Delhi's air quality turns 'severe': ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਦਰਜ
ਨਵੀਂ ਦਿੱਲੀ, 22 ਦਸੰਬਰ
ਦਿੱਲੀ ਵਿੱਚ ਅੱਜ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਖਰਾਬ ਦਰਜ ਕੀਤਾ ਗਿਆ ਤੇ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਦਰਜ ਕੀਤੀ ਗਈ। ਕੌਮੀ ਰਾਜਧਾਨੀ ਦਾ ਏਅਰ ਕੁਆਲਿਟੀ ਇੰਡੈਕਸ (AQI) ਅੱਜ 409 ਰਿਹਾ ਜਦਕਿ ਇਕ ਦਿਨ ਪਹਿਲਾਂ ਸ਼ਨਿਚਰਵਾਰ ਨੂੰ ਇਹ 370 ਸੀ। ਇੱਥੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਵੱਧ 24.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਇੱਥੇ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਰਿਹਾ। ਰਾਜਧਾਨੀ ਵਿਚ ਅੱਜ ਸਵੇਰੇ ਧੁੰਦ ਛਾਈ ਰਹੀ ਜਿਸ ਨਾਲ ਨਮੀ ਦਾ ਪੱਧਰ 68 ਤੋਂ 97 ਫੀਸਦੀ ਦਰਮਿਆਨ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ 23 ਦਸੰਬਰ ਨੂੰ ਹਲਕਾ ਮੀਂਹ ਪੈਣ ਤੇ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਦਿੱਲੀ ਦਾ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 20 ਅਤੇ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਇੱਕ ਵਾਰ ਫਿਰ ਪ੍ਰਦੂਸ਼ਣ ਵਧ ਗਿਆ ਹੈ। ਇੱਥੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਾਜਧਾਨੀ ’ਚ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਸੀ ਪਰ ਜਿਵੇਂ-ਜਿਵੇਂ ਠੰਢ ਵਧੀ ਹੈ, ਇਸ ਦੇ ਨਾਲ ਹੀ ਪ੍ਰਦੂਸ਼ਣ ਵੀ ਵਧ ਗਿਆ ਹੈ।
ਇਸ ਕਾਰਨ ਦਿੱਲੀ ਵਿੱਚ ਏਕਿਊਆਈ ਲਗਾਤਾਰ ਵਧ ਰਿਹਾ ਹੈ। ਇੱਥੇ ਤਿੰਨ ਦਿਨ ਪਹਿਲਾਂ ਸਵੇਰੇ ਧੁੰਦ ਕਾਰਨ ਏਕਿਊਆਈ 450 ਤੋਂ ਪਾਰ ਪਹੁੰਚ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਕੁਝ ਦਿਨਾਂ ਤੱਕ ਪ੍ਰਦੂਸ਼ਣ ਤੋਂ ਬਹੁਤੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਪੀਟੀਆਈ