ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਜਲ ਸੰਕਟ: ਹਰਿਆਣਾ ਤੋਂ ਵੱਧ ਪਾਣੀ ਦੀ ਮੰਗ ਲਈ ਆਤਿਸ਼ੀ ਵੱਲੋਂ ਭੁੱਖ ਹੜਤਾਲ ਸ਼ੁਰੂ

06:42 AM Jun 22, 2024 IST
ਦਿੱਲੀ ਦੀ ਮੰਤਰੀ ਆਤਿਸ਼ੀ ਸਿੰਘ ਵੱਲੋਂ ਭੁੱਖ ਹੜਤਾਲ ਸ਼ੁਰੂ ਕਰਨ ਮੌਕੇ ਸੰਬੋਧਨ ਕਰਦੇ ਹੋਏ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੂਨ
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਤੋਂ ਵੱਧ ਪਾਣੀ ਦੀ ਮੰਗ ਨੂੰ ਲੈ ਕੇ ਅੱਜ ਦੱਖਣੀ ਦਿੱਲੀ ਦੇ ਭੋਗਲ ਇਲਾਕੇ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖ ਹੜਤਾਲ ਸ਼ੁਰੂ ਕਰਨ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ।
ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਆਤਿਸ਼ੀ ਦੀ ‘ਤਪੱਸਿਆ’ ਸਫਲ ਹੋਵੇਗੀ। ਮੁੱਖ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅਤਿ ਦੀ ਗਰਮੀ ਦਰਮਿਆਨ ਜਲ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਮਾੜੀ ਹਾਲਤ ਟੈਲੀਵਿਜ਼ਨ ’ਤੇ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਜੇਲ੍ਹ ਵਿੱਚੋਂ ਭੇਜੇ ਗਏ ਆਪਣੇ ਸੁਨੇਹੇ ਵਿੱਚ ਕਿਹਾ, ‘‘ਤਿਹਾਏ ਨੂੰ ਪਾਣੀ ਪਿਲਾਉਣਾ ਸਾਡਾ ਸਭਿਆਚਾਰ ਹੈ। ਦਿੱਲੀ ਨੂੰ ਗੁਆਂਢੀ ਸੂਬਿਆਂ ਤੋਂ ਪਾਣੀ ਮਿਲਦਾ ਹੈ। ਸਾਨੂੰ ਅਜਿਹੀ ਅਤਿ ਦੀ ਗਰਮੀ ਵਿੱਚ ਗੁਆਂਢੀ ਸੂਬਿਆਂ ਤੋਂ ਮਦਦ ਦੀ ਆਸ ਸੀ ਪਰ ਹਰਿਆਣਾ ਨੇ ਦਿੱਲੀ ਦੇ ਪਾਣੀ ਦਾ ਹਿੱਸਾ ਹੀ ਘਟਾ ਦਿੱਤਾ।’’ ਕੇਜਰੀਵਾਲ ਨੇ ਹਰਿਆਣਾ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਦੋਵੇਂ ਸੂਬਿਆਂ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹਨ ਪਰ ਕੀ ਇਹ ਪਾਣੀ ’ਤੇ ਸਿਆਸਤ ਕਰਨ ਦਾ ਸਮਾਂ ਹੈ?’’
ਆਤਿਸ਼ੀ ਨੇ ਸੁਨੀਤਾ ਕੇਜਰੀਵਾਲ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ, ਸੌਰਭ ਭਾਰਦਵਾਜ ਅਤੇ ਹੋਰ ਆਗੂਆਂ ਨਾਲ ਭੋਗਲ ਜਾਣ ਤੋਂ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਟ ਕੀਤੀ। ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ ਅਤੇ ਲੋਕਾਂ ਦੀ ਪਾਣੀ ਦੀ ਲੋੜ ਵਧ ਗਈ ਹੈ। ਅਜਿਹੇ ਸਮੇਂ ਵਿੱਚ ਲੋਕਾਂ ਨੂੰ ਵਧੇਰੇ ਪਾਣੀ ਦੀ ਲੋੜ ਹੈ ਪਰ ਇੱਥੇ ਪਾਣੀ ਦੀ ਭਾਰੀ ਘਾਟ ਹੈ। ਦਿੱਲੀ ਵਿੱਚ ਸਾਰਾ ਪਾਣੀ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰਿਆਣਾ ਸਰਕਾਰ ਨੂੰ ਕੀਤੀ ਗਈ ਅਪੀਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਵਾਸਤੇ ਲਿਖੇ ਗਏ ਪੱਤਰ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਦਿੱਲੀ ਨੂੰ ਲੋੜ ਮੁਤਾਬਕ ਪਾਣੀ ਨਹੀਂ ਮਿਲਿਆ। ਆਤਿਸ਼ੀ ਨੇ ਕਿਹਾ, ‘‘ਹੁਣ ਮੇਰੇ ਕੋਲ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿਉਂਕਿ ਮੈਂ ਦਿੱਲੀ ਦੇ ਲੋਕਾਂ ਦੀ ਤਕਲੀਫ ਨਹੀਂ ਦੇਖ ਸਕਦੀ। ਇਹ ਭੁੱਖ ਹੜਤਾਲ ਜਲ ਸੱਤਿਆਗ੍ਰਹਿ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਦਿੱਲੀ ਦੇ ਲੋਕਾਂ ਨੂੰ ਹਰਿਆਣਾ ਤੋਂ ਵਧੇਰੇ ਪਾਣੀ ਨਹੀਂ ਮਿਲਦਾ।’’
ਆਤਿਸ਼ੀ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਹਰਿਆਣਾ ਪਿਛਲੇ ਦੋ ਹਫ਼ਤੇ ਤੋਂ ਦਿੱਲੀ ਨੂੰ ਉਸ ਦੇ ਹਿੱਸੇ ਦੇ 613 ਐੱਮਜੀਡੀ ਪਾਣੀ ਦੇ ਮੁਕਾਬਲੇ ਰੋਜ਼ਾਨਾ 100 ਮਿਲੀਅਨ ਗੈਲਨ ਘੱਟ ਪਾਣੀ ਛੱਡ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਦਿੱਲੀ ਵਿੱਚ 28 ਲੱਖ ਲੋਕ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਦਿੱਲੀ ਵਿੱਚ ਅਤਿ ਦੀ ਗਰਮੀ ਪੈਣ ਕਾਰਨ ਪਾਣੀ ਦੀ ਮੰਗ ਵਧ ਰਹੀ ਹੈ।

Advertisement

Advertisement
Advertisement