For the best experience, open
https://m.punjabitribuneonline.com
on your mobile browser.
Advertisement

ਦਿੱਲੀ ਕੂਚ: ਪੁਲੀਸ ਨੇ ਰੋਝਾਂਵਾਲੀ ਨੇੜਿਓਂ ਬੈਰੀਕੇਡ ਹਟਾਏ

07:53 AM Mar 27, 2024 IST
ਦਿੱਲੀ ਕੂਚ  ਪੁਲੀਸ ਨੇ ਰੋਝਾਂਵਾਲੀ ਨੇੜਿਓਂ ਬੈਰੀਕੇਡ ਹਟਾਏ
ਬਾਰਡਰ ਤੋਂ ਕਰੇਨ ਰਾਹੀਂ ਬੈਰੀਕੇਡ ਹਟਾਉਂਦੇ ਹੋਏ ਮੁਲਾਜ਼ਮ।
Advertisement

ਪੱਤਰ ਪ੍ਰੇਰਕ
ਰਤੀਆ, 26 ਮਾਰਚ
ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਲਈ ਉਲੀਕੇ ਗਏ ਪ੍ਰੋਗਰਾਮ ਮੁਤਾਬਕ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੀਆਂ ਸਰਹੱਦਾਂ ’ਤੇ ਲਾਏ ਗਏ ਬੈਰੀਕੇਡ ਅੱਜ ਠੀਕ 41 ਦਿਨਾਂ ਬਾਅਦ ਚੁੱਕ ਦਿੱਤੇ ਹਨ। ਜਾਣਕਾਰੀ ਅਨੁਸਾਰ ਰਤੀਆ ਪ੍ਰਸ਼ਾਸਨ ਨੇ ਪਿੰਡ ਰੋਝਾਂਵਾਲੀ ਵਿੱਚ ਬੰਦ ਪੰਜਾਬ ਸਰਹੱਦ ਤੋਂ ਬੈਰੀਕੇਡ ਹਟਾ ਕੇ ਸੜਕ ਪੂਰੀ ਤਰ੍ਹਾਂ ਖੋਲ੍ਹ ਦਿੱਤੀ ਹੈ। ਰਤੀਆ ਤੋਂ ਬੁਢਲਾਡਾ ਲਈ ਬੱਸਾਂ ਆਉਣੀਆਂ-ਜਾਣੀਆਂ ਸ਼ੁਰੂ ਹੋ ਗਈਆਂ ਹਨ। ਪੁਲੀਸ ਨੂੰ ਸੜਕ ਤੋਂ ਨਾਕੇ ਹਟਾਉਣ ਵਿੱਚ ਤਿੰਨ ਦਿਨ ਲੱਗ ਗਏ। ਸੜਕ ਬੰਦ ਹੋਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਬੱਸ ਚਾਲਕ ਪ੍ਰੇਸ਼ਾਨ ਸਨ। ਅੰਤਰਰਾਜੀ ਰੂਟ ਹੋਣ ਕਾਰਨ ਇਸ ਰੂਟ ’ਤੇ ਸਿਰਫ਼ ਪੰਜਾਬ ਅਤੇ ਹਰਿਆਣਾ ਤੋਂ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਹਨ। ਸੜਕ ਦੇ ਖੁੱਲ੍ਹਣ ਨਾਲ ਦੋਵਾਂ ਰਾਜਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇੱਥੇ ਕਿਸਾਨਾਂ ਦੇ ਅੰਦੋਲਨ ਕਾਰਨ 10 ਫਰਵਰੀ ਨੂੰ ਪੁਲੀਸ ਪ੍ਰਸ਼ਾਸਨ ਨੇ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਰਤੀਆ ਸਿਟੀ ਥਾਣੇ ਦੇ ਐੱਸਐੱਚਓ ਜੈ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੜਕ ਖੁਲ੍ਹਵਾ ਦਿੱਤੀ ਹੈ। ਸੜਕ ਰਾਹੀਂ ਆਵਾਜਾਈ ਦਾ ਆਉਣਾ-ਜਾਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਆਉਣ-ਜਾਣ ਵਿੱਚ ਕੋਈ ਦਿੱਕਤ ਨਹੀਂ ਹੈ। ਇਸ ਤਰ੍ਹਾਂ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਰਾਹਤ ਮਿਲ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×