Delhi Elections Results: ਵਿਕਾਸ ਤੇ ਸੁਸ਼ਾਸਨ ਦੀ ਜਿੱਤ ਹੋਈ: ਮੋਦੀ
ਅਸੀਂ ਦਿੱਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ: ਪ੍ਰਧਾਨ ਮੰਤਰੀ ਨੇ ਦਿੱਤਾ ਭਰੋਸਾ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਦਿੱਲੀ ਵਿਧਾਨ ਸਭਾ ਚੋਣਾਂ ਨਤੀਜਿਆਂ ਅਤੇ ਇਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਜ਼ੋਰਦਾਰ ਜਿੱਤ ਉਤੇ ਟਿੱਪਣੀ ਕਰਦਿਆਂ ਇਸ ਨੂੰ ‘ਵਿਕਾਸ ਤੇ ਸੁਸ਼ਾਸਨ ਦੀ ਜਿੱਤ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ।’’
ਆਪਣੀ ਟਵੀਟ ਵਿਚ ਮੋਦੀ ਨੇ ਕਿਹਾ, ‘‘ਜਨ ਸ਼ਕਤੀ ਸਭ ਤੋਂ ਉੱਪਰ ਹੈ!... ਵਿਕਾਸ ਦੀ ਜਿੱਤ ਹੋਈ ਹੈ, ਸੁਸ਼ਾਸਨ ਨੇ ਫ਼ਤਹਿ ਦਰਜ ਕੀਤੀ ਹੈ। ਮੈਂ ਭਾਜਪਾ @BJP4India ਨੂੰ ਦਿੱਤੇ ਇਸ ਸ਼ਾਨਦਾਰ ਅਤੇ ਇਤਿਹਾਸਕ ਫਤਵੇ ਲਈ ਦਿੱਲੀ ਦੀਆਂ ਆਪਣੀਆਂ ਪਿਆਰੀਆਂ ਭੈਣਾਂ ਅਤੇ ਭਰਾਵਾਂ ਨੂੰ ਨਮਨ ਕਰਦਾ ਹਾਂ। ਅਸੀਂ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਕੇ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ।’’
ਉਨ੍ਹਾਂ ਕਿਹਾ, ‘‘ਸਾਡੀ ਗਰੰਟੀ ਹੈ ਕਿ ਅਸੀਂ ਦਿੱਲੀ ਦਾ ਵਿਕਾਸ ਕਰਨ, ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਦਿੱਲੀ ਦੀ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪ੍ਰਮੁੱਖ ਭੂਮਿਕਾ ਹੋਵੇ, ਕੋਈ ਕਸਰ ਬਾਕੀ ਨਹੀਂ ਛੱਡਾਂਗੇ।’’