ਦਿੱਲੀ ਅਦਾਲਤ ਵੱਲੋਂ ਗੰਭੀਰ ਖ਼ਿਲਾਫ਼ ਨਵੀਂ ਜਾਂਚ ਸ਼ੁਰੂ ਕਰਨ ਦੇ ਹੁਕਮ
ਨਵੀਂ ਦਿੱਲੀ:
ਦਿੱਲੀ ਦੀ ਅਦਾਲਤ ਨੇ ਫਲੈਟ ਖਰੀਦਦਾਰਾਂ ਨਾਲ ਧੋਖਾਧੜੀ ਦੇ ਮਾਮਲੇ ’ਚ ਸਾਬਕਾ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁੱਖ ਕੋਚ ਗੌਤਮ ਗੰਭੀਰ ਅਤੇ ਹੋਰਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਨਵੀਂ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਰੱਦ ਕੀਤਾ ਹੈ। ਜੱਜ ਗੋਗਨੇ ਨੇ 29 ਅਕਤੂਬਰ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਲੱਗੇ ਦੋਸ਼ਾਂ ਤਹਿਤ ਗੌਤਮ ਗੰਭੀਰ ਦੀ ਭੂਮਿਕਾ ਦੀ ਹੋਰ ਜਾਂਚ ਹੋਣੀ ਚਾਹੀਦੀ ਹੈ। ਰੀਅਲ ਅਸਟੇਟ ਫਰਮਾਂ ਰੁਦਰ ਬਿਲਡਵੈੱਲ ਰੀਐਲਿਟੀ ਪ੍ਰਾਈਵੇਟ ਲਿਮਟਿਡ, ਐੱਚਆਰ ਇਨਫਰਾਸਿਟੀ ਪ੍ਰਾਈਵੇਟ ਲਿਮਟਿਡ, ਯੂਐੱਮ ਆਰਕੀਟੈਕਚਰ ਐਂਡ ਕੰਟਰੈਕਟਰਜ਼ ਲਿਮਟਿਡ ਅਤੇ ਗੰਭੀਰ ਖ਼ਿਲਾਫ਼ ਕਥਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਗੰਭੀਰ ਇਨ੍ਹਾਂ ਕੰਪਨੀਆਂ ਦੇ ਸਾਂਝੇ ਪ੍ਰਾਜੈਕਟ ਦਾ ਡਾਇਰੈਕਟਰ ਅਤੇ ਬ੍ਰਾਂਡ ਅੰਬੈਸਡਰ ਸੀ। ਜੱਜ ਨੇ ਕਿਹਾ ਕਿ ਗੰਭੀਰ ਦਾ ਬ੍ਰਾਂਡ ਅੰਬੈਸਡਰ ਵਜੋਂ ਨਿਵੇਸ਼ਕਾਂ ਨਾਲ ਸਿੱਧਾ ਸੰਪਰਕ ਸੀ ਪਰ ਉਸ ਨੂੰ ਬਰੀ ਕਰ ਦਿੱਤਾ ਗਿਆ। -ਪੀਟੀਆਈ