ਮੰਤਰੀ ਕਟਾਰੂਚੱਕ ਨੂੰ ਮਿਲ ਕੇ ਕੀਤੀ ਮੁਆਵਜ਼ੇ ਦੀ ਮੰਗ
ਪੱਤਰ ਪ੍ਰੇਰਕ
ਦੀਨਾਨਗਰ, 25 ਨਵੰਬਰ
ਇੱਥੋਂ ਦੇ ਮੁਹੱਲਾ ਬੇਰੀਆਂ ਵਿੱਚ ਜਲ ਸਪਲਾਈ ਦਾ ਕਥਿਤ ਦੂਸ਼ਿਤ ਪਾਣੀ ਪੀਣ ਨਾਲ ਮਾਰੇ ਗਏ ਚਾਰ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਅਪੀਲ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਸਰਕਾਰੀ ਆਰਥਿਕ ਮਦਦ ਦਿੱਤੀ ਜਾਵੇ। ਉਨ੍ਹਾਂ ਦੇ ਨਾਲ ਸੀਪੀਆਈ ਦੇ ਹਲਕਾ ਇੰਚਾਰਜ ਸੁਭਾਸ਼ ਕੈਰੇ, ਜ਼ਿਲ੍ਹਾ ਕੌਂਸਲ ਮੈਂਬਰ ਦਰਸ਼ਨ ਕੁਮਾਰ ਆਹਲੂਵਾਲ ਅਤੇ ਸਮਾਜ ਸੇਵਕ ਅਜੇ ਸ਼ਹਿਰੀਆ ਵੀ ਮੌਜੂਦ ਸਨ। ਸੁਭਾਸ਼ ਕੈਰੇ ਨੇ ਮੰਤਰੀ ਕਟਾਰੂਚੱਕ ਨੂੰ ਦੱਸਿਆ ਕਿ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਮੁਹੱਲਾ ਬੇਰੀਆਂ ਦੇ ਦਰਜਨਾਂ ਲੋਕ ਜਲ ਸਪਲਾਈ ਦਾ ਦੂਸ਼ਿਤ ਪਾਣੀ ਪੀਣ ਕਾਰਨ ਦਸਤ ਤੇ ਉਲਟੀਆਂ ਦੀ ਬਿਮਾਰੀ ਨਾਲ ਗ੍ਰਸਤ ਹੋ ਗਏ ਸਨ ਅਤੇ ਸਰਕਾਰੀ ਤੋਂ ਇਲਾਵਾ ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਉਂਦੇ ਰਹੇ। ਇਸ ਦੌਰਾਨ ਹਾਲਤ ਨਾਜ਼ੁਕ ਹੋਣ ਕਾਰਨ ਮਨੋਹਰ ਲਾਲ ਪੁੱਤਰ ਦਰਬਾਰੀ ਲਾਲ, ਬੋਲਾ ਰਾਮ ਪੁੱਤਰ ਅਮੋਲੋ, ਕਮਲਾ ਪਤਨੀ ਨਿਆਮਤ ਮਸੀਹ ਅਤੇ ਬਾਬਾ ਫੱਕਰ ਗਿਰੀ ਪੁੱਤਰ ਨੀਲਕੰਠ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਅੱਜ ਮਾੜੇ ਆਰਥਿਕ ਹਾਲਾਤ ’ਚੋਂ ਗੁਜ਼ਰ ਰਹੇ ਹਨ। ਕਮਿਊਨਿਸਟ ਆਗੂਆਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਘੱਟੋਂ ਘੱਟ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਪ੍ਰਤੀ ਪਰਿਵਾਰ ਦਿੱਤਾ ਜਾਵੇ।
ਇਸ ਦੌਰਾਨ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੀੜਤ ਪਰਿਵਾਰਾਂ ਕੋਲੋਂ ਮੰਗ ਪੱਤਰ ਲੈਂਦਿਆਂ ਇਸ ਨੂੰ ਅਗਲੀ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਭੇਜਣ ਦੀ ਗੱਲ ਕਹੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਸ ਬਾਰੇ ਢੁੱਕਵੇਂ ਕਦਮ ਚੁੱਕੇਗੀ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।