ਸ਼ੇਰਪੁਰ ਵਿੱਚ ਤਹਿਸੀਲ ਪੱਧਰੀ ਲਾਇਬ੍ਰੇਰੀ ਬਣਾਉਣ ਦੀ ਮੰਗ
ਪੱਤਰ ਪ੍ਰੇਰਕ
ਸ਼ੇਰਪੁਰ, 8 ਦਸੰਬਰ
ਸਾਹਿਤ ਸਭਾ ਸ਼ੇਰਪੁਰ ਦੀ ਸਾਹਿਤਕਾਰ ਭੋਲਾ ਸਿੰਘ ਟਿੱਬਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਹਾਜ਼ਰੀਨ ਸਾਹਿਤਕਾਰਾਂ ਨੇ ਕਸਬੇ ਵਿੱਚ ਤਹਿਸੀਲ ਪੱਧਰੀ ਲਾਇਬ੍ਰੇਰੀ ਬਣਾਉਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਮੁਲਾਕਾਤ ਕਰਨ ਦਾ ਵੀ ਫੈਸਲਾ ਕੀਤਾ।
ਸਰਬਾਂਗੀ ਲੇਖਕ ਸੁਖਦੇਵ ਔਲਖ ਨੇ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਦਰਭ ਵਿੱਚ ਸ਼ਬਦ ਸ਼ਕਤੀ ਨਾਲ ਜੋੜਨ ਲਈ ਤਹਿਸੀਲ ਪੱਧਰੀ ਲਾਇਬਰੇਰੀ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਡਾ. ਰਣਜੀਤ ਸਿੰਘ ਕਾਲਾਬੂਲਾ ਨੇ ਗ਼ਜ਼ਲ ‘ਕੇਹੀ ਪਹਿਰੇਦਾਰੀ ਹੈ, ਮਾਸਟਰ ਮਹਿੰਦਰ ਪ੍ਰਤਾਪ ਨੇ ਕਵਿਤਾ ‘ਉਹ ਮੇਰਾ ਅਧਿਆਪਕ ਹੋਵੇ’, ਸੁਖਦੇਵ ਸਿੰਘ ਔਲਖ ਨੇ ਆਪਣੀ ਗ਼ਜ਼ਲ ‘ਰੁਕੇ ਪਾਣੀ ਗੰਧਲ ਜਾਂਦੇ, ਸਭਾ ਦੇ ਪ੍ਰਧਾਨ ਹਰਜੀਤ ਕਾਤਿਲ ਨੇ ਆਪਣੀ ਤਾਜ਼ਾ ਰਚਨਾ ‘ਕਾਤਿਲ ਦਾ ਵੀ ਦਿਲ ਕਰਦਾ ਏ ਬੈਠ ਤਮਾਸ਼ਾ ਦੇਖਾ’ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ। ਭੋਲਾ ਸਿੰਘ ਟਿੱਬਾ ਨੇ ਮਿੰਨੀ ਕਹਾਣੀ ‘ਤਾਬੂਤ’ ਨਾਲ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਦੀ ਚੇਤਿਆਂ ‘ਚ ਗੂੜੀ ਤਸਵੀਰ ਉੱਕਰੀ।
ਉਨ੍ਹਾਂ ਇਲਾਕੇ ਦੇ ਉੱਭਰਦੇ ਲੇਖਕਾਂ ਨੂੰ ਸਾਹਿਤ ਸਭਾ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਉੱਘੇ ਗੀਤਕਾਰ ਮੁਖਤਿਆਰ ਵੜੈਚ ਅਲਾਲ, ਕਰਮਿੰਦਰ ਲਾਲੀ ਹੇੜੀਕੇ, ਅਮਰਿੰਦਰ ਸਿੰਘ ਟਿੱਬਾ ਆਦਿ ਵੀ ਮੌਜੂਦ ਸਨ।