ਦਿੱਲੀ ਸਰਕਾਰ ਨਵਾਂ ਕਾਨੂੰਨ ਲਿਆਉਣ ਦੇ ਰੌਂਅ ’ਚ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਜੁਲਾਈ
ਹੁਣ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਕੋਚਿਗ ਸੰਸਥਾਵਾਂ ਖ਼ਿਲਾਫ਼ ਦਿੱਲੀ ਵਿੱਚ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਕੇਜਰੀਵਾਲ ਸਰਕਾਰ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਕੋਚਿੰਗ ਦੀਆਂ ਮਨਮਾਨੀਆਂ ’ਤੇ ਨਕੇਲ ਕੱਸਣ ਲਈ ਕਾਨੂੰਨ ਲਿਆਵੇਗੀ। ਨਵੇਂ ਕਾਨੂੰਨ ਰਾਹੀਂ ਸਰਕਾਰ ਕੋਚਿੰਗ ਸੰਸਥਾਵਾਂ ਵਿੱਚ ਜ਼ਰੂਰੀ ਬੁਨਿਆਦੀ ਢਾਂਚਾ, ਮਨਮਾਨੀਆਂ ਫੀਸਾਂ ’ਤੇ ਕੰਟਰੋਲ, ਗੁੰਮਰਾਹਕੁਨ ਇਸ਼ਤਿਹਾਰਾਂ ’ਤੇ ਪਾਬੰਦੀ, ਅਧਿਆਪਕਾਂ ਦੀ ਯੋਗਤਾ ਸਮੇਤ ਸਾਰੇ ਮਹੱਤਵਪੂਰਨ ਨੁਕਤਿਆਂ ਨੂੰ ਨਿਯਮਤ ਕਰੇਗੀ। ਇਹ ਜਾਣਕਾਰੀ ਅੱਜ ਸਿੱਖਿਆ ਮੰਤਰੀ ਆਤਿਸ਼ੀ ਅਤੇ ਮੇਅਰ ਸ਼ੈਲੀ ਓਬਰਾਏ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਆਤਿਸ਼ੀ ਨੇ ਕਿਹਾ ਕਿ ਕੋਚਿੰਗ ਉਦਯੋਗ ਦੇਸ਼ ਭਰ ਵਿੱਚ ਫੈਲਿਆ ਹੋਇਆ ਹੈ ਪਰ ਇਨ੍ਹਾਂ ਨੂੰ ਨਿਯਮਤ ਕਰਨ ਲਈ ਅਜੇ ਤੱਕ ਕੋਈ ਕੇਂਦਰੀ ਕਾਨੂੰਨ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੇਂਦਰ ਵੱਲੋਂ ਕਾਨੂੰਨ ਬਣਾਉਣ ਦਾ ਇੰਤਜ਼ਾਰ ਨਹੀਂ ਕਰੇਗੀ ਤੇ ਕੋਚਿੰਗ ਇੰਸਟੀਚਿਊਟ ਰੈਗੂਲੇਸ਼ਨ ਐਕਟ ਰਾਹੀਂ ਦਿੱਲੀ ਵਿੱਚ ਕੋਚਿੰਗ ਸੰਸਥਾਵਾਂ ਦੀਆਂ ਬੇਨਿਯਮੀਆਂ ਨੂੰ ਰੋਕਿਆ ਜਾਵੇਗਾ।
ਸਰਕਾਰ ਕਾਨੂੰਨ ਬਣਾਉਣ ਲਈ ਕਮੇਟੀ ਬਣਾਏਗੀ ਤੇ ਕੋਚਿੰਗ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਨਾਲ ਦਿੱਲੀ ਸਰਕਾਰ ਅਤੇ ਐੱਮਸੀਡੀ ਦੇ ਅਧਿਕਾਰੀ ਵੀ ਕਮੇਟੀ ਦਾ ਹਿੱਸਾ ਹੋਣਗੇ। ਸਿੱਖਿਆ ਮੰਤਰੀ ਨੇ ਅਪੀਲ ਕੀਤੀ ਕਿ ਦਿੱਲੀ ਦੇ ਲੋਕ ਅਤੇ ਵਿਦਿਆਰਥੀ ਕਾਨੂੰਨ ਬਣਾਉਣ ਲਈ coaching.law.feedback@gmail.com ‘ਤੇ ਆਪਣਾ ਫੀਡਬੈਕ ਜ਼ਰੂਰ ਦੇਣ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਅੰਤਰ੍ਰਿਮ ਜਾਂਚ ਦੇ ਆਧਾਰ ’ਤੇ ਜ਼ਿੰਮੇਵਾਰ ਜੂਨੀਅਰ ਇੰਜਨੀਅਰ ਨੂੰ ਬਰਖਾਸਤ ਕੀਤਾ ਗਿਆ ਹੈ ਅਤੇ ਸਹਾਇਕ ਇੰਜਨੀਅਰ ਨੂੰ ਵੀ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਐੱਮਸੀਡੀ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੋਚਿੰਗ ਸੰਸਥਾਵਾਂ ’ਤੇ ਸਖ਼ਤ ਕਾਰਵਾਈ ਕੀਤੀ ਹੈ ਤੇ ਹੁਣ ਤੱਕ 30 ਬੇਸਮੈਂਟਾਂ ਵਿੱਚ ਚੱਲਣ ਵਾਲੇ ਕੋਚਿੰਗ ਸੈਂਟਰ ਸੀਲ ਕੀਤੇ ਗਏ ਹਨ ਜਦੋਂ ਕਿ 200 ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡਰੇਨ ’ਤੇ ਕੀਤਾ ਗਿਆ ਕਬਜ਼ਾ ਹਾਦਸੇ ਦਾ ਕਾਰਨ ਬਣਿਆ ਹੈ ਸਾਰੇ ਕੋਚਿੰਗ ਸੰਸਥਾਵਾਂ ਦੇ ਕਬਜ਼ੇ ਨੂੰ ਬੁਲਡੋਜ਼ਰ ਰਾਹੀਂ ਡਰੇਨ ’ਤੋਂ ਢਾਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਚਿੰਗ ਇੰਸਟੀਚਿਊਟ ਰੈਗੂਲੇਸ਼ਨ ਐਕਟ ਕੋਚਿੰਗ ਸੰਸਥਾਵਾਂ ਅਤੇ ਉਨ੍ਹਾਂ ਦੇ ਮਾਲਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਦੇ ਤਰੀਕੇ ਨੂੰ ਰੋਕ ਦੇਵੇਗਾ। ਸਿੱਖਿਆ ਮੰਤਰੀ ਆਤਿਸ਼ੀ ਨੇ ਦਿੱਲੀ ਵਾਸੀਆਂ ਨਾਲ ਵਾਅਦਾ ਕੀਤਾ ਕਿ ਜਾਂਚ ਵਿਚ ਇਸ ਦੁਖਾਂਤ ਲਈ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਥੂਰੀਆ ਦੀ ਪਤਨੀ ਨੇ ਪਤੀ ਦਾ ਪੱਖ ਪੂਰਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਦੇ ਕਾਰੋਬਾਰੀ ਮਨੁਜ ਕਥੂਰੀਆ ਦੀ ਪਤਨੀ, ਜਿਸ ਨੂੰ ਓਲਡ ਰਾਜਿੰਦਰ ਨਗਰ ਵਿੱਚ ਆਈਏਐੱਸ ਕੋਚਿੰਗ ਸੈਂਟਰ ਦੇ ਬਾਹਰ ਮੀਂਹ ਦੇ ਪਾਣੀ ਨਾਲ ਭਰੀ ਸੜਕ ਵਿੱਚੋਂ ਆਪਣੀ ਐੱਸਯੂਵੀ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਨੇ ਆਪਣੇ ਪਤੀ ਦਾ ਪੱਖ ਪੂਰਿਆ ਹੈ। ਸੀਮਾ ਕਥੂਰੀਆ ਨੇ ਕਿਹਾ ਕਿ ਉਸ ਦੇ ਪਤੀ ’ਤੇ ਲੱਗੇ ਦੋਸ਼ ਪੂਰੀ ਤਰ੍ਹਾਂ ਨਾਲ ਗਲਤ ਹਨ ਅਤੇ ਕਿਹਾ ਕਿ ਉਹ ਸਿਰਫ ਸੜਕ ’ਤੇ ਕਿਸੇ ਸੁਰੱਖਿਅਤ ਸਥਾਨ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਇੱਕ ਦਰਦਨਾਕ ਘਟਨਾ ਸੀ ਜਿਸ ਕਾਰਨ 3 ਯੂਪੀਐੱਸ ਉਮੀਦਵਾਰਾਂ ਦੀ ਜਾਨ ਚਲੀ ਗਈ। ਇਹ ਸਿਸਟਮ ਦੀ ਨਾਕਾਮੀ ਹੈ। ਖਰਾਬ ਡਰਾਈਵਿੰਗ ਨਹੀਂ ਸੀ, ਵੀਡੀਓ ਸਭ ਦੇ ਸਾਹਮਣੇ ਹੈ। ਉਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਤਾ ਲੱਗੇਗਾ ਕਿ ਕਸੂਰ ਕਿਸ ਦਾ ਹੈ। ਕੋਚਿੰਗ ਇੰਸਟੀਚਿਊਟ ਮਾਲਕ ਉੱਥੇ ਲਾਇਬ੍ਰੇਰੀ ਕਿਉਂ ਚਲਾ ਰਹੇ ਸਨ ਜਦੋਂਕਿ ਉਨ੍ਹਾਂ ਕੋਲ ਸਿਰਫ਼ ਸਟੋਰ ਲਈ ਐੱਨਓਸੀ ਸੀ। ਜਦੋਂ ਸੜਕਾਂ ’ਤੇ ਬਹੁਤ ਜ਼ਿਆਦਾ ਪਾਣੀ ਭਰਿਆ ਸੀ ਤਾਂ ਪੁਲੀਸ ਨੂੰ ਸੜਕਾਂ ਦੀ ਘੇਰਾਬੰਦੀ ਕਰਨੀ ਚਾਹੀਦੀ ਸੀ।
ਦਿੱਲੀ ਸਰਕਾਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਤਿਆਰ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਦੇ ਵਾਤਾਵਰਨ ਮੰਤਰੀ ਅਤੇ ‘ਆਪ’ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰਾਂ, ਉਨ੍ਹਾਂ ਦੀਆਂ ਫੀਸਾਂ, ਪ੍ਰਬੰਧਕੀ ਹਿੱਸਿਆਂ ਅਤੇ ਬੇਨਿਯਮੀਆਂ ਵਿਰੁੱਧ ਦੇਸ਼ ਭਰ ਤੋਂ ਆਵਾਜ਼ ਉਠਾਈ ਗਈ ਹੈ। ਇਹ ਸਥਿਤੀ ਸਿਰਫ ਦਿੱਲੀ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਹੈ। ‘ਆਪ’ ਪਾਰਟੀ ਇੱਕ ਸਾਂਝੀ ਕਮੇਟੀ ਦੀ ਮੰਗ ਕਰਦੀ ਹੈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ, ਮਾਪਿਆਂ ਅਤੇ ਵਿਦਿਆਰਥੀਆਂ ਦੀ ਨੁਮਾਇੰਦਗੀ ਹੋਵੇ ਅਤੇ ਨਾਲ ਹੀ ਕੋਚਿੰਗ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਕੌਮੀ ਪੱਧਰ ’ਤੇ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਦਿੱਲੀ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਤੇ ਦਿੱਲੀ ਐੰਮਸੀਡੀ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਤੇਜ਼ੀ ਨਾਲ ਫੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚਰਚਾ ਲਈ ਖੁੱਲ੍ਹੇ ਦਿਲ ਤੋਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਨਾਲ ਖੜ੍ਹੇ ਹਾਂ। ਇਸ ਤੋਂ ਪਹਿਲਾਂ ਅੱਜ ਵਿਦਿਆਰਥੀਆਂ ਦੇ ਇੱਕ ਵਫ਼ਦ ਨੂੰ ਪੁਲੀਸ ਬੱਸ ਰਾਹੀਂ ਦਿੱਲੀ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਲਈ ਐਮਸੀਡੀ ਕਮਿਸ਼ਨ ਦਫ਼ਤਰ ਲੈ ਜਾਇਆ ਗਿਆ। ਵਧੀਕ ਕਮਿਸ਼ਨਰ ਐਮਸੀਡੀ ਤਾਰਿਕ ਥਾਮਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਸੰਜੈ ਸਿੰਘ ਵੱਲੋਂ ਐਲਜੀ ’ਤੇ ਕੋਚਿੰਗ ਸੈਂਟਰ ਦੇ ਮਾਲਕਾਂ ਨਾਲ ਮੀਟਿੰਗ ਕਰਨ ਦਾ ਦੋਸ਼
ਨਵੀਂ ਦਿੱਲੀ (ਪੱਤਰ ਪ੍ਰੇਰਕ):
ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਵਿੱਚ ਇਨ੍ਹਾਂ ਕੋਚਿੰਗ ਸੈਂਟਰਾਂ ਨੂੰ ਨਿਯਮਤ ਕਰਨ ਲਈ ਇੱਕ ਕਾਨੂੰਨ ਲਿਆਏਗੀ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੰਗਲਵਾਰ ਨੂੰ ਕੋਚਿੰਗ ਸੈਂਟਰ ਦੇ ਮਾਲਕਾਂ ਅਤੇ ਅਧਿਕਾਰੀਆਂ ਨਾਲ ਆਪਣੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਉਨ੍ਹਾਂ ਦੋਸ਼ ਲਾਇਆ, ‘ਮੀਟਿੰਗ ਬੰਦ ਦਰਵਾਜ਼ਿਆਂ ਪਿੱਛੇ ਕਿਉਂ ਰੱਖੀ ਗਈ।