Delhi riots ਦਿੱਲੀ ਦੰਗੇ 2020: ਉਮਰ ਖਾਲਿਦ ਨੂੰ ਅੰਤਰਿਮ ਜ਼ਮਾਨਤ ਮਿਲੀ
ਨਵੀਂ ਦਿੱਲੀ, 18 ਦਸੰਬਰ
ਦਿੱਲੀ ਦੀ ਇੱਕ ਅਦਾਲਤ ਨੇ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਪਰਿਵਾਰਕ ਸਮਾਗਮ ’ਚ ਸ਼ਾਮਲ ਹੋਣ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਸਣੇ ਕਈ ਸ਼ਰਤਾਂ ਤਹਿਤ ਸੱਤ ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ।
ਅਦਾਲਤ ਨੇ ਖਾਲਿਦ ਨੂੰ ਆਪਣੇ ਦੋਸਤਾਂ, ਰਿਸ਼ਤੇਦਾਰਾਂ ਜਾਂ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਕਿਸੇ ਵੀ ਹੋਰ ਵਿਅਕਤੀ ਨਾਲ ਨਾ ਮਿਲਣ ਤੇ ਜ਼ਮਾਨਤ ਅਰਜ਼ੀ ’ਚ ਦੱਸੀਆਂ ਥਾਵਾਂ ਤੋਂ ਇਲਾਵਾ ਕਿਤੇ ਹੋਰ ਨਾ ਜਾਣ ਦੀ ਹਦਾਇਤ ਕੀਤੀ ਹੈ।
ਖਾਲਿਦ ਨੇ ਆਪਣੇ ਰਿਸ਼ਤੇਦਾਰ ਦੇ 1 ਜਨਵਰੀ 2025 ਨੂੰ ਹੋਣ ਵਾਲੇ ਵਿਆਹ ’ਚ ਸ਼ਾਮਲ ਹੋਣ ਲਈ ਰਾਹਤ ਮੰਗੀ ਸੀ। ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਨੇ ਹੁਕਮ ’ਚ ਕਿਹਾ, ‘‘ਅੰਤਰਿਮ ਜ਼ਮਾਨਤ ਦੇ ਸਮੇਂ ਦੌਰਾਨ ਪਟੀਸ਼ਨਰ (ਉਮਰ ਖਾਲਿਦ) ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰੇਗਾ। ਉਹ ਸਿਰਫ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹੀ ਮਿਲੇਗਾ।
ਪਟੀਸ਼ਨਰ ਆਪਣੇ ਘਰ ਵਿੱਚ ਜਾਂ ਵਿਆਹ ਸਮਾਗਮ ਵਾਲੀਆਂ ਥਾਵਾਂ ਜੋ ਉਸ ਵੱਲੋਂ ਪਟੀਸ਼ਨ ’ਚ ਦੱਸੀਆਂ ਗਈਆਂ ਹਨ, ’ਤੇ ਹੀ ਰਹੇਗਾ।’’ ਅਦਾਲਤ ਨੇ ਖਾਲਿਦ ਨੂੰ 20 ਰੁਪਏ ਦਾ ਨਿੱਜੀ ਮੁਚੱਲਕਾ ਤੇ ਇੰਨੀ ਹੀ ਰਕਮ ਦੀਆਂ ਦੋ ਜਾਮਨੀਆਂ ਭਰਨ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