For the best experience, open
https://m.punjabitribuneonline.com
on your mobile browser.
Advertisement

ਸਵਾਤੀ ਮਾਲੀਵਾਲ ਦੇ ਦੋਸ਼ਾਂ ਨੂੰ ਲੈ ਕੇ ਐੱਮਸੀਡੀ ਸਦਨ ’ਚ ਹੰਗਾਮਾ

08:09 AM May 15, 2024 IST
ਸਵਾਤੀ ਮਾਲੀਵਾਲ ਦੇ ਦੋਸ਼ਾਂ ਨੂੰ ਲੈ ਕੇ ਐੱਮਸੀਡੀ ਸਦਨ ’ਚ ਹੰਗਾਮਾ
ਨਵੀਂ ਦਿੱਲੀ ਦੇ ਐੱਮਸੀਡੀ ਹਾਊਸ ਵਿੱਚ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਕੌਂਸਲਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 14 ਮਈ
ਦਿੱਲੀ ਨਗਰ ਨਿਗਮ (ਐੱਮਸੀਡੀ) ਸਦਨ ਵਿੱਚ ਅੱਜ ਹੰਗਾਮੇ ਕਾਰਨ ਨਿਗਮ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵਰਦੀ ਖਰੀਦਣ ਲਈ 1100 ਰੁਪਏ ਦੀ ਰਕਮ ਦੀ ਵੰਡ ਲਈ ਪ੍ਰਸ਼ਾਸਨਿਕ ਮਨਜ਼ੂਰੀ ਅਤੇ ਇੱਕ ਡਾਕਟਰੀ ਕਾਲਜ ਦੇ ਨਿਰਮਾਣ ਸਣੇ ਹੋਰ ਮਤੇ ਪਾਸ ਨਹੀਂ ਹੋ ਸਕੇ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਸਦਨ ਵਿੱਚ ਹੰਗਾਮੇ ਦੀ ਸਥਿਤੀ ਰਹੀ।
ਮਾਲੀਵਾਲ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਇੱਕ ਕਰਮਚਾਰੀ ਨੇ ਉਨ੍ਹਾਂ ਨਾਲ ‘ਕੁੱਟਮਾਰ’ ਕੀਤੀ। ਪੁਲੀਸ ਨੇ ਦੱਸਿਆ ਕਿ ਉਹ (ਮਾਲੀਵਾਲ) ਸਿਵਲ ਲਾਈਨਜ਼ ਥਾਣੇ ਗਈ ਸੀ ਪਰ ਉਨ੍ਹਾਂ ਐੱਫਆਈਆਰ ਦਰਜ ਨਹੀਂ ਕਰਵਾਈ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਜਿਉਂ ਹੀ ਸਦਨ ਵਿੱਚ ਦਾਖ਼ਲ ਹੋਈ ਤਾਂ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਮੰਚ ਦੇ ਨੇੜੇ ਆ ਗਏ ਅਤੇ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਅਤੇ ਘਟਨਾ ਨੂੰ ਲੈ ਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨ ਲੱਗੇ।
ਨਗਰ ਨਿਗਮ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਵਰਦੀ ਦੀ ਖਰੀਦਣ ਲਈ 1100 ਰੁਪਏ, ਬਸਤੇ ਲਈ 120 ਰੁਪਏ ਅਤੇ ਕਾਪੀਆਂ ਤੇ ਸਟੇਸ਼ਨਰੀ ਖਰੀਦਣ ਲਈ 300 ਰੁਪਏ ਦੇਣ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਦੇਣ ਦੇ ਮਤੇ ਨੂੰ ਸਦਨ ਵਿੱਚ ਰੱਖਿਆ ਜਾਣਾ ਸੀ। ਇਸ ਤੋਂ ਇਲਾਵਾ ਰਾਜਨ ਬਾਬੂ ਇੰਸਟੀਚਿਊਟ ਆਫ ਪਲਮੋਨਰੀ ਮੈਡੀਸਨ ਐਂਡ ਟਿਊਬਰਕੁਲੋਸਿਸ ਹੌਸਪਿਟਲ ਕੰਪਲੈਕਸ ਵਿੱਚ ਮੈਡੀਕਲ ਕਾਲਜ ਦੀ ਇਮਾਰਤ ਦੇ ਨਿਰਮਾਣ ਦੇ ਮਤੇ ਨੂੰ ਵੀ ਸਦਨ ਵਿੱਚ ਰੱਖਿਆ ਜਾਣਾ ਸੀ। ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕੀਤੇ ਜਾਣ ਕਾਰਨ ਕੋਈ ਵੀ ਮਤਾ ਪਾਸ ਨਹੀਂ ਹੋ ਸਕਿਆ।
ਵਿਰੋਧੀ ਕੌਂਸਲਰਾਂ ਨੇ ਇਸ ਮੁੱਦੇ ਨੂੰ ਲੈ ਕੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਈ ਕੋਰਟ ਨੇ ਐੱਮਸੀਡੀ ਨੂੰ ਲੋਕ ਭਲਾਈ ਯੋਜਨਾ ਫੰਡ ਨੂੰ ਤੁਰੰਤ ਵਿਦਿਆਰਥੀਆਂ ਨੂੰ ਤਬਦੀਲ ਕਰਨ ਦਾ ਨਿਰਦੇਸ਼ ਦਿੱਤਾ ਸੀ। ‘ਮੁੱਖ ਮੰਤਰੀ ਆਵਾਸ ਵਿੱਚ ਮਹਿਲਾਵਾਂ ਦੀ ਸੁਰੱਖਿਆ’ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਸਾਰੀਆਂ ਧਿਰਾਂ ਦੇ ਕੌਂਸਲਰਾਂ ਨੇ ਸਦਨ ਵਿੱਚ ਇੱਕ ਨਿਖੇਧੀ ਮਤਾ ਵੀ ਪੇਸ਼ ਕੀਤਾ।
ਕੌਂਸਲਰਾਂ ਨੇ ਕਥਿਤ ਘਟਨਾ ਲਈ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਮਾਲੀਵਾਲ ਲਈ ਨਿਆਂ ਦੀ ਮੰਗ ਕੀਤੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਕੌਂਸਲਰਾਂ ਨੇ ‘ਕੇਜਰੀਵਾਲ ਹਾਏ ਹਾਏ’, ‘ਸਵਾਤੀ ਮਾਲੀਵਾਲ ਨੂੰ ਇਨਸਾਫ਼ ਦਿਓ’ ਅਤੇ ‘ਕੇਜਰੀਵਾਲ ਅਸਤੀਫ਼ਾ ਦਿਓ’ ਵਰਗੇ ਨਾਅਰੇ ਲਗਾਏ।
ਵਿਰੋਧੀ ਕੌਂਸਲਰ ਮੇਅਰ ਦੇ ਮੰਚ ਨੇੜੇ ਪੋਸਟਰ ਲੈ ਕੇ ਖੜ੍ਹੇ ਸੀ, ਜਿਨ੍ਹਾਂ ’ਤੇ ‘ਦਲਿਤ ਮੇਅਰ ਨੂੰ ਕੁਰਸੀ ’ਤੇ ਬਿਠਾਓ, ਦਲਿਤ ਵਿਰੋਧੀ ਕੇਜਰੀਵਾਲ ਅਸਤੀਫ਼ਾ ਦਿਓ’ ਨਾਅਰੇ ਲਿਖੇ ਹੋਏ ਸੀ। ਹੰਗਾਮੇ ਕਾਰਨ ਮੇਅਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×