ਰਾਏਕੋਟ ਦੇ ਵਸਨੀਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 23 ਨਵੰਬਰ
ਨਗਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਫ਼ ਸੁਥਰਾ ਅਤੇ ਸਵੱਛ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਦਾਅਵਿਆਂ ਦੇ ਬਾਵਜੂਦ ਤਲਵੰਡੀ ਰੋਡ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ।
ਇਸ ਸਬੰਧੀ ਸਥਾਨਕ ਸ਼ਹਿਰ ਦੇ ਤਲਵੰਡੀ ਗੇਟ ਇਲਾਕੇ ਤੋਂ ਬੱਸ ਅੱਡੇ ਵੱਲ੍ਹ ਨੂੰ ਜਾਂਦੇ ਤਲਵੰਡੀ ਰੋਡ ਦੇ ਵਸਨੀਕ ਲਿਆਕਤ ਰਾਏ ਸੱਭਰਵਾਲ, ਨੀਰਜ ਕੁਮਾਰ, ਗੁਰਦੀਪ ਸਿੰਘ ਅਤੇ ਰਮਨ ਵਰਮਾ ਤੇ ਹੋਰਨਾਂ ਨੇ ਸਰਕਾਰੀ ਟੂਟੀਆਂ ਵਿੱਚ ਆ ਰਹੇ ਦੂਸ਼ਿਤ ਪਾਣੀ ਦੀ ਭਰੀ ਬੋਤਲ ਦਿਖਾਉਂਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਸਰਕਾਰੀ ਟੂਟੀਆਂ ’ਤੇ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪਾਣੀ ਨਾ ਸਿਰਫ਼ ਦਿਖਣ ਵਿੱਚ ਮੈਲਾ ਹੈ, ਸਗੋਂ ਇਸ ਵਿੱਚੋਂ ਬਦਬੂ ਵੀ ਆ ਰਹੀ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਸ ਪਾਣੀ ਵਿੱਚ ਸੀਵਰੇਜ ਦੀ ਕਿਸੇ ਪਾਈਪ ਦਾ ਗੰਦਾ ਪਾਣੀ ਮਿਲ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਨਗਰ ਕੌਂਸਲ ਵਿੱਚ ਜਾ ਕੇ ਸ਼ਿਕਾਇਤ ਕਰ ਚੁੱਕੇ ਹਨ, ਪਰ ਹੁਣ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਇਸ ਗੰਦੇ ਪਾਣੀ ਦੀ ਸਮੱਸਿਆ ’ਤੇ ਕਾਬੂ ਪਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਹੋ ਸਕੇ।