For the best experience, open
https://m.punjabitribuneonline.com
on your mobile browser.
Advertisement

ਦਿੱਲੀ ਕੂਚ: ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਟਕਰਾਅ

07:06 AM Feb 14, 2024 IST
ਦਿੱਲੀ ਕੂਚ  ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਟਕਰਾਅ
ਸ਼ੰਭੂ ਬਾਰਡਰ ’ਤੇ ਕਿਸਾਨਾਂ ਉਪਰ ਹਰਿਆਣਾ ਪੁਲੀਸ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਦਾਗ਼ਦੀ ਹੋਈ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਫਰਵਰੀ
ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਅੱਜ ‘ਦਿੱਲੀ ਕੂਚ’ ਪ੍ਰੋਗਰਾਮ ਦੇ ਪਹਿਲੇ ਦਿਨ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਅਤੇ ਟਕਰਾਅ ਵਾਲਾ ਬਣਿਆ ਰਿਹਾ। ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਇੰਨੇ ਗੋਲੇ ਬਰਸਾਏ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਪੂਰਾ ਦਿਨ ਧੂੰਏਂ ਦਾ ਗੁਬਾਰ ਛਾਇਆ ਰਿਹਾ। ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਪੁਲੀਸ ਨੇ ਉਸ ਵਕਤ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਦੋਂ ਉਹ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵੇਂ ਬਾਰਡਰਾਂ ’ਤੇ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੇ ਰਬੜ ਦੀਆਂ ਗੋਲੀਆਂ ਵੀ ਝੱਲਣੀਆਂ ਪਈਆਂ ਤੇ ਖਨੌਰੀ ਸੀਮਾ ’ਤੇ ਹਰਿਆਣਾ ਪੁਲੀਸ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿੱਚ ਸੌ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ’ਚ 60 ਕਿਸਾਨ ਤੇ 24 ਦੇ ਕਰੀਬ ਪੁਲੀਸ ਮੁਲਾਜ਼ਮ ਦੱਸੇ ਜਾਂਦੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਸੀਮਾ ’ਤੇ ਕਿਸਾਨਾਂ ਦੀ ਅਗਵਾਈ ਕੀਤੀ। ਸ਼ਾਮ ਸੱਤ ਵਜੇ ਸੀਜ਼ਫਾਇਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਮਗਰੋਂ ਮਾਹੌਲ ’ਚ ਥੋੜ੍ਹੀ ਨਰਮੀ ਆਈ। ਹੁਣ ਭਲਕੇ ‘ਦਿੱਲੀ ਕੂਚ’ ਵਾਸਤੇ ਨਵੇਂ ਸਿਰਿਓਂ ਰਣਨੀਤੀ ਐਲਾਨੀ ਜਾਵੇਗੀ ਤੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਹੀ ਡੇਰੇ ਲਾ ਲਏ ਹਨ। ਹਰਿਆਣਾ ਪੁਲੀਸ ਦੀ ਸਖ਼ਤ ਕਾਰਨ ‘ਦਿੱਲੀ ਕੂਚ’ ਪ੍ਰੋਗਰਾਮ ਦੇਸ਼ ਭਰ ਵਿਚ ਕੇਂਦਰ ਬਿੰਦੂ ਬਣਿਆ ਰਿਹਾ। ਬਾਕੀ ਕਿਸਾਨ ਧਿਰਾਂ ਨੇ ਵੀ ਸਰਕਾਰੀ ਜਬਰ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਅੱਜ ‘ਦਿੱਲੀ ਕੂਚ’ ਲਈ ਫਤਹਿਗੜ੍ਹ ਸਾਹਿਬ ਅਤੇ ਮਹਿਲਾਂ ਚੌਕ (ਸੰਗਰੂਰ) ਤੋਂ ਹਜ਼ਾਰਾਂ ਕਿਸਾਨ ਟਰਾਲੀਆਂ ਸਮੇਤ ਰਵਾਨਾ ਹੋਏ ਸਨ। ਕਿਸਾਨ ਜਥੇਬੰਦੀਆਂ ਨੇ ਬੀਤੀ ਰਾਤ ਕੇਂਦਰੀ ਵਜ਼ੀਰਾਂ ਨਾਲ ਲੰਮੀ ਗੱਲਬਾਤ ਵੀ ਕੀਤੀ ਸੀ ਅਤੇ ਜਦੋਂ ਕੇਂਦਰ ਨੇ ਕੋਈ ਪੁਖ਼ਤਾ ਭਰੋਸਾ ਨਾ ਦਿੱਤਾ ਤਾਂ ਉਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਦੀਆਂ ਸੜਕਾਂ ’ਤੇ ਅੱਜ ਟਰੈਕਟਰ-ਟਰਾਲੀਆਂ ਦੇ ਲੰਮੇ ਕਾਫਲਿਆਂ ਦੀ ਗੂੰਜ ਪੈਂਦੀ ਰਹੀ। ਹਰਿਆਣਾ ਪੁਲੀਸ ਨੇ ਕੰਕਰੀਟ ਦੀਆਂ ਸਲੈਬਾਂ, ਕੰਕਰੀਟ ਦੀਆਂ ਕੰਧਾਂ, ਕੰਡਿਆਲੀ ਤਾਰਾਂ ਤੇ ਬੈਰੀਕੇਡ ਲਗਾ ਕੇ ਬਹੁ-ਪਰਤੀ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਸ਼ੰਭੂ ਬਾਰਡਰ ’ਤੇ ਜਿਵੇਂ ਹੀ ਕਿਸਾਨਾਂ ਨੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਹਫੜਾ-ਦਫੜੀ ਦੇ ਮਾਹੌਲ ਦਰਮਿਆਨ ਹੀ ਕਿਸਾਨ ਦੋ ਪਰਤੀ ਬੈਰੀਕੇਡ ਹਟਾਉਣ ਵਿਚ ਸਫ਼ਲ ਹੋ ਗਏ। ਬਹੁਤੇ ਕਿਸਾਨਾਂ ਨੇ ਖੇਤਾਂ ਵਿਚੋਂ ਦੀ ਵਹੀਰਾਂ ਘੱਤ ਲਈਆਂ ਸਨ। ਰੋਹ ਵਿਚ ਆਏ ਕਿਸਾਨਾਂ ਨੇ ਘੱਗਰ ਨਦੀ ਦੇ ਪੁਲ ਦੀ ਰੇਲਿੰਗ ਉਖਾੜ ਕੇ ਸੁੱਟ ਦਿੱਤੀ। ਕੰਡਿਆਲੀ ਤਾਰ ਨੂੰ ਵੀ ਟਰੈਕਟਰਾਂ ਨਾਲ ਖਿੱਚ ਲਿਆ ਸੀ। ਇਹ ਕਿਸਾਨ ਫਤਹਿਗੜ੍ਹ ਸਾਹਿਬ ਤੋਂ ਰਵਾਨਾ ਹੋਏ ਸਨ। ਪੂਰਾ ਦਿਨ ‘ਕਿਸਾਨ ਤੇ ਜਵਾਨ’ ਆਹਮੋ-ਸਾਹਮਣੇ ਰਹੇ।
ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਪੁਲੀਸ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਦਾਗੀਆਂ ਹਨ। ਸ਼ੰਭੂ ਬਾਰਡਰ ’ਤੇ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇੱਥੋਂ ਕਿਸਾਨ ਸੁਖਚੈਨ ਸਿੰਘ ਤਰਨ ਤਾਰਨ ਤੇ ਸੁਖਪਾਲ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਕਿਸਾਨ ਸੁਖਚੈਨ ਸਿੰਘ ਦੀ ਅੱਖ ਪਾੜ ਗਈ ਹੈ। ਕਈ ਜ਼ਖ਼ਮੀਆਂ ਦੇ ਸਿਰ ’ਤੇ ਹੰਝੂ ਗੈਸ ਦੇ ਗੋਲੇ ਡਿੱਗੇ ਅਤੇ ਉਨ੍ਹਾਂ ਦੇ ਟਾਂਕੇ ਵੀ ਲਾਉਣੇ ਪਏ ਹਨ। ਦੋ ਮੀਡੀਆ ਕਰਮੀ ਨੀਲ ਭਲਿੰਦਰ ਸਿੰਘ ਅਤੇ ਸਤਿੰਦਰ ਚੌਹਾਨ ਵੀ ਕਵਰੇਜ ਦੌਰਾਨ ਜ਼ਖ਼ਮੀ ਹੋਏ ਹਨ। ਦੂਸਰੇ ਪਾਸੇ ਖਨੌਰੀ ਬਾਰਡਰ ’ਤੇ ਵੀ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ। ਮਹਿਲਾਂ ਚੌਕ (ਸੰਗਰੂਰ) ਤੋਂ ਕਿਸਾਨ ਟਰੈਕਟਰ-ਟਰਾਲੀਆਂ ਨਾਲ ਦੁਪਹਿਰ ਪਿੱਛੋਂ ਰਵਾਨਾ ਹੋਏ ਤੇ ਖਨੌਰੀ ਬਾਰਡਰ ’ਤੇ ਕਰੀਬ ਸਾਢੇ ਤਿੰਨ ਵਜੇ ਪੁੱਜੇ। ਇਨ੍ਹਾਂ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਕਿਸਾਨ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਗਏ ਸਨ ਜਿਨ੍ਹਾਂ ’ਤੇ ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਦੋ ਨੌਜਵਾਨ ਬੇਹੋਸ਼ ਵੀ ਹੋ ਗਏ ਤੇ ਦਸ ਦੇ ਕਰੀਬ ਜ਼ਖ਼ਮੀ ਹੋਏ ਹਨ। ਜਦੋਂ ਕਿਸਾਨ ਬੈਰੀਕੇਡਿੰਗ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਹੱਲਾ ਬੋਲ ਦਿੱਤਾ ਤੇ ਕਿਸਾਨਾਂ ਨੂੰ ਦੌੜਾ-ਦੌੜਾ ਕੇ ਕੁੱਟਿਆ। ਕਈ ਵਾਰੀ ਕਿਸਾਨ ਵੀ ਹਰਿਆਣਾ ਪੁਲੀਸ ਨੂੰ ਪਿਛਾਂਹ ਧੱਕਣ ਵਿਚ ਕਾਮਯਾਬ ਹੋਏ। ਬੀਕੇਯੂ (ਡੱਲੇਵਾਲ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਵੀ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਵਿਚ ਕੁੱਦ ਪਏ ਹਨ। ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਹ ਤੋਂ ਜ਼ਿਆਦਾ ਵਾਰ ਹਰਿਆਣਾ ਪੁਲੀਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਹਨ।

Advertisement

ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਦੇ ਹੋਏ ਕਿਸਾਨ। -ਫੋਟੋ: ਪੀਟੀਆਈ

ਖਨੌਰੀ ਬਾਰਡਰ ’ਤੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਫੂਲ ਅਤੇ ਅਭਿਮੰਨਿਊ ਆਦਿ ਅਗਵਾਈ ਕਰ ਰਹੇ ਹਨ ਜਿਨ੍ਹਾਂ ਸ਼ਾਮ ਨੂੰ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ।
ਇਸੇ ਤਰ੍ਹਾਂ ਨਰਵਾਣਾ-ਪੰਜਾਬ ਸੀਮਾ ’ਤੇ ਵੀ ਤਣਾਅ ਬਣਿਆ ਹੋਇਆ ਹੈ। ਟੋਹਾਣਾ ਬਾਰਡਰ ’ਤੇ ਹਰਿਆਣਾ ਦੇ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਪੰਜਾਬੀ ਕਿਸਾਨਾਂ ਦੀ ਹਮਾਇਤ ਕੀਤੀ ਜਦੋਂ ਕਿ ਫਤਿਹਾਬਾਦ ਸੀਮਾ ਤੋਂ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਨਹੀਂ ਦਿੱਤਾ ਗਿਆ। ਸਿਰਸਾ ਲਾਗੇ ਘੱਗਰ ਪੁਲ ’ਤੇ ਕੌਮੀ ਹਾਈਵੇਅ ਬੰਦ ਕੀਤਾ ਹੋਇਆ ਹੈ ਅਤੇ ਕਿਸਾਨਾਂ ਨੇ ਪਿੰਡ ਪੰਜੂਆਣਾ ਵਿਚ ਡੇਰੇ ਲਾਏ ਹੋਏ ਹਨ। ਅੰਤਰਰਾਜੀ ਸੀਮਾ ਦੇ ਬੰਦ ਹੋਣ ਨਾਲ ਸਮੁੱਚੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਅਤੇ ਕਿਸਾਨ ਆਗੂਆਂ ਦੇ ਟਵਿੱਟਰ ਹੈਂਡਲ ਵੀ ਬੰਦ ਕਰ ਦਿੱਤੇ ਗਏ ਹਨ। ਕਾਫੀ ਕਿਸਾਨਾਂ ਨੂੰ ਹਰਿਆਣਾ ਪੁਲੀਸ ਨੇ ਹਿਰਾਸਤ ਵਿਚ ਵੀ ਲੈ ਲਿਆ ਹੈ।

Advertisement

ਹਰਿਆਣਾ ਸਰਹੱਦ ਨੇੜਲੇ ਹਸਪਤਾਲਾਂ ਨੂੰ ਤਿਆਰ ਰਹਿਣ ਦੇ ਹੁਕਮ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀਆਂ ਸਰਹੱਦਾਂ ਨੇੜਲੇ ਸਾਰੇ ਹਸਪਤਾਲਾਂ ਨੂੰ ਤਿਆਰ-ਬਰ-ਤਿਆਰ ਰਹਿਣ ਅਤੇ ਜ਼ਖ਼ਮੀ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਦਦ ਤੇ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਸ੍ਰੀ ਮਾਨ ਨੇ ਸਾਰੇ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ ਨੂੰ ਕਾਲ ’ਤੇ ਰਹਿਣ ਲਈ ਕਿਹਾ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਤਾਇਨਾਤ ਐਂਬੂਲੈਂਸਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਰਿਆਣਾ ਸਰਕਾਰ ਨੂੰ ਕਿਸਾਨਾਂ ’ਤੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਜਾਂ ਜਲ ਤੋਪਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੁਲੀਸ ਦੀ ਕਾਰਵਾਈ ਵਿੱਚ ਕਈ ਕਿਸਾਨ ਜ਼ਖ਼ਮੀ ਹੋਏ ਹਨ ਜੋ ਕਿ ਬਹੁਤ ਹੀ ਮੰਦਭਾਗਾ ਹੈ।

ਕਿਸਾਨਾਂ ’ਤੇ ਡਰੋਨ ਰਾਹੀਂ ਵੀ ਦਾਗੇ ਗਏ ਅੱਥਰੂ ਗੈਸ ਦੇ ਗੋਲੇ

ਹਰਿਆਣਾ ਪੁਲੀਸ ਦੀ ਨਵੀਂ ਡਰੋਨ ਤਕਨਾਲੋਜੀ ਦੀ ਵੱਡੀ ਮਾਰ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਪੁਲੀਸ ਨੇ ਕਿਸਾਨਾਂ ’ਤੇ ਡਰੋਨ ਜ਼ਰੀਏ ਹੰਝੂ ਗੈਸ ਦੇ ਗੋਲੇ ਦਾਗੇ। ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਦੱਸਿਆ ਕਿ ਹੰਝੂ ਗੈਸ ਦੇ ਗੋਲੇ ਵੀ ਮਿਆਦ ਪੁਗਾ ਚੁੱਕੀ ਤਰੀਕ ਦੇ ਹਨ। ਕਿਸਾਨਾਂ ਵੱਲੋਂ ਪਾਣੀ ਦੇ ਟੈਂਕਰ ਵੀ ਨਾਲ ਲਿਜਾਏ ਗਏ ਹਨ ਤਾਂ ਜੋ ਹੰਝੂ ਗੈਸ ਦੇ ਗੋਲਿਆਂ ਨੂੰ ਫੌਰੀ ਨਾਕਾਮ ਬਣਾਇਆ ਜਾ ਸਕੇ।

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਚੀਫ ਜਸਟਿਸ ਨੂੰ ਪੱਤਰ

ਨਵੀਂ ਦਿੱਲੀ: ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਨੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਨੂੰ ਇਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਜਬਰੀ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ‘ਕਿਸਾਨਾਂ’ ਨੂੰ ਰੋਕਿਆ ਜਾਵੇ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਕਿਸਾਨ ਦਿੱਲੀ ਵਿਚ ਰਹਿੰਦੇ ਲੋਕਾਂ ਦੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿਚ ਹਲਚਲ ਪੈਦਾ ਕਰਨ ਤੇ ਉਨ੍ਹਾਂ ਨੂੰ ‘ਪ੍ਰੇਸ਼ਾਨ’ ਕਰਨ ਲਈ ਹੀ ਅੱਗੇ ਵਧ ਰਹੇ ਹਨ। ਐੱਸਸੀਬੀਏ ਦੇ ਪ੍ਰਧਾਨ ਅਦੀਸ਼ ਸੀ.ਅਗਰਵਾਲ ਨੇ ਪੱਤਰ ਵਿਚ ਸੀਜੇਆਈ ਨੂੰ ਅਪੀਲ ਕੀਤੀ ਉਹ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਤਾਂ ਕਿ ਕੋਰਟਾਂ ਵੱਖ ਵੱਖ ਕੇਸਾਂ ਵਿਚ ਵਕੀਲਾਂ ਦੀ ਗੈਰਮੌਜੂਦਗੀ (ਜੋ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਕਰਕੇ ਲਾਈਆਂ ਰੋਕਾਂ ਕਰਕੇ ਕੇਸ ਦੀ ਸੁਣਵਾਈ ਲਈ ਨਹੀਂ ਪਹੁੰਚ ਸਕੇ ਜਾਂ ਲੇਟ ਹੋ ਗਏ) ਕਰਕੇ ਕੋਈ ਉਲਟ ਹੁਕਮ ਪਾਸ ਨਾ ਕਰਨ। ਅਗਰਵਾਲ ਨੇ ਕਿਹਾ, ‘‘ਮੈਂ ਲਾਰਡਸ਼ਿਪ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਵਿਚ ਜਬਰੀ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਕਿਸਾਨਾਂ ਬਾਰੇ ਆਪੂ ਨੋਟਿਸ ਲੈਣ, ਜੋ ਆਮ ਲੋਕਾਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਨੀਆਂ ਚਾਹੁੰਦੇ ਹਨ।’’ ਪੱਤਰ ਵਿਚ ਕਿਹਾ ਗਿਆ, ‘‘ਲੰਘੀ ਰਾਤ ਦੀ ਗੱਲਬਾਤ ਵਿਚ ਭਾਰਤ ਸਰਕਾਰ ਵੱਲੋਂ ਕੀਤੀ ਪੇਸ਼ਕਸ਼ ਨਾ ਮੰਨ ਕੇ ਕਿਸਾਨ ਆਗੂਆਂ ਨੇ ਦਿੱਲੀ ਵੱਲ ਵਧਣ ਦਾ ਫੈਸਲਾ ਕੀਤਾ ਹੈ ਤੇ ਇਸ ਨਾਲ ਸਿਰਫ਼ ਦਿੱਲੀ, ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ, ਉੱਤਰਾਖੰਡ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਮੁਸ਼ਕਲਾਂ ਹੀ ਖੜੀਆਂ ਹੋਣਗੀਆਂ। ਜੇਕਰ ਉਹ ਅਜੇ ਵੀ ਮੁਜ਼ਾਹਰਿਆਂ ਲਈ ਬਜ਼ਿੱਦ ਹਨ ਤਾਂ ਆਪਣੇ ਰਾਜਾਂ ’ਚ ਅਜਿਹਾ ਕਰਨ।’’ -ਪੀਟੀਆਈ

