਗੀਆਂ। ਮੀਟਿੰਗ ਦੌਰਾਨ ਡਾ. ਗੁਰਿੰਦਰ ਸਿੰਘ ਰੰਘਰੇਟਾ, ਮਜ਼੍ਹਬੀ ਸਿੱਖ ਭਲਾਈ ਫਰੰਟ ਦੇ ਆਗੂ ਮਾ. ਬਲਜਿੰਦਰ ਧਾਲੀਵਾਲ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਮਨਜੀਤ ਕੌਰ ਜੋਗਾ, ਕੁਲਵਿੰਦਰ ਕੌਰ ਦਸੂਹਾ, ਰਮੇਸ਼ ਸਿੰਘ ਫਾਜ਼ਿਲਕਾ, ਰੋਹੀ ਸਿੰਘ ਗੋਬਿੰਦਗੜ੍ਹ, ਵਿਦਿਆਰਥੀ ਆਗੂ ਪ੍ਰਦੀਪ ਗੁਰੂ ਤੇ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ।