ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ
ਬਲਜੀਤ ਸਿੰਘ
ਸਰਦੂਲਗੜ੍ਹ 27 ਜੁਲਾਈ
ਸੂਬੇ ਦੇ ਲੋਕਾਂ ’ਤੇ ਤਰ੍ਹਾਂ-ਤਰ੍ਹਾਂ ਦੇ ਟੈਕਸ ਲਗਾ ਕੇ ਪੈਸੇ ਇਕੱਠੇ ਕਰਨ ਵਾਲੀ ਸੂਬੇ ਦੀ ਕੈਪਟਨ ਸਰਕਾਰ ਸੂਬੇ ’ਚ ਪੀਣ ਵਾਲੇ ਪਾਣੀ ਦਾ ਵੀ ਉੱਚਿਤ ਪ੍ਰਬੰਧ ਨਹੀਂ ਕਰ ਸਕੀ। ਚਾਰ ਹਫ਼ਤਿਆਂ ’ਚ ਨਸ਼ੇ ਨੂੰ ਖਤਮ ਕਰਨ ਦੀਆਂ ਕਸਮਾਂ ਖਾ ਕੇ ਸੱਤਾ ’ਚ ਆਈ ਕਾਂਗਰਸ ਦੀ ਸਰਕਾਰ ਨੇ ਹਰ ਪਿੰਡ, ਹਰ ਮੋੜ ’ਤੇ ਸ਼ਰਾਬ ਦੇ ਜਾਇਜ਼-ਨਾਜਾਇਜ਼ ਠੇਕੇ ਖੁੱਲ੍ਹਵਾ ਕੇ ਸੂਬੇ ’ਚ ਨਸ਼ੇ ਨੂੰ ਹੋਰ ਵੀ ਉਤਸਾਹਿਤ ਕੀਤਾ ਹੈ। ਉੱਕਤ ਗੱਲਾਂ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਖੂਨਦਾਨੀ ਗੁਰਪ੍ਰੀਤ ਸਿੰਘ ਭੰਮਾਂ, ਡਾ. ਹਰਦੇਵ ਸਿੰਘ ਕੋਰਵਾਲਾ ਅਤੇ ਤੋਤਾ ਸਿੰਘ ਹੀਰਕੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ’ਚ ਸਰਦੂਲਗੜ੍ਹ ਤੋ ਲੈ ਕੇ ਮਾਨਸਾ ਤੱਕ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਬੱਸ ਅੱਡੇ ’ਤੇ ਜਾਂ ਹੋਰ ਕਿਸੇ ਵੀ ਜਨਤਕ ਜਗ੍ਹਾ ’ਤੇ ਪਾਣੀ ਦਾ ਕੋਈ ਉੱਚਤ ਪ੍ਰਬੰਧ ਨਹੀਂ ਕੀਤਾ ਗਿਆ, ਪਰ ਹਰ ਪਿੰਡ ’ਚ ਸ਼ਰਾਬ ਦੇ ਠੇਕੇ ਖੋਲ੍ਹ ਕੇ ਸੂਬੇ ਦੀ ਨੌਜਵਾਨੀ ਨੂੰ ਸ਼ਰਾਬ ਪੀਣ ਲਈ ਜ਼ਰੂਰ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਬੱਸ ਅੱਡੇ ’ਤੇ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਜਾਵੇ।