ਦਿੱਲੀ: ਭਾਜਪਾ ਨੇ ਸਾਰੀਆਂ ਸੱਤ ਸੀਟਾਂ ਜਿੱਤੀਆਂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਭਾਜਪਾ ਨੇ ਤੀਜੀ ਵਾਰ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਦੇ ਸਾਰੇ ਸੱਤ ਲੋਕ ਸਭਾ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਐਤਕੀਂ ਭਾਜਪਾ ਉਮੀਦਵਾਰਾਂ ਨੂੰ ਸਾਲ 2019 ਦੇ ਮੁਕਾਬਲੇ ਘੱਟ ਵੋਟਾਂ ਮਿਲੀਆਂ ਹਨ। ਜਾਣਕਾਰੀ ਮੁਤਾਬਕ ਪਾਰਟੀ ਨੇ ਉੱਤਰ ਪੂਰਬ, ਉੱਤਰ ਪੱਛਮੀ ਅਤੇ ਪੱਛਮੀ ਦਿੱਲੀ ਹਲਕਿਆਂ ਵਿੱਚ 1,00,000 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਦਾ ਵੋਟ ਸ਼ੇਅਰ 54.10 ਫ਼ੀਸਦੀ, ਆਮ ਆਦਮੀ ਪਾਰਟੀ (‘ਆਪ’) ਦਾ 26.05 ਫ਼ੀਸਦੀ ਅਤੇ ਕਾਂਗਰਸ ਦਾ 17.30 ਫ਼ੀਸਦੀ ਹੈ।
ਇਹ ਪਹਿਲੀ ਵਾਰ ਹੈ ਜਦੋਂ ‘ਆਪ’ ਅਤੇ ਕਾਂਗਰਸ ਵਿਰੋਧੀ ਧਿਰ ਦੇ ਇੰਡੀਆ ਬਲਾਕ ਦੇ ਬੈਨਰ ਹੇਠ ਸਾਂਝੇ ਤੌਰ ’ਤੇ ਲੜ ਰਹੀਆਂ ਸਨ, ਪਰ ਇਸ ਦੇ ਬਾਵਜੂਦ ਇਸ ਗੱਠਜੋੜ ਨੂੰ ਕੌਮੀ ਰਾਜਧਾਨੀ ਵਿੱਚ ਕਰਾਰੀ ਹਾਰ ਮਿਲੀ। ਚਾਂਦਨੀ ਚੌਕ ਸੀਟ ’ਤੇ ਕਾਂਗਰਸ ਦੇ ਦਿੱਗਜ ਨੇਤਾ ਜੈ ਪ੍ਰਕਾਸ਼, ਸ਼ੁਰੂਆਤੀ ਰੁਝਾਨਾਂ ’ਚ ਅੱਗੇ ਰਹਿਣ ਤੋਂ ਬਾਅਦ ਭਾਜਪਾ ਦੇ ਪ੍ਰਵੀਨ ਖੰਡੇਲਵਾਲ ਤੋਂ ਕਰੀਬ 50,000 ਵੋਟਾਂ ਦੇ ਫ਼ਰਕ ਨਾਲ ਪਿੱਛੇ ਰਹੇ। ਪੂਰਬੀ ਦਿੱਲੀ ਵਿੱਚ ਭਾਜਪਾ ਦੇ ਹਰਸ਼ ਮਲਹੋਤਰਾ ਨੇ ‘ਆਪ’ ਦੇ ਕੁਲਦੀਪ ਕੁਮਾਰ ਤੋਂ 40,000 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਨਵੀਂ ਦਿੱਲੀ ਵਿੱਚ ਭਾਜਪਾ ਦੀ ਬਾਂਸੁਰੀ ਸਵਰਾਜ ਨੇ 75,000 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਅਤੇ ਦੱਖਣੀ ਦਿੱਲੀ ਵਿੱਚ ਰਾਮਵੀਰ ਸਿੰਘ ਬਿਧੂੜੀ ਨੇ 1,55,000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ।
ਮਨੋਜ ਤਿਵਾੜੀ ਨੇ ਕਨ੍ਹੱਈਆ ਕੁਮਾਰ ਨੂੰ ਹਰਾਇਆ
ਉੱਤਰੀ-ਪੂਰਬੀ ਦਿੱਲੀ ’ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਜਿੱਥੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਾਂਗਰਸ ਦੇ ਕਨ੍ਹੱਈਆ ਕੁਮਾਰ ਨੂੰ ਸ਼ਿਕਸਤ ਦਿੱਤੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮਨੋਜ ਤਿਵਾੜੀ ਨੂੰ ਕਨ੍ਹੱਈਆ ਕੁਮਾਰ ਤੋਂ 1,21,276 ਵੋਟਾਂ ਦੀ ਲੀਡ ਮਿਲੀ। ਪੱਛਮੀ ਦਿੱਲੀ ’ਚ ਭਾਜਪਾ ਦੇ ਕਮਲਜੀਤ ਸਹਿਰਾਵਤ ‘ਆਪ’ ਦੇ ਮਹਿਲਬਲ ਮਿਸ਼ਰਾ ਦੇ ਮੁਕਾਬਲੇ 1,04,800 ਤੋਂ ਵੋਟਾਂ ਦੇ ਫ਼ਰਕ ਨਾਲ ਅੱਗੇ ਰਹੇ। ਉੱਤਰੀ ਪੱਛਮੀ ਦਿੱਲੀ ਵਿੱਚ, ਭਾਜਪਾ ਦੇ ਯੋਗੇਂਦਰ ਚੰਦੋਲੀਆ 2 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।