ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਨਵੰਬਰ
ਏਸ਼ੀਆ ਦੀ ਦੂਸਰੀ ਵੱਡੀ ਅਨਾਜ ਮੰਡੀ ਜਗਰਾਉਂ ਫਸਲਾਂ ਦੀ ਚੋਰ ਬਾਜ਼ਾਰੀ ਤੇ ਕਿਸਾਨਾਂ ਦੀ ਹੋਣ ਵਾਲੀ ਲੁੱਟ ਸਬੰਧੀ ਕਈ ਵਾਰ ਸੁਰਖੀਆਂ ’ਚ ਰਹੀ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਮੰਡੀ ਵਿੱਚੋਂ ਚੌਲਾਂ ਦੀਆਂ ਵੱਡੀ ਗਿਣਤੀ ਬੋਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧ ਵਿੱਚ ਝੋਨੇ ਦੀ ਸਫਾਈ ਕਰਾਉਣ ਵਾਲੇ ਜਿਸ ਚੌਧਰੀ ਦਾ ਨਾਮ ਸਾਹਮਣੇ ਆਇਆ ਉਸ ਨੇ ਅੱਗੇ ਇੱਕ ਆੜ੍ਹਤੀਏ ਨੂੰ ਵੀ ਦੋਸ਼ੀ ਕਰਾਰ ਦਿੱਤਾ। ਉਕਤ ਚੌਧਰੀ ਆੜ੍ਹਤੀਏ ਨਾਲ ਮਿਲੀਭੁਗਤ ਨਾਲ ਘੱਟ ਪੈਸਿਆਂ ’ਚ ਝੋਨਾ ਖਰੀਦ ਕੇ ਅੱਗੇ ਮਹਿੰਗੇ ਭਾਅ ਵਚਦਾ ਸੀ। ਦੂਜੇ ਪਾਸੇ ਨਮੀ ਵੱਧ ਦੱਸ ਕੇ ਸ਼ੈਲਰ ਮਾਲਕ ਕਿਸਾਨਾਂ ਤੋਂ ਪ੍ਰਤੀ ਕੁਇੰਟਲ ਵੱਧ ਝੋਨਾ ਲੈ ਰਹੇ ਹਨ। ਪਹਿਲਾਂ ਹੀ ਝੋਨੇ ਦਾ ਝਾੜ ਘੱਟ ਨਿਕਲਣ ਕਾਰਨ ਨਿਰਾਸ਼ ਕਿਸਾਨ ਨੂੰ ਇਸ ਵਾਰ ਆਪਣੀ ਫ਼ਸਲ ਵੇਚਣ ਲਈ ਸਭ ਤੋਂ ਵੱਧ ਖੱਜਲ ਹੋਣਾ ਪਿਆ ਹੈ। ਉੱਤੋਂ ਮੰਡੀਆਂ ਵਿੱਚ ਸ਼ੈਲਰ ਮਾਲਕ ਤੇ ਅੜ੍ਹਤੀਏ ਮਿਲੀਭੁਗਤ ਨਾਲ ਉਨ੍ਹਾਂ ਨੂੰ ਲੁੱਟਣ ਲਈ ਤਿਆਰ ਬੈਠੇ ਹਨ। ਜਗਰਾਉਂ ਮੰਡੀ ਵਿੱਚ ਫਸਲ ਲੈ ਕੇ ਬੈਠੇ ਕਿਸਾਨ ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਕੇਸਰ ਸਿੰਘ, ਬੂਟਾ ਸਿੰਘ, ਅਮਨਦੀਪ ਸਿੰਘ, ਜਗਦੇਵ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਇਸ ਲੁੱਟ ਦੀ ਜਾਂਚ ਦੌਰਾਨ ਕਈ ਅਫਸਰਾਂ ਦੀ ਮਿਲੀਭੁਗਤ ਦੇ ਖੁਲਾਸੇ ਹੋ ਸਕਦੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਪਹਿਲਾਂ ਚੋਰੀ ਦਾ ਝੋਨਾ ਖਰੀਦਣਾ ਤੇ ਮਗਰੋਂ ਆੜ੍ਹਤੀ ਨਾਲ ਮਿਲ ਕੇ ਸਰਕਾਰੀ ਮੁੱਲ ’ਤੇ ਵੇਚਣਾ ਕਿਸੇ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਬਣਦੀ ਸਖ਼ਤ ਸਜ਼ਾ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮੰਡੀ ਨਾਲ ਸਬੰਧਤ ਕਈ ਅਧਿਕਾਰੀ ਆਪਣੀ ਨਿਯੁਕਤੀ ਦੇ ਸਮੇਂ ਤੋਂ ਹੀ ਜਗਰਾਉਂ ’ਚ ਤਾਇਨਾਤ ਹਨ। ਅਜਿਹੇ ਅਧਿਕਾਰੀਆਂ ਨੂੰ ਚੰਗੇ ਮਾੜੇ ਸਾਰੇ ਆੜ੍ਹਤੀਆਂ, ਸ਼ੈਲਰ ਮਾਲਕਾਂ ਦਾ ਪਤਾ ਹੈ।
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ: ਮਾਰਕੀਟ ਕਮੇਟੀ ਸਕੱਤਰ
ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਕਲਸੀ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੋਸ਼ੀ ਧਿਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਏ.ਐਫ.ਐਸ.ਓ ਬੇਅੰਤ ਸਿੰਘ ਨੇ ਆਖਿਆ ਕਿ ਇਸ ਹੋਈ ਘਪਲੇਬਾਜ਼ੀ ਅਤੇ ਪਨਗ੍ਰੇਨ ਵੱਲੋਂ ਖਰੀਦ ਕੀਤੇ ਮਾਲ ਦੀ ਜਾਂਚ ਆਰੰਭ ਦਿੱਤੀ ਗਈ ਹੈ ਜਿਸ ਖ਼ਿਲਾਫ਼ ਦੋਸ਼ ਸਾਬਤ ਹੋਣਗੇ ਤੁਰੰਤ ਕਾਰਵਾਈ ਕੀਤੀ ਜਾਵੇਗੀ।