For the best experience, open
https://m.punjabitribuneonline.com
on your mobile browser.
Advertisement

ਦਿੱਲੀ ਕਾਂਗਰਸ ਦੇ ਪ੍ਰਧਾਨ ਲਵਲੀ ਵੱਲੋਂ ਅਸਤੀਫ਼ਾ

07:08 AM Apr 29, 2024 IST
ਦਿੱਲੀ ਕਾਂਗਰਸ ਦੇ ਪ੍ਰਧਾਨ ਲਵਲੀ ਵੱਲੋਂ ਅਸਤੀਫ਼ਾ
ਨਵੀਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਸੀਨੀਅਰ ਆਗੂ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਲਵਲੀ ਨੇ ‘ਇੰਡੀਆ’ ਗੱਠਜੋੜ ਦੀ ਭਾਈਵਾਲ ਆਮ ਆਦਮੀ ਪਾਰਟੀ (ਆਪ) ਨਾਲ ਕਾਂਗਰਸ ਦੇ ਗੱਠਜੋੜ ਨੂੰ ਅਸਤੀਫੇ ਦਾ ਮੁੱਖ ਕਾਰਨ ਦੱਸਿਆ ਹੈ। ਦੱਸ ਦੇਈਏ ਕਿ ਕਾਂਗਰਸ ਨੇ ਰਾਜਧਾਨੀ ਦੀਆਂ ਤਿੰਨ ਸੀਟਾਂ ਲਈ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਕਾਂਗਰਸ ਨੂੰ ਰਾਜਧਾਨੀ ਵਿੱਚ ਇਹ ਦੂਜਾ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਰਾਜਕੁਮਾਰ ਚੌਹਾਨ ਨੇ ਬੁੱਧਵਾਰ ਨੂੰ ਅਸਤੀਫਾ ਦਿੱਤਾ ਸੀ। ਸ੍ਰੀ ਲਵਲੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਅਸਤੀਫ਼ਾ ਪੱਤਰ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਿਯੁਕਤੀ ਅਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਨਾਰਾਜ਼ਗੀ ਦਾ ਆਧਾਰ ਬਣਾਇਆ ਹੈ।
ਪੱਤਰ ਵਿੱਚ ਲਵਲੀ ਨੇ ਕਿਹਾ, ‘‘ਕਾਂਗਰਸ ਦੀ ਦਿੱਲੀ ਇਕਾਈ ‘ਆਪ’ ਨਾਲ ਗੱਠਜੋੜ ਦੇ ਵਿਰੁੱਧ ਸੀ, ਜੋ ਹਮੇਸ਼ਾ ਕਾਂਗਰਸ ਪਾਰਟੀ ਦੇ ਖ਼ਿਲਾਫ਼ ਝੂਠੇ, ਮਨਘੜਤ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੀ ਆਈ ਹੈ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ਵਿੱਚ ‘’ਆਪ’ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ ਹੈ।’’ ਲਵਲੀ ਨੂੰ 2023 ਵਿੱਚ ਦਿੱਲੀ ਕਾਂਗਰਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਖੜਗੇ ਨੂੰ ਲਿਖੇ ਆਪਣੇ ਪੱਤਰ ਵਿੱਚ ਲਵਲੀ ਨੇ ਕਿਹਾ ਕਿ ਦਿੱਲੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੁਆਰਾ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਨੂੰ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਦਿੱਲੀ ਇੰਚਾਰਜ) ਦੁਆਰਾ ਇੱਕਤਰਫਾ ਤੌਰ ’ਤੇ ਵੀਟੋ ਕਰ ਦਿੱਤਾ ਗਿਆ।
ਉਨ੍ਹਾਂ ਪੱਤਰ ਵਿੱਚ ਕਿਹਾ, ‘‘ਡੀਪੀਸੀਸੀ ਦੇ ਪ੍ਰਧਾਨ ਵਜੋਂ ਮੇਰੀ ਨਿਯੁਕਤੀ ਤੋਂ ਬਾਅਦ ਏਆਈਸੀਸੀ ਜਨਰਲ ਸਕੱਤਰ (ਦਿੱਲੀ ਇੰਚਾਰਜ) ਨੇ ਮੈਨੂੰ ਡੀਪੀਸੀਸੀ ਵਿੱਚ ਕੋਈ ਸੀਨੀਅਰ ਨਿਯੁਕਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਡੀਪੀਸੀਸੀ ਦੇ ਮੀਡੀਆ ਮੁਖੀ ਵਜੋਂ ਇੱਕ ਅਨੁਭਵੀ ਨੇਤਾ ਦੀ ਨਿਯੁਕਤੀ ਦੀ ਮੇਰੀ ਬੇਨਤੀ ਨੂੰ ਖਾਰਜ ਕਰ ਦਿੱਤਾ ਗਿਆ। ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਦਿੱਲੀ ਇੰਚਾਰਜ) ਨੇ ਡੀਪੀਸੀਸੀ ਨੂੰ ਸ਼ਹਿਰ ਦੇ ਸਾਰੇ ਬਲਾਕ ਪ੍ਰਧਾਨ ਨਿਯੁਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਨਤੀਜੇ ਵਜੋਂ ਦਿੱਲੀ ਦੇ 150 ਤੋਂ ਵੱਧ ਬਲਾਕਾਂ ਵਿੱਚ ਇਸ ਸਮੇਂ ਬਲਾਕ ਪ੍ਰਧਾਨ ਨਹੀਂ ਹਨ।’’

