ਨਵੀਂ ਦਿੱਲੀ, 17 ਨਵੰਬਰਦਿੱਲੀ ਦੀ ਇਕ ਅਦਾਲਤ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਹੱਤਿਆ ਦੀ ਕੋਸ਼ਿਸ਼ ਦੇ ਮੁਲਜ਼ਮ ਵਿਕਾਸ ਯਾਦਵ ਨੂੰ ਉਸ ਖ਼ਿਲਾਫ਼ ਦਰਜ ਅਗਵਾ ਤੇ ਜਬਰੀ ਵਸੂਲੀ ਦੇ ਮਾਮਲੇ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ।ਅਦਾਲਤ ਨੇ ਯਾਦਵ ਦੇ ਖ਼ੁਦ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ। ਵਿਸ਼ੇਸ਼ ਜੱਜ ਸੁਮਿਤ ਦਾਸ ਨੇ ਯਾਦਵ ਨੂੰ ਉਸ ਦੇ ਵਕੀਲ ਵੱਲੋਂ ਦਾਇਰ ਅਰਜ਼ੀ ’ਤੇ 16 ਨਵੰਬਰ ਲਈ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ। ਅਰਜ਼ੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯਾਦਵ ਦੇ ਨਿੱਜੀ ਵੇਰਵੇ ਜਨਤਕ ਕਰ ਦਿੱਤੇ ਗਏ ਹਨ ਜਿਸ ਕਰ ਕੇ ਉਸ ਦੀ ਜਾਨ ਨੂੰ ਖ਼ਤਰਾ ਹੈ।ਜੱਜ ਨੇ ਯਾਦਵ ਨੂੰ ਸੁਣਵਾਈ ਦੀ ਅਗਲੀ ਤਰੀਕ ’ਤੇ 3 ਫਰਵਰੀ ਨੂੰ ਅਦਾਲਤ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸ਼ਹਿਰ ਦੇ ਇਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਯਾਦਵ ਨੂੰ ਪਿਛਲੇ ਸਾਲ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕਾਰੋਬਾਰੀ ਨੇ ਯਾਦਵ ’ਤੇ ਜਬਰੀ ਵਸੂਲੀ ਅਤੇ ਅਗਵਾ ਦਾ ਦੋਸ਼ ਲਾਇਆ ਸੀ। -ਪੀਟੀਆਈ