ਸਰਹੱਦਾਂ ਸੀਲ ਕਰਨ ਦੇ ਮਾਮਲੇ ਵਿੱਚ ਪੰਜਾਬ, ਹਰਿਆਣਾ ਤੇ ਕੇਂਦਰ ਨੂੰ ਨੋਟਿਸ

ਚੰਡੀਗੜ੍ਹ(ਆਤਿਸ਼ ਗੁਪਤਾ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਸਾਨ ਜਥੇਬੰਦੀਆਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਸੀਲ ਕਰਨ ਸਬੰਧੀ ਦੋ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਾਰਜਕਾਰੀ ਚੀਫ਼ ਜਸਟਿਸ ਜੀ.ਐੱਸ. ਸੰਧਾਵਾਲੀਆ ਤੇ ਜਸਟਿਸ ਲਪਿਤਾ ਬੈਨਰਜੀ ਦੇ ਬੈਂਚ ਨੇ ਤਿੰਨਾਂ ਸਰਕਾਰਾਂ ਤੋਂ ਉਕਤ ਮਾਮਲੇ ਦੀ ਸਟੇਟਸ ਰਿਪੋਰਟ ਵੀ ਮੰਗ ਲਈ ਹੈ। ਮਾਮਲੇ ’ਤੇ ਅਗਲੀ ਸੁਣਵਾਈ 15 ਫਰਵਰੀ ਨੂੰ ਹੋਵੇਗੀ।
ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਜ਼ਾਦੀ ਨਾਲ ਘੁੰਮਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੋਕਾਂ ਦੀ ਰੱਖਿਆ ਕਰੇ ਤੇ ਉਨ੍ਹਾਂ ਨੂੰ ਕੋਈ ਅਸੁਵਿਧਾ ਨਾ ਹੋਣ ਦਿੱਤੀ ਜਾਵੇ। ਕੇਂਦਰ ਵੱਲੋਂ ਪੇਸ਼ ਭਾਰਤ ਦੇ ਸੌਲੀਸਿਟਰ ਜਨਰਲ ਸੱਤਿਆਪਾਲ ਜੈਨ ਨੇ ਕਿਹਾ ਕਿ ਕੇੇਂਦਰੀ ਮੰਤਰੀਆਂ ਵੱਲੋਂ ਪਹਿਲਾਂ 8 ਫਰਵਰੀ ਤੇ ਮਗਰੋਂ 12 ਫਰਵਰੀ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਤੇ ਇਸ ਮਸਲੇ ਨੂੰ ਸੰਵਾਦ ਰਾਹੀਂ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਜਦੋਂ ਕਿ ਹਰਿਆਣਾ ਸਰਕਾਰ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਸੂਬੇ ਵਿੱਚ ਅਮਨ ਤੇ ਕਾਨੂੰਨ ਵਿਗੜ ਸਕਦਾ ਹੈ। ਹਾਈ ਕੋਰਟ ਵਿਚ ਦੋ ਪਟੀਸ਼ਨਾਂ ਪਾਈਆਂ ਗਈਆਂ ਹਨ। ਇਕ ਵਿੱਚ ਪੰਚਕੂਲਾ ਦੇ ਵਸਨੀਕ ਉਦੈ ਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਵਕੀਲ ਅਰਵਿੰਦ ਸੇਠ ਵੱਲੋਂ ਦਾਇਰ ਦੂਜੀ ਪਟੀਸ਼ਨ ਵਿੱਚ ਕਿਸਾਨਾਂ ਨੂੰ ਸੜਕਾਂ ਜਾਂ ਰੇਲ ਆਵਾਜਾਈ ਠੱਪ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ।

ਕੇਂਦਰ ਨੇ ਕਿਸਾਨਾਂ ’ਤੇ ਹਮਲਾ ਕਰਵਾਇਆ: ਡੱਲੇਵਾਲ/ਪੰਧੇਰ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸਾਂਝੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕੇਂਦਰ ਨੇ ਸ਼ਾਂਤਮਈ ਕਿਸਾਨਾਂ ਦੇ ਅੰਦੋਲਨ ’ਤੇ ਹਮਲਾ ਕਰਵਾਇਆ ਹੈ ਜਿਸ ਦਾ ਮੁਕਾਬਲਾ ਕਿਸਾਨਾਂ ਨੇ ਬਹੁਤ ਹੀ ਸਬਰ ਤੇ ਸੰਜਮ ਨਾਲ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਕਾਲਾ ਦਿਨ ਹੈ। ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਜ਼ਰੀਏ ਮਸਲੇ ਦਾ ਹੱਲ ਚਾਹੁੰਦੇ ਸਨ ਪ੍ਰੰਤੂ ਕੇਂਦਰ ਨੇ ਉਨ੍ਹਾਂ ਨੂੰ ਅੰਦੋਲਨ ਲਈ ਮਜਬੂਰ ਕੀਤਾ ਹੈ। ਆਗੂਆਂ ਨੇ ਕਿਹਾ ਕਿ ਹਰਿਆਣਾ ਪੁਲੀਸ ਦੇ ਜਬਰ ਦੌਰਾਨ 60 ਕਿਸਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਰਬੜ ਦੀਆਂ ਗੋਲੀਆਂ ਦੀ ਵਰਤੋਂ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਕੇਂਦਰ ਹੁਣ ਕਸ਼ਮੀਰ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਗੱਲਬਾਤ ਤੋਂ ਕਿਸੇ ਵੀ ਤਰ੍ਹਾਂ ਭੱਜੇ ਨਹੀਂ ਹਨ।

ਐੱਮਐੱਸਪੀ ਕਾਨੂੰਨ ਜਲਦਬਾਜ਼ੀ ’ਚ ਨਹੀਂ ਲਿਆ ਸਕਦੇ: ਅਰਜੁਨ ਮੁੰਡਾ

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਅੱਜ ਕਿਹਾ ਕਿ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਦਿੰਦਾ ਕਾਨੂੰਨ ਰਾਜ ਸਰਕਾਰਾਂ ਸਣੇ ਸਾਰੇ ਸਬੰਧਤ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕੀਤੇ ਬਗੈਰ ਕਾਹਲੀ ਵਿਚ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ‘ਦਿੱਲੀ ਚਲੋ’ ਮਾਰਚ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਤੇ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਮੁੰਡਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਚੌਕਸ ਕੀਤਾ ਕਿ ਉਹ ਅਜਿਹੇ ਅਨਸਰਾਂ ਤੋਂ ‘ਚੌਕਸ ਤੇ ਸਾਵਧਾਨ’ ਰਹਿਣ, ਜੋ ਸਿਆਸੀ ਮੁਫਾਦਾਂ ਲਈ ਉਨ੍ਹਾਂ ਦੇ ਰੋਸ ਮੁਜ਼ਾਹਰੇ ਨੂੰ ਬਦਨਾਮ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਮੁੰਡਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ ਸਣੇ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਚੰਡੀਗੜ੍ਹ ਵਿੱਚ ਸੋਮਵਾਰ ਨੂੰ ਦੂਜੇ ਗੇੜ ਦੀ ਗੱਲਬਾਤ ਕਰਨ ਵਾਲੇ ਮੰਤਰੀਆਂ ਦੇ ਵਫ਼ਦ ਵਿਚ ਸ਼ਾਮਲ ਸਨ। ਸੋਮਵਾਰ ਦੇਰ ਰਾਤ ਤੱਕ ਚੱਲੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਕਿਸਾਨਾਂ ਨੇ ਪਹਿਲਾਂ ਐਲਾਨੇ ਪ੍ਰੋਗਰਾਮ ਮੁਤਾਬਕ ਅੱਜ ਸਵੇੇਰੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ।ਮੁੰਡਾ ਨੇ ਕਿਹਾ, ‘‘ਦੂਜੇ ਗੇੜ ਦੀ ਗੱਲਬਾਤ ਦੌਰਾਨ ਅਸੀਂ ਕਈ ਮੰਗਾਂ ਬਾਰੇ ਸਹਿਮਤੀ ਦੇ ਦਿੱਤੀ ਸੀ। ਪਰ ਕੁਝ ਮੁੱਦਿਆਂ ’ਤੇ ਸਮਝੌਤਾ ਨਹੀਂ ਹੋ ਸਕਿਆ। ਗੱਲਬਾਤ ਅਜੇ ਵੀ ਜਾਰੀ ਹੈ।’’ -ਪੀਟੀਆਈ

Advertisement
Author Image

sukhwinder singh

View all posts

Advertisement