Advertisement

ਭਾਜਪਾ ’ਚ ਸ਼ਾਮਲ ਨਹੀਂ ਹੋਵਾਂਗਾ: ਲਵਲੀ

ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਿਹਾ। ‘ਆਪ’ ਦੇ ਸੌਰਭ ਭਾਰਦਵਾਜ ਵੱਲੋਂ ਲਵਲੀ ’ਤੇ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਲਾਏ ਗਏ ਦੋਸ਼ਾਂ ’ਤੇ ਲਵਲੀ ਨੇ ਕਿਹਾ ਕਿ ਜੇਕਰ ‘ਆਪ’ ਆਗੂ ਨੂੰ ਇੰਨਾ ਹੀ ਪਤਾ ਹੈ ਤਾਂ ਉਹ ਦੂਜੀਆਂ ਪਾਰਟੀਆਂ ਬਾਰੇ ਹੀ ਫੈਸਲਾ ਕਰਨ। ਸ੍ਰੀ ਲਵਲੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਜਾਂ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਰੀਬ 35-36 ਸਾਬਕਾ ਕਾਂਗਰਸੀ ਵਿਧਾਇਕ ਉਨ੍ਹਾਂ ਨੂੰ ਮਿਲਣ ਪੁੱਜੇ ਸਨ ਅਤੇ ਉਨ੍ਹਾਂ ਨਾਲ ਆਪਣੇ ਫੈਸਲੇ ਬਾਰੇ ਗੱਲ ਕੀਤੀ। ਸ੍ਰੀ ਲਵਲੀ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਬਹੁਤ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਸਨੇ ਇਹ ਵੀ ਸੰਕੇਤ ਦਿੱਤਾ ਕਿ ਪਾਰਟੀ ਵਿੱਚ ਹਾਲ ਹੀ ਦੇ ਘਟਨਾਕ੍ਰਮ ਤੋਂ ਬਹੁਤ ਸਾਰੇ ਕਾਂਗਰਸੀ ਵਰਕਰ ਨਿਰਾਸ਼ ਹਨ। ਹਾਲਾਂਕਿ ਉਸਨੇ ਕਿਸੇ ਦਾ ਨਾਮ ਲੈਣ ਜਾਂ ਖਾਸ ਤੌਰ ’ਤੇ ਕਿਸੇ ’ਤੇ ਸਿੱਧੀ ਟਿਪਣੀ ਨਹੀਂ ਕੀਤੀ।

Advertisement
Author Image

Advertisement
Advertisement
